ਸਾਹਿਤਕ ਸੱਥਚਲੰਤ ਮਾਮਲੇਮਨੋਰੰਜਨ

ਤੂੰਬੀ ਦਾ ਜਨਮਦਾਤਾ ਮਹਾਨ ਲੋਕ ਗਾਇਕ ਯਮਲਾ ਜੱਟ

ਤੂੰਬੀ ਅਤੇ ਸੁਰੀਲੀ ਆਵਾਜ਼ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਇਸ ਮਹਾਨ ਗਾਇਕ ਦਾ ਜਨਮ 28 ਮਾਰਚ 1910 ਨੂੰ ਮਾਤਾ ਹਰਨਾਮ ਕੌਰ ਤੇ ਪਿਤਾ ਖਹਿਰਾ ਰਾਮ ਦੇ ਘਰ ਚੱਕ ਨੰਬਰ 384 ਟੋਭਾ ਟੇਕ ਸਿੰਘ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਸੀ। 1947 ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਜਵਾਹਰ ਨਗਰ ਲੁਧਿਆਣਾ ਵਿੱਚ ਆ ਕੇ ਵੱਸ ਗਿਆ ਸੀ।
ਲਾਲ ਚੰਦ ਯਮਲਾ ਜੱਟ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਇਸ ਲਈ ਉਸ ਨੇ ਸੰਗੀਤ ਦਾ ਹਰ ਵੱਲ ਸਿੱਖਣ ਲਈ ਪੰਡਿਤ ਦਿਆਲ ਤੇ ਚੌਧਰੀ ਮਜਿਦ ਨੂੰ ਆਪਣਾ ਉਸਤਾਦ ਧਾਰਿਆ। ਉਸ ਦੇ ਗੀਤਾਂ ਦੀ ਪਹਿਲੀ ਰਿਕਾਰਡਿੰਗ 1952 ਨੂੰ ਐੱਚ.ਐੱਮ.ਵੀ. ਕੰਪਨੀ ਨੇ ਕੀਤੀ ਸੀ ਜਿਸ ਦੇ ਸਾਰੇ ਗੀਤ ਬਹੁਤ ਮਕਬੂਲ ਹੋਏ ਸਨ। ਲਾਲ ਚੰਦ ਯਮਲਾ ਜੱਟ ਆਪਣੀ ਤੁਰਲੇ ਵਾਲੀ ਪੱਗ ਅਤੇ ਤੂੰਬੀ ਦੇ ਬਾਦਸ਼ਾਹ ਵਜੋਂ ਦੁਨੀਆ ਵਿੱਚ ਮਸ਼ਹੂਰ ਸੀ। ਇੱਕ ਤਾਰ ਉੱਤੇ ਪੋਟੇ ਲਗਾ ਕੇ ਸੱਤ ਸੁਰਾਂ ਜਗਾਉਣ ਦਾ ਨਵਾਂ ਤਜਰਬਾ ਹਾਸਲ ਕਰਨਾ ਉਸ ਦੇ ਹੀ ਹਿੱਸੇ ਆਇਆ ਸੀ। ਜਦ ਉਹ ਤੂੰਬੀ ਟੁਣਕਾਉਂਦਾ ਸੀ ਤਾਂ ਸਰੋਤੇ ਮੰਤਰ-ਮੁਗਧ ਹੋ ਜਾਂਦੇ ਸਨ। ਉਸ ਦੀ ਆਵਾਜ਼ ਵਿੱਚ ਇੱਕ ਕਿਸਮ ਦਾ ਜਾਦੂ ਹੀ ਸੀ, ਜਦੋਂ ਉਹ ਸ਼ਬਦਾਂ ਨੂੰ ਸੁਰ ਪ੍ਰਦਾਨ ਕਰਦਾ ਸੀ ਤਾਂ ਸੰਗੀਤ ਦਾ ਇੱਕ ਅਲੌਕਿਕ ਨਜ਼ਾਰਾ ਬੱਝ ਜਾਂਦਾ ਸੀ। ਇਸ ਗਾਇਕ ਦੇ ਉਸ ਵੇਲੇ ਦੇ ਮਕਬੂਲ ਹੋਏ ਗੀਤ ਹੁਣ ਵੀ ਲੋਕਾਂ ਲਈ ਸਦਾਬਹਾਰ ਹਨ:
* ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਨੀਝਾਂ ਲਾ ਲਾ ਵੇਂਹਦੀ ਦੁਨੀਆ ਸਾਰੀ ਏ
* ਜੰਗਲ ਦੇ ਵਿੱਚ ਖੂਹਾ ਲੁਆ ਦੇ, ਉੱਤੇ ਲੁਆ ਦੇ ਡੋਲ, ਸਖੀਆਂ ਨਾਮ ਸਾਂਈਂ ਦਾ ਬੋਲ
* ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ
* ਖੇਡਣ ਦੇ ਦਿਨ ਚਾਰ ਜਵਾਨੀ ਫੇਰ ਨ੍ਹੀਂ ਆਉਣੀ
* ਯਮਲਿਆ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ
* ਇਕਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ
* ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ
ਯਮਲੇ ਜੱਟ ਨੂੰ ਤੂੰਬੀ ਦਾ ਜਨਮਦਾਤਾ ਆਖਿਆ ਜਾਂਦਾ ਹੈ। ਉਹ ਇੱਕ ਤਾਰ ਉੱਤੇ ਸੱਤ ਸੁਰ ਜਗਾਉਣ ਦੀ ਕਲਾ ਜਾਣਦਾ ਸੀ। ਉਸ ਵੇਲੇ ਵੱਡੇ-ਵੱਡੇ ਸਾਜ਼ ਨਹੀਂ ਹੁੰਦੇ ਸਨ, ਯਮਲੇ ਜੱਟ ਵੱਲੋਂ ਸਿਰਫ਼ ਘੜਾ, ਢੋਲਕੀ, ਹਾਰਮੋਨੀਅਮ ਅਤੇ ਤੂੰਬੀ ਨਾਲ ਸਾਫ਼-ਸੁਥਰੇ ਅਤੇ ਸਮਾਜਿਕ ਸਿੱਖਿਆ ਵਾਲੇ ਗੀਤ ਗਾਏ ਜਾਂਦੇ ਸਨ। ਉਸ ਨੇ ਗਾਇਕਾ ਮਹਿੰਦਰਜੀਤ ਕੌਰ ਸੇਖੋਂ ਨਾਲ ਕੁਝ ਦੋਗਾਣੇ ਵੀ ਰਿਕਾਰਡ ਕਰਵਾਏ, ਜੋ ਬੱਚੇ ਬੱਚੇ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਸਨ: ਜਿਵੇਂ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ। ਉਸ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਹੋਏ ਜਿਵੇਂ ਕਿ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਗੋਲਡ ਮੈਡਲ 1956 ਵਿੱਚ ਮਿਲਿਆ ਅਤੇ 1989 ਵਿੱਚ ਨੈਸ਼ਨਲ ਅਕੈਡਮੀ ਆਫ ਡਾਂਸ ਤੇ ਡਰਾਮਾ ਦੁਆਰਾ ਲਾਈਫ ਟਾਈਮ ਅਚੀਵਮੈਂਟ ਨਾਲ ਸਨਮਾਨਤ ਕੀਤਾ ਗਿਆ। ਉਸ ਨੇ ਆਪਣੀ ਕਲਾ ਦੇ ਜੌਹਰ ਕੈਨੇਡਾ, ਇੰਗਲੈਂਡ ਆਦਿ ਕਈ ਦੇਸ਼ਾਂ ਵਿੱਚ ਦਿਖਾਏ।
ਜੇਕਰ ਉਸ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਲਾਲ ਚੰਦ ਯਮਲਾ ਜੱਟ ਦੇ ਪੰਜ ਪੁੱਤਰ ਹੋਏ ਕਰਤਾਰ ਚੰਦ, ਜਸਵਿੰਦਰ ਯਮਲਾ (ਮਰਹੂਮ), ਜਸਦੇਵ ਯਮਲਾ (ਮਰਹੂਮ), ਜਗਦੀਸ਼ ਯਮਲਾ (ਮਰਹੂਮ) ਤੇ ਜਗਵਿੰਦਰ ਕੁਮਾਰ। ਸੰਤੋਸ਼ ਰਾਣੀ ਤੇ ਸਰੂਪ ਰਾਣੀ ਉਨ੍ਹਾਂ ਦੀਆਂ ਦੋ ਧੀਆਂ ਸਨ। ਆਪਣੇ ਪਿਤਾ ਦੀ ਸੰਗੀਤ ਪਰੰਪਰਾ ਨੂੰ ਜਸਦੇਵ ਯਮਲਾ ਤੇ ਉਸ ਦੀ ਪਤਨੀ ਸਰਬਜੀਤ ਕੌਰ ਅਤੇ ਕਰਤਾਰ ਚੰਦ ਦਾ ਸਪੁੱਤਰ ਸੁਰੇਸ਼ ਯਮਲਾ ਅੱਗੇ ਤੋਰ ਰਹੇ ਹਨ। ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਅਮਰਜੀਤ ਸਿੰਘ ਗੁਰਦਾਸਪੁਰੀ ਆਦਿ ਯਮਲਾ ਜੱਟ ਦੇ ਅਨੇਕਾਂ ਹੀ ਸ਼ਾਗਿਰਦ ਹੋਏ ਹਨ।
ਇੱਕ ਰਾਤ ਲਾਲ ਚੰਦ ਯਮਲਾ ਜੱਟ ਆਪਣੇ ਘਰ ’ਚ ਫ਼ਰਸ਼ ’ਤੇ ਪੈਰ ਤਿਲ੍ਹਕ ਜਾਣ ਕਾਰਨ ਡਿੱਗ ਪਿਆ, ਜਿਸ ਨਾਲ ਚੂਲੇ ’ਤੇ ਸਖ਼ਤ ਸੱਟ ਲੱਗ ਗਈ, ਸਿੱਟੇ ਵਜੋਂ ਉਸ ਦੀ ਸਿਹਤ ਦਿਨੋਂ-ਦਿਨ ਮਾੜੀ ਹੁੰਦੀ ਗਈ। ਉਸ ਸਮੇਂ ਪੰਜਾਬ ਦੇ ਰਾਜਪਾਲ ਸੁਰਿੰਦਰ ਨਾਥ ਨੇ ਉਸ ਦੇ ਘਰ ਜਾ ਕੇ ਹਾਲ-ਚਾਲ ਵੀ ਪੁੱਛਿਆ ਤੇ ਆਰਥਿਕ ਸਹਾਇਤਾ ਵੀ ਭੇਂਟ ਕੀਤੀ। ਯਮਲਾ ਜੱਟ ਆਪਣੇ ਬੱਚਿਆਂ ਨੂੰ ਉੱਚ-ਵਿੱਦਿਆ ਨਾ ਦਿਵਾ ਸਕਿਆ, ਉਹ ਮੁੱਖ ਤੌਰ ’ਤੇ ਸੰਗੀਤ ਨੂੰ ਹੀ ਸਮਰਪਿਤ ਸੀ। 20 ਦਸੰਬਰ 1991 ਦੀ ਰਾਤ ਨੂੰ ਇਸ ਮਹਾਨ ਗਾਇਕ ਨੇ ਆਪਣੇ ਪ੍ਰਾਣ ਤਿਆਗ ਦਿੱਤੇ।
-ਕੁਲਦੀਪ ਸਾਹਿਲ

Comment here