ਸਿਆਸਤਖਬਰਾਂਦੁਨੀਆ

ਤੁਰਕੀ ’ਚ ਭੂਚਾਲ ਨੇ ਮਚਾਈ ਭਾਰੀ ਤਬਾਹੀ

ਹੁਣ ਤੱਕ 5000 ਲੋਕਾਂ ਦੀ ਹੋਈ ਮੌਤ, 6000 ਤੋਂ ਵੱਧ ਜ਼ਖਮੀ
ਵਿਸ਼ੇਸ਼ ਰਿਪੋਰਟ : ਜੇ. ਸਿੰਘ ‘ਭਡਿਆਰ’
ਬੀਤੇ ਦਿਨੀਂ ਤੁਰਕੀ ਅਤੇ ਸੀਰੀਆ ਵਿੱਚ 7.8 ਤੀਬਰਤਾ ਦੇ ਨਾਲ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਵਿੱਚ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 6000 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਆਸਾਰ ਹਨ। ਮਲਬਾ ਹਟਾਉਣ ਦੇ ਨਾਲ-ਨਾਲ ਇਹ ਗਿਣਤੀ ਵਧਦੀ ਜਾ ਰਹੀ ਹੈ। ਹਰ ਪਾਸੇ ਹਫੜਾ-ਦਫੜੀ ਅਤੇ ਮਲਬਾ ਹੀ ਨਜ਼ਰ ਆ ਰਿਹਾ ਹੈ। ਸਭ ਤੋਂ ਵੱਧ ਤਬਾਹੀ ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ ਹੋਈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਾਲ 1939 ਵਿੱਚ ਤੁਰਕੀ ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 32 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਤੁਰਕੀ ਵਿੱਚ ਹੋਈ ਤਬਾਹੀ ਦੇ ਕਈ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਇਸ ਵਿੱਚ ਉੱਚੀਆਂ ਇਮਾਰਤਾਂ ਨੂੰ ਜ਼ਮੀਨਦੋਜ਼ ਦਿਖਾਇਆ ਗਿਆ ਹੈ। ਲੋਕ ਇਧਰ-ਉਧਰ ਆਪਣੇ ਅਜ਼ੀਜ਼ਾਂ ਨੂੰ ਲੱਭਦੇ ਨਜ਼ਰ ਆ ਰਹੇ ਹਨ। ਸੜਕਾਂ ਤੋਂ ਲੰਘਣ ਵਾਲੇ ਕਈ ਲੋਕ ਵੀਡੀਓਜ਼ ਰਾਹੀਂ ਤਬਾਹੀ ਦਾ ਦਿ੍ਰਸ਼ ਦਿਖਾ ਰਹੇ ਹਨ।
ਸਭ ਤੋਂ ਪਹਿਲਾਂ ਸੋਮਵਾਰ ਸਵੇਰੇ ਕਾਹਰਾਮਨਮਾਰਸ ’ਚ 7.7 ਤੀਬਰਤਾ ਦਾ ਭੂਚਾਲ ਆਇਆ। ਇਸਨੇ ਕਈ ਗੁਆਂਢੀ ਪ੍ਰਾਂਤਾਂ ਜਿਵੇਂ ਕਿ ਗਾਜ਼ੀਅਨਟੇਪ, ਸਾਨਲੀਉਰਫਾ, ਦਿਯਾਰਬਾਕਿਰ, ਅਡਾਨਾ, ਅਦਯਾਮਨ, ਮਾਲਤਿਆ, ਓਸਮਾਨੀਆ, ਹਤਯ ਅਤੇ ਕਿਲਿਸ ਨੂੰ ਵੀ ਘੇਰ ਲਿਆ। ਇਸ ਤੋਂ ਬਾਅਦ ਦੁਪਹਿਰ 1:24 ’ਤੇ ਕਾਹਰਾਮਨਮਾਰਸ ਕੇਂਦਰ ’ਚ ਹੀ ਇਕ ਵਾਰ ਫਿਰ 7.6 ਤੀਬਰਤਾ ਦਾ ਭੂਚਾਲ ਆਇਆ। ਤੁਰਕੀਏ (ਤੁਰਕੀ) ਵਿੱਚ ਸੋਮਵਾਰ ਨੂੰ 46 ਵਾਰ ਭੂਚਾਲ ਆਇਆ।
ਰਾਹਤ ਅਤੇ ਬਚਾਅ ਕਾਰਜਾਂ ਲਈ ਵਿਸ਼ੇਸ਼ ਗਲਿਆਰਾ
ਭੂਚਾਲ ਤੋਂ ਬਾਅਦ ਤੁਰਕੀ ਦੇ ਹਥਿਆਰਬੰਦ ਬਲਾਂ ਦੁਆਰਾ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ ਇੱਕ ‘ਹਵਾਈ ਸਹਾਇਤਾ ਕੋਰੀਡੋਰ’ ਬਣਾਇਆ ਗਿਆ ਸੀ। ਤੁਰਕੀ ਦੇ ਰਾਸ਼ਟਰੀ ਰੱਖਿਆ ਮੰਤਰੀ ਹੁਲੁਸੀ ਅਕਾਰ ਨੇ ਕਿਹਾ, ‘ਅਸੀਂ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ, ਖੋਜ ਅਤੇ ਬਚਾਅ ਟੀਮਾਂ ਨੂੰ ਆਪਣੇ ਜਹਾਜ਼ ਭੇਜ ਦਿੱਤੇ ਹਨ। ਸਾਡੀ ਕੋਸ਼ਿਸ਼ ਹੈ ਕਿ ਜ਼ਖਮੀ ਲੋਕਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਵੇ।’
ਤੁਰਕੀ ’ਚ ਕਿਉਂ ਵਾਰ-ਵਾਰ ਹਿੱਲਦੀ ਹੈ ਧਰਤੀ?
ਤੁਰਕੀ ਨੂੰ ਭੂਚਾਲਾਂ ਲਈ ਸਭ ਤੋਂ ਖਤਰਨਾਕ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਅਕਸਰ ਭੂਚਾਲ ਆਉਣ ਦਾ ਕਾਰਨ ਟੈਕਟੋਨਿਕ ਪਲੇਟਾਂ ਹਨ। ਅੱਠ ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਚਾਰ ਟੈਕਟੋਨਿਕ ਪਲੇਟਾਂ ’ਤੇ ਸਥਿਤ ਹੈ। ਜਿਵੇਂ ਹੀ ਇਨ੍ਹਾਂ ਵਿੱਚੋਂ ਇੱਕ ਪਲੇਟ ਹਿੱਲਦੀ ਹੈ, ਪੂਰੇ ਖੇਤਰ ਵਿੱਚ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ। ਤੁਰਕੀ ਦਾ ਸਭ ਤੋਂ ਵੱਡਾ ਹਿੱਸਾ ਐਨਾਟੋਲੀਅਨ ਪਲੇਟ ’ਤੇ ਸਥਿਤ ਹੈ, ਜੋ ਕਿ ਦੋ ਵੱਡੀਆਂ ਪਲੇਟਾਂ, ਯੂਰੇਸ਼ੀਅਨ ਅਤੇ ਅਫਰੀਕਨ, ਅਤੇ ਨਾਲ ਹੀ ਇੱਕ ਛੋਟੀ ਅਰਬੀ ਪਲੇਟ ਦੇ ਵਿਚਕਾਰ ਸਥਿਤ ਹੈ। ਜਿਵੇਂ ਹੀ ਅਫ਼ਰੀਕੀ ਅਤੇ ਅਰਬੀ ਪਲੇਟਾਂ ਬਦਲਦੀਆਂ ਹਨ, ਸਾਰਾ ਤੁਰਕੀ ਹਿੱਲਣ ਲੱਗ ਪੈਂਦਾ ਹੈ। ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ ਦੇ ਅੰਕੜਿਆਂ ਅਨੁਸਾਰ, ਸਾਲ 2020 ਵਿੱਚ ਹੀ, 33,000 ਤੋਂ ਵੱਧ ਭੂਚਾਲ ਆਏ ਸਨ। ਇਨ੍ਹਾਂ ਵਿੱਚੋਂ 322 ਦੀ ਤੀਬਰਤਾ 4.0 ਤੋਂ ਵੱਧ ਸੀ। ਇਸ ਲਈ ਸੀਰੀਆ ਵਿੱਚ ਸਭ ਤੋਂ ਵਿਨਾਸ਼ਕਾਰੀ ਭੂਚਾਲ ਸੀਰੀਆ ਦੇ ਇੱਕ ਅਜਿਹੇ ਖੇਤਰ ਵਿੱਚ ਆਇਆ ਜਿੱਥੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਘਰੇਲੂ ਯੁੱਧ ਚੱਲ ਰਿਹਾ ਹੈ ਅਤੇ ਪ੍ਰਭਾਵਿਤ ਖੇਤਰ ਸਰਕਾਰ ਅਤੇ ਬਾਗੀਆਂ ਵਿਚਕਾਰ ਵੰਡਿਆ ਹੋਇਆ ਹੈ। ਵਿਰੋਧੀਆਂ ਦੇ ਕਬਜ਼ੇ ਵਾਲੇ ਸੀਰੀਆ ਦੇ ਖੇਤਰ ਵਿੱਚ ਲੜਾਈ ਕਾਰਨ ਇੱਥੋਂ ਦੀਆਂ ਇਮਾਰਤਾਂ ਪਹਿਲਾਂ ਹੀ ਕਮਜ਼ੋਰ ਜਾਂ ਨੁਕਸਾਨੀਆਂ ਗਈਆਂ ਸਨ। ਭੂਚਾਲ ਨੇ ਇਸ ਅੱਗ ਵਿੱਚ ਤੇਲ ਪਾਇਆ।
ਤੁਰਕੀ ਵਿੱਚ 7 ਦਿਨਾਂ ਦਾ ਰਾਸ਼ਟਰੀ ਸੋਗ
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਕਿਹਾ ਹੈ ਕਿ ਭੂਚਾਲ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਤੁਰਕੀ ’ਚ ਭੂਚਾਲ ਕਾਰਨ ਹੋਈ ਤਬਾਹੀ ਤੋਂ ਬਾਅਦ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਏਰਦੋਗਨ ਨੇ ਆਪਣੇ ਅਧਿਕਾਰਤ ਟਵਿਟਰ ਰਾਹੀਂ ਟਵੀਟ ਕੀਤਾ, ‘6 ਫਰਵਰੀ ਨੂੰ ਸਾਡੇ ਦੇਸ਼ ਵਿੱਚ ਆਏ ਭੂਚਾਲ ਨੇ ਬਹੁਤ ਨੁਕਸਾਨ ਕੀਤਾ ਹੈ। ਇਸ ਸੰਕਟ ਦੀ ਘੜੀ ਵਿੱਚ ਸੱਤ ਦਿਨਾਂ ਦਾ ਰਾਸ਼ਟਰੀ ਸੋਗ ਹੋਵੇਗਾ। 12 ਫਰਵਰੀ ਨੂੰ ਸੂਰਜ ਡੁੱਬਣ ਤੱਕ ਦੇਸ਼-ਵਿਦੇਸ਼ ਵਿੱਚ ਲੋਕ ਸਾਡੇ। ਸਾਡੇ ਦੂਤਾਵਾਸਾਂ ਵਿੱਚ ਝੰਡਾ ਅੱਧਾ ਝੁਕਿਆ ਰਹੇਗਾ।’
ਭਾਰਤ ਤੁਰਕੀ ਦੀ ਹਰ ਮਦਦ ਲਈ ਤਿਆਰ-ਨਰਿੰਦਰ ਮੋਦੀ
ਤੁਰਕੀ ਦੇ ਵਿੱਚ ਆਏ ਭਿਆਨਕ ਭੂਚਾਲ ਦੇ ਨਾਲ ਉੱਥੋਂ ਦੇ ਲੋਕਾਂ ਦੇ ਹੋਏ ਜਾਨ-ਮਾਲ ਦੇ ਨੁਕਸਾਨ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਹਿਰਾ ਦੁੱਖ ਜਤਾਇਆ ਹੈ। ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤੁਰਕੀ ਦੇ ਵਿੱਚ ਆਏ ਭੂਚਾਲ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੋਂ ਮੈਂ ਬੇਹੱਦ ਦੁਖੀ ਹਾਂ। ਮੈਂ ਇਸ ਸਮੇਂ ਦੁਖੀ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਤੁਰਕੀ ਦੇ ਲੋਕਾਂ ਨਾਲ ਇਕਜੁਟਤਾ ਨਾਲ ਖੜ੍ਹਾ ਹੈ ਅਤੇ ਇਸ ਤ੍ਰਾਸਦੀ ਨਾਲ ਨਜਿੱਠਣ ਦੇ ਲਈ ਹਰ ਸੰਭਵ ਮਦਦ ਕਰਨ ਦੇ ਲਈ ਤਿਆਰ ਹੈ।
ਕਿਹੜੇ ਕਿਹੜੇ ਦੇਸ਼ਾਂ ’ਚ ਭੂਚਾਲ ਮਚਾ ਚੁੱਕਾ ਤਬਾਹੀ
14 ਅਗਸਤ, 2021 : ਹੈਤੀ ਵਿੱਚ 7.2 ਤੀਬਰਤਾ ਦਾ ਭੂਚਾਲ ਆਇਆ। 2,200 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਲਗਭਗ 13,000 ਘਰਾਂ ਨੂੰ ਨੁਕਸਾਨ ਪਹੁੰਚਿਆ ਸੀ।
28 ਸਤੰਬਰ 2018 : ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ’ਤੇ 7.5 ਤੀਬਰਤਾ ਦਾ ਭੂਚਾਲ ਆਇਆ। ਇਸ ਕਾਰਨ ਸੁਨਾਮੀ ਆਈ ਅਤੇ 4,300 ਤੋਂ ਵੱਧ ਲੋਕ ਮਾਰੇ ਗਏ।
25 ਅਪ੍ਰੈਲ 2015 : ਨੇਪਾਲ ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ। ਤਕਰੀਬਨ 9,000 ਲੋਕ ਮਾਰੇ ਗਏ ਸਨ ਅਤੇ 80 ਲੱਖ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਗਈ ਸੀ।
11 ਮਾਰਚ, 2011 : ਉੱਤਰ-ਪੂਰਬੀ ਜਾਪਾਨ ਵਿੱਚ 9.0 ਤੀਬਰਤਾ ਦਾ ਭੂਚਾਲ ਅਤੇ ਸੁਨਾਮੀ ਆਈ। ਇਸ ’ਚ ਕਰੀਬ 15,690 ਲੋਕ ਮਾਰੇ ਗਏ ਸਨ ਅਤੇ 5,700 ਜ਼ਖਮੀ ਹੋਏ ਸਨ।
13 ਜਨਵਰੀ 2010 : ਹੈਤੀ ਵਿੱਚ 7.0 ਤੀਬਰਤਾ ਦੇ ਭੂਚਾਲ ਨੇ ਰਾਜਧਾਨੀ ਪੋਰਟ-ਓ-ਪਿ੍ਰੰਸ ਨੂੰ ਤਬਾਹ ਕਰ ਦਿੱਤਾ ਅਤੇ ਲਗਭਗ 316,000 ਲੋਕਾਂ ਦੀ ਮੌਤ ਹੋ ਗਈ। 80,000 ਇਮਾਰਤਾਂ ਤਬਾਹ ਹੋ ਗਈਆਂ।
12 ਮਈ, 2008 : ਚੀਨ ਦੇ ਸਿਚੁਆਨ ਸੂਬੇ ਵਿਚ 7.8 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿਚ ਲਗਭਗ 87,600 ਲੋਕ ਮਾਰੇ ਗਏ।
ਦਸੰਬਰ 26, 2004 : ਸੁਮਾਤਰਾ ਦੇ ਨੇੜੇ 9.15 ਤੀਬਰਤਾ ਦੇ ਭੂਚਾਲ ਨੇ ਸੁਨਾਮੀ ਸ਼ੁਰੂ ਕਰ ਦਿੱਤੀ ਜੋ ਇੰਡੋਨੇਸ਼ੀਆ, ਥਾਈਲੈਂਡ, ਭਾਰਤ, ਸ਼੍ਰੀਲੰਕਾ ਅਤੇ ਖੇਤਰ ਦੇ ਕਈ ਹੋਰ ਦੇਸ਼ਾਂ ਵਿੱਚ ਫੈਲ ਗਈ। ਇਸ ਤਬਾਹੀ ਵਿੱਚ ਲਗਭਗ 2,30,000 ਲੋਕਾਂ ਦੀ ਮੌਤ ਹੋ ਗਈ ਸੀ।
8 ਅਕਤੂਬਰ 2005 : ਉੱਤਰ-ਪੂਰਬੀ ਪਾਕਿਸਤਾਨ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ 73,000 ਲੋਕ ਮਾਰੇ ਗਏ। ਇਸ ਭੂਚਾਲ ਨਾਲ ਜੰਮੂ-ਕਸ਼ਮੀਰ ’ਚ ਵੀ 1,244 ਲੋਕਾਂ ਦੀ ਮੌਤ ਹੋ ਗਈ ਸੀ।
26 ਦਸੰਬਰ 2003 : ਈਰਾਨ ਦੇ ਦੱਖਣ-ਪੂਰਬੀ ਕੇਰਮਾਨ ਸੂਬੇ ਵਿੱਚ 6.6 ਤੀਬਰਤਾ ਦੇ ਭੂਚਾਲ ਨੇ ਬਾਮ ਸ਼ਹਿਰ ਨੂੰ ਤਬਾਹ ਕਰ ਦਿੱਤਾ। ਇਸ ਵਿੱਚ 31,000 ਲੋਕਾਂ ਦੀ ਮੌਤ ਹੋ ਗਈ ਸੀ।

Comment here