ਨੈਨੀਤਾਲ-ਉਧਮ ਸਿੰਘ ਨਗਰ ਦੇ ਜਸਪੁਰ ਦੀ ਰਹਿਣ ਵਾਲੀ ਗੁਲਨਾਜ਼ ਖਾਨ ’ਤੇ ਤੇਜ਼ਾਬੀ ਹਮਲਾ ਹੋਇਆ ਸੀ। ਇਸ ਸੰਬੰਧੀ ਉਤਰਾਖੰਡ ਹਾਈ ਕੋਰਟ ਨੇ ਤੇਜ਼ਾਬ ਹਮਲੇ ਦੇ ਮਾਮਲੇ ’ਚ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਪੀੜਤਾ ਨੂੰ 35 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਉਸ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਲਈ ਕਿਹਾ ਗਿਆ ਹੈ। ਭਾਵੇਂ ਹੀ ਇਲਾਜ ਉਤਰਾਖੰਡ ਦੇ ਬਾਹਰ ਦਿੱਲੀ ਜਾਂ ਚੰਡੀਗੜ੍ਹ ’ਚ ਹੋਵੇ।
ਇਕ ਪਾਸੜ ਪਿਆਰ ’ਚ ਨੌਜਵਾਨ ਨੇ ਗੁਲਨਾਜ਼ ਖਾਨ ਕੀਤਾ ਸੀ ਤੇਜ਼ਾਬੀ ਹਮਲਾ
ਇਸ ਮਾਮਲੇ ਦੀ ਸੁਣਵਾਈ ਸੀਨੀਅਰ ਜਸਟਿਸ ਸੰਜੇ ਕੁਮਾਰ ਮਿਸ਼ਰਾ ਦੀ ਸਿੰਗਲ ਬੈਂਚ ’ਚ ਹੋਈ। ਦੱਸ ਦੇਈਏ ਕਿ ਉਧਮ ਸਿੰਘ ਨਗਰ ਦੇ ਜਸਪੁਰ ਦੀ ਰਹਿਣ ਵਾਲੀ ਗੁਲਨਾਜ਼ ਖਾਨ ਨੇ ਅਦਾਲਤ ’ਚ ਪਟੀਸ਼ਨ ਦਾਇਰ ਕਰ ਕੇ ਕਿਹਾ ਕਿ 2014 ’ਚ ਇਕ ਪਾਸੜ ਪਿਆਰ ’ਚ ਨੌਜਵਾਨ ਨੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ ਸੀ, ਉਸ ਸਮੇਂ ਉਹ ਨਾਬਾਲਗ ਸੀ। ਇਸ ਤੇਜ਼ਾਬੀ ਹਮਲੇ ’ਚ ਉਹ 60 ਫ਼ੀਸਦੀ ਤੋਂ ਵਧੇਰੇ ਝੁਲਸ ਗਈ ਸੀ। ਘਟਨਾ ਵਿਚ ਉਸ ਦਾ ਸੱਜਾ ਕੰਨ ਪੂਰੀ ਤਰ੍ਹਾਂ ਖਰਾਬ ਹੋ ਗਿਆ ਅਤੇ ਦੂਜੇ ਕੰਨ ਦੀ 50 ਫ਼ੀਸਦੀ ਸੁਣਨ ਸਮਰੱਥਾ ਵੀ ਚਲੀ ਗਈ ਸੀ। ਸਰੀਰ ਦੇ ਕਈ ਅੰਗਾਂ ’ਚ ਗੰਭੀਰ ਜਲਣ ਅਤੇ ਸੱਟਾਂ ਆਈਆਂ ਸਨ। ਇਹ ਥਰਡ ਡਿਗਰੀ ਬਰਨ ਸੀ।
ਦੋਸ਼ੀ ਨੂੰ ਹੋਈ 10 ਸਾਲ ਦੀ ਕੈਦ
ਇਸ ਮਾਮਲੇ ਵਿਚ 2016 ’ਚ ਹੇਠਲੀ ਅਦਾਲਤ ਨੇ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਸਾਲ 2019 ’ਚ ਹਾਈ ਕੋਰਟ ਨੇ ਪੀੜਤ ਨੂੰ 1.5 ਲੱਖ ਰੁਪਏ ਦੀ ਮੈਡੀਕਲ ਅਦਾਇਗੀ ਦਾ ਆਦੇਸ਼ ਦਿੱਤਾ ਸੀ। ਪੀੜਤ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਸਰਕਾਰ ਤੋਂ ਇਸ ਘਿਨਾਉਣੇ ਅਪਰਾਧ ਦੀ ਭਰਪਾਈ ਅਤੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ।
ਪੀੜਤਾ ਨੇ ਕੀਤੀ ਸੀ ਮੁਆਵਜ਼ਾ ਰਾਸ਼ੀ ਵਧਾਉਣ ਦੀ ਮੰਗ
ਪਟੀਸ਼ਨਕਰਤਾ ਦੀ ਵਕੀਲ ਸਨਿਧਾ ਤਿਵਾੜੀ ਨੇ ਦੱਸਿਆ ਕਿ ਅਦਾਲਤ ਨੇ ਅੰਤਿਮ ਸੁਣਵਾਈ ਤੋਂ ਬਾਅਦ ਸੂਬਾ ਸਰਕਾਰ ਨੂੰ ਪੀੜਤਾ ਨੂੰ 35 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਨਾਲ ਹੀ ਇਲਾਜ ਦਾ ਪੂਰਾ ਖਰਚਾ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਤੇਜ਼ਾਬ ਹਮਲੇ ਦੀ ਪੀੜਤਾ ਗੁਲਨਾਜ਼ ਵਲੋਂ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਮੁਆਵਜ਼ੇ ਦੀ ਰਾਸ਼ੀ ਵਧਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਪੀੜਤਾ ਜਿਸ ਸੂਬੇ ਅਤੇ ਮੈਡੀਕਲ ਸੰਸਥਾ ’ਚ ਇਲਾਜ ਕਰਵਾਏਗੀ, ਉਸ ਦਾ ਅਤੇ ਇਕ ਸਹਾਇਕ ਦਾ ਪੂਰਾ ਖਰਚਾ ਸਰਕਾਰ ਚੁੱਕੇਗੀ।
Comment here