– ਅਮਨਦੀਪ ਹਾਂਸ
ਅਸੀਂ ਵੀ ਤੇਰੇ ਆਦਮ ਜਾਏ
ਉੱਤੋਂ ਤੇ ਨਹੀ ਡਿੱਗੇ
ਝੁੱਗੀਆਂ ਵਿੱਚ ਵੀ ਕਦੇ ਕਦਾਈਂ
ਸੁੱਖ ਦਾ ਦੀਵਾ ਬਾਲ਼
ਰੋਟੀ ਜੋਗਾ ਵੀ ਨਈ ਆਟਾ
ਭਾਵੇਂ ਵਿੱਚ ਪਰਾਤ
ਫਿਰ ਵੀ ਬੁੱਲਾਂ ਉੱਤੇ
ਰੱਜੀ ਕੁੱਖ ਦਾ ਦੀਵਾ ਬਾਲ਼
ਬਾਬਾ ਨਜ਼ਮੀ ਸਾਹਿਬ ਦੀਆਂ ਸਤਰਾਂ ਅਕਸਰ ਅਜਿਹੇ ਲੋਕਾਂ ਨਾਲ ਵਿਚਰਦਿਆਂ, ਉਹਨਾਂ ਦੇ ਕਾਲਜਿਆਂ ਚ ਵਕਤ ਤੇ ਆਪਣਿਆਂ ਦੇ ਮਾਰੇ ਖੰਜਰਾਂ ਦਾ ਦਰਦ ਮਹਿਸੂਸ ਕਰਦਿਆਂ ਚੇਤੇ ਆ ਜਾਂਦੀਆਂ ਨੇ,
ਅਜਿਹੇ ਹੀ ਦਰਦਾਂ ਨਾਲ ਪਰੂੰਨੇ ਇਕ ਪਰਿਵਾਰ ਨੂੰ ਮਿਲਦੇ ਹਾਂ.. ਕਪੂਰਥਲਾ ਸਰਕੂਲਰ ਰੋਡ ਉਤੇ ਸੁਲਤਾਨਪੁਰ ਬਾਈਪਾਸ ਲਾਗੇ ਇਕ ਖੰਡਰਨੁਮਾ ਇਮਾਰਤ ਹੈ, ਇਕ ਵਰਾਂਡਾ ਤੇ ਉਪਰ ਡਿਗੂੰ ਡਿਗੂੰ ਕਰਦਾ ਇਕ ਹੀ ਕਮਰਾ, ਮਸਾਂ ੧੨-੧੩ ਫੁੱਟ ਦਾ, ਵਿਚ ਇਕ ਟੁੱਟਿਆ ਜਿਹਾ ਡਬਲ ਬੈਡ, ਇਕ ਨੁਆਰ ਦਾ ਵੱਡੇ-ਵੱਡੇ ਝਰੋਖਿਆਂ ਵਾਲਾ ਮੰਜਾ, ਜੀਹਦੇ ਚ ਫਟੇ ਪੁਰਾਣੇ ਕੱਪਡ਼ੇ ਤੁੰਨ ਕੇ ਬੈਲੈਂਸ ਬਣਾਉਣ ਦਾ ਯਤਨ ਕੀਤਾ ਗਿਆ ਹੈ। ਬੱਸ ਇਉਂ ਹੀ ਜ਼ਿੰਦਗੀ ਨੂੰ ਬੈਲੈਂਸ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਨੇ ਪੰਜਾਹ ਸਾਲਾ ਸੰਜੇ, 42 ਕੁ ਸਾਲ ਦੀ ਉਸ ਦੀ ਪਤਨੀ ਵਰਸ਼ਾ, ਤੇ ਚਾਰ ਬੱਚੇ। ਸੁਨਿਆਰਾ ਭਾਈਚਾਰੇ ਦਾ ਇਹ ਪਰਿਵਾਰ ਜਿਹਡ਼ੇ ਹਾਲਾਤਾਂ ਚ ਰਹਿ ਰਿਹਾ ਹੈ, ਉਸ ਨੇ ਇਕ ਭਰਮ ਤਾਂ ਦੂਰ ਕਰ ਦਿੱਤਾ ਕਿ ਕਿਸੇ ਵੀ ਸਮਾਜ ਵਿਚੋਂ, ਕਿਸੇ ਵੀ ਭਾਈਚਾਰੇ ਚੋਂ ਹਾਸ਼ੀਏ ਉਤੇ ਧੱਕੇ ਜਾਣ ਲਈ ਬੱਸ ਦੋ ਹੀ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ, ਇਕ ਤਾਂ ਗੁਰਬਤ ਦੀ ਮਾਰ, ਤੇ ਦੂਜੀ ਕੁਦਰਤ ਦੀ ਮਾਰ। ਇਹ ਪਰਿਵਾਰ ਦੋਵੇਂ ਸ਼ਰਤਾਂ ਪੂਰੀਆਂ ਕਰਦਾ ਹੈ, ਇਸ ਕਰਕੇ ਆਪਣੇ ਭਾਈਚਾਰੇ ਵਲੋਂ ਕੀ, ਪੂਰੇ ਸਮਾਜ ਵਲੋਂ ਹੀ ਪੂਰੀ ਤਰਾਂ ਹਾਸ਼ੀਏ ਤੇ ਧੱਕ ਦਿੱਤਾ ਗਿਆ ਹੈ। ਸੰਜੈ, ਐਲੂਮੀਨੀਅਮ ਦਾ ਚੰਗਾ ਕਾਰੋਬਾਰੀ ਸੀ, ਕਪੂਰਥਲਾ ਸ਼ਹਿਰ ਚ ਐਲੂਮੀਨੀਅਮ ਦਾ ਕੰਮ ਲਿਆਉਣ ਤੇ ਦਰਜਨਾਂ ਲੋਕਾਂ ਨੂੰ ਇਸ ਕਾਰਜ ਚ ਸਮਰਥ ਬਣਾਉਣ ਵਾਲਾ ਸੀ, ਪਰ ਯਾਰ ਮਾਰ ਨੇ ਉਸ ਨੂੰ ਪੂਰੀ ਤਰਾਂ ਕੰਗਾਲ ਕਰਕੇ ਰੱਖ ਦਿਤਾ, ਉਹ ਐਲੂਮੀਨੀਅਮ ਦੇ ਦਰਵਾਜ਼ੇ, ਖਿਡ਼ਕੀਆਂ, ਅਲਮਾਰੀਆਂ, ਪੇਟੀਆਂ ਆਦਿ ਬਣਾਉਣ ਦੇ ਠੇਕੇ ਲੈਂਦਾ ਸੀ, ਇਕ ਦੋਸਤ ਨੇ ਭਾਈਵਾਲੀ ਕਰ ਲਈ, ਕਿ ਮੈਂ ਠੇਕੇ ਲੈ ਕੇ ਆਵਾਂਗਾ, ਕੰਮ ਸਾਂਝਾ ਕਰਾਂਗੇ, ਪੈਸੇ ਅੱਧੋ ਅੱਧ, ਸਾਫ ਦਿਲ ਨੇਕ ਨੀਅਤ ਵਾਲਾ ਸੰਜੇ ਮੰਨ ਗਿਆ, ਭਾਈਵਾਲ ਦੋਸਤ ਸਾਲ ਭਰ ਠੇਕੇ ਲੈਂਦਾ ਰਿਹਾ, ਕਿ ਪੈਸੇ ਇਕੱਠੇ ਲਵਾਂਗੇ, ਕੋਈ ਮੋਟਾ ਫਾਇਦਾ ਹੋ ਜਾਏਗਾ, ਪਰ ਜਦ ਪੈਸੇ ਚਾਰ ਲੱਖ ਰੁਪਏ ਦੇ ਕਰੀਬ ਗਾਹਕਾਂ ਵੱਲ ਬਣ ਗਏ ਤਾਂ ਅਗਲਾ ਸਾਰੇ ਪੈਸੇ ਲੈ ਕੇ ਔਹ ਗਿਆ ਔਹ ਗਿਆ.. ਸੰਜੈ ਬਰਬਾਦ ਹੋ ਗਿਆ, ਜੱਦੀ ਘਰ ਦਿੱਲੀ ਦੇ ਵਿਸ਼ਨੂ ਨਗਰ ਵਿਚ ਸੀ, ਬੀਵੀ ਬੱਚਿਆਂ ਨੂੰ ਲੈ ਕੇ ਦਿੱਲੀ ਚਲਾ ਗਿਆ, ਮਾਪੇ ਹੈ ਨਹੀ ਸਨ, ਵੱਡੇ ਭਰਾ ਨੂੰ ਹੀ ਛੋਟਾ ਭਰਾ ਸੰਜੇ ਪਿਤਾ ਸਮਾਨ ਮੰਨਦਾ ਸੀ, ਪਰ ਵੱਡੇ ਭਰਾ ਨੇ ਜੱਦੀ ਪੁਸ਼ਤੀ ਕੀਮਤੀ ਘਰ ਸੰਜੇ ਨੂੰ ਜਜ਼ਬਾਤੀ ਕਰਕੇ ਆਪਣੇ ਇਕੱਲੇ ਦੇ ਨਾਮ ਵਸੀਅਤ ਕਰਵਾ ਲਈ ਕਿ ਜਦ ਤੁਹਾਨੂ ਜ਼ਰੂਰਤ ਹੋਵੇਗੀ ਤਾਂ ਬਣਦੇ ਪੈਸੇ ਦੇ ਦਿਆਂਗਾ, ਨਾ ਉਸ ਨੇ ਪੈਸੇ ਦੇਣੇ ਸੀ, ਨਾ ਦਿੱਤੇ, ਵੱਡੇ ਭਰਾ ਦੀ ਮੌਤ ਹੋ ਗਈ ਤਾਂ ਓਹਦੇ ਟੱਬਰ ਨੇ ਸੰਜੇ ਦੇ ਟੱਬਰ ਨੂੰ ਘਰੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਭੋਲਾ ਪੰਛੀ ਸੰਜੇ ਇਕ ਵਾਰ ਫੇਰ ਸਡ਼ਕ ਤੇ ਆ ਗਿਆ, ਪਰ ਹਿਂਮਤ ਨਾ ਹਾਰੀ, ਦਿੱਲੀ ਚ ਕਿਰਾਏ ਦੇ ਕਮਰੇ ਚ ਰਹਿਣ ਲੱਗਿਆ, ਕੋਈ ਨਾ ਕੋਈ ਮਾਡ਼ਾ ਮੋਟਾ ਕੰਮ ਕਰਦਾ ਰਿਹਾ, ਰੇਡ਼ੂ ਰਿਡ਼ਦਾ ਰਿਹਾ। ਪਰ ਦਿੱਲੀ ਵਰਗੇ ਸ਼ਹਿਰ ਚ ਦਿਹਾਡ਼ੀਦਾਰ ਦਾ ਬੱਚਿਆਂ ਨਾਲ ਗੁਜ਼ਰ ਬਸਰ ਉਸ ਹਿਸਾਬ ਨਾਲ ਨਹੀ ਸੀ ਹੋ ਰਿਹਾ, ਜੋ ਉਹਨਾਂ ਨੇ ਸੁਪਨੇ ਸਜਾਏ ਹੋਏ ਸਨ। ਯਾਰ ਮਾਰ, ਭਰਾ ਵਲੋਂ ਧੋਖਾ.. ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਸੰਜੇ ਵਾਪਸ ਕਪੂਰਥਲੇ ਆ ਗਿਆ, ਸਹੁਰੇ ਇਸ ਸ਼ਹਿਰ ਚ ਨੇ, ਸੱਸ ਨੇ ਜ਼ੋਰ ਪਾਇਆ, ਕਿ ਮੇਰੇ ਕੋਲ ਰਹੋਂਗੇ ਤਾਂ ਮੈ ਦੁਖਦਾ ਸੁਖਦਾ ਦੇਖ ਸਕਦੀ ਹਾਂ.. ਸੰਜੇ ਦੀ ਪਤਨੀ ਵਰਸ਼ਾ, ਕਪੂਰਥਲੇ ਦੀ ਧੀ ਹੈ, ਸ਼ਹਿਰ ਦੇ ਮਸ਼ਹੂਰ ਕੰਨਿਆ ਕਾਲਜ ਦੀ ਹੋਣਹਾਰ ਵਿਦਿਆਰਥਣ, ਟੌਪਰ ਰਹੀ, ਬੀਏ ਭਾਗ ਦੂਜਾ ਟੌਪ ਕਰਕੇ ਪਾਸ ਕੀਤਾ, ਪਰ ਪਿਤਾ ਦਾ ਸਾਇਆ ਸਿਰ ਤੇ ਨਾ ਹੋਣ ਕਰਕੇ ਮਾਂ ਨੇ ਧੀ ਦਾ ਕੁਝ ਬਣਨ ਦੀਆਂ ਸੱਧਰਾਂ ਦਾ ਗਲ ਪੰਜ ਸੱਤ ਪਡ਼ੇ ਸੰਜੇ ਦੀ ਵਰ ਮਾਲਾ ਨਾਲ ਘੁੱਟ ਦਿੱਤਾ। ਵਿਧਵਾ ਮਾਂ ਨੂੰ ਖਰਾਬ ਹੋ ਰਹੇ ਜ਼ਮਾਨੇ ਦਾ ਡਰ ਸੀ, ਧੀ ਦੇ ਸੁਹੱਪਣ ਨੇ ਉਸ ਨੂੰ ਖੌਫਜ਼ਦਾ ਕਰ ਰਖਿਆ ਹੋਇਆ ਸੀ, ਵਿਆਹ ਕਰਕੇ ਮਾਂ ਸੁਰਖਰੂ ਹੋ ਗਈ, ਪਰ ਪ੍ਰੋਫੈਸਰ ਬਣ ਕੇ ਗਿਆਨ ਦੇ ਦੀਵੇ ਜਗਾਉਣ ਦੀ ਚਾਹਨਾ ਰੱਖਣ ਵਾਲੀ ਵਰਸ਼ਾ ਹਮੇਸ਼ਾ ਲਈ ਅੰਧਕਾਰ ਚ ਡੁੱਬ ਗਈ। ਹਾਲੇ ਤਾਂ ਉਸ ਨੇ ਵਿਆਹ ਵਿਵਸਥਾ ਬਾਰੇ ਜਾਨਣਾ ਸੀ ਕਿ ਸਾਲ ਦੋ ਸਾਲ ਦੀ ਵਿਥ ਤੇ ਪੰਜ ਬੱਚੇ ਪੈਦਾ ਹੋ ਗਏ, ਤਿੰਨ ਧੀਆਂ ਤੇ ਦੋ ਪੁੱਤ। ਇਸ ਉਤੇ ਉਹ ਅੱਜ ਸ਼ਰਮਿੰਦਾ ਹੁੰਦੀ ਹੈ, ਆਖਦੀ ਹੈ ਕਿ ਮੈਨੂ ਲਗਦਾ ਸੀ ਕਿ ਵੱਧ ਬੱਚੇ ਪੈਦਾ ਕਰਕੇ ਮੈਂ ਆਪਣੇ ਸੁਪਨੇ ਚਕਨਾਚੂਰ ਕਰਨ ਵਾਲੀ ਮਾਂ ਨੂੰ ਤਕਲੀਫ ਦੇ ਰਹੀ ਹਾਂ, ਜੀਹਨੂੰ ਵਾਰ ਵਾਰ ਮੇਰਾ ਜਣੇਪਾ ਕਟਵਾਉਣ ਆਉਣਾ ਪੈਂਦਾ.. ਪਰ ਮੈਂ ਬਿਲਕੁਲ ਗਲਤ ਸੀ। ਫੇਰ ਮੁਸਕਰਾ ਛਡਦੀ ਹੈ-ਚਲੋ ਜੋ ਰੱਬ ਦੀ ਕਰਨੀ.. ਕਪੂਰਥਲੇ ਵਾਪਸ ਆਏ ਤਾਂ ਵਰਸ਼ਾ ਦੀ ਮਾਂ ਨੇ ਪੰਜ ਕੁ ਸੌ ਮਹੀਨੇ ਦੀ ਮਿਲਦੀ ਪੈਨਸ਼ਨ ਵਿਚੋਂ ਰਾਸ਼ਨ ਪਵਾ ਦੇਣਾ, ਕਿਸੇ ਬੱਚੇ ਦਾ ਸਕੂਲ ਦਾ ਖਰਚਾ ਪੂਰਾ ਕਰਵਾ ਦੇਣਾ, ਵਰਸ਼ਾ ਦੇ ਦੋ ਭਰਾ ਨੇ, ਚੰਗੀ ਮੋਟੀ ਕਮਾਈ ਵਾਲੇ, ਜੱਦੀ ਜਾਇਦਾਦ ਦੇ ਮਾਲਕ.. ਜਦ ਤੱਕ ਮਾਂ ਰਹੀ, ਮਾਂ ਜਬਰੀ ਧੀ ਨੂ ਉਹਨਾਂ ਭਰਾਵਾਂ ਤੋਂ ਵੀ ਕੋਈ ਨਾ ਕੋਈ ਮਦਦ ਦਿਵਾਉਂਦੀ ਰਹੀ, ਇਕ ਭਰਾ ਦੇ ਸਿਰ ਵਰਸ਼ਾ ਦੀ ਇਕ ਧੀ ਦੀ ਸਕੂਲ ਫੀਸ ਦਾ ਜਿ਼ਮਾ ਲਾਇਆ, ਪਰ ਜਦ ਮਾਂ ਮੁੱਕ ਗਈ, ਸਸਕਾਰ ਤੋਂ ਬਾਅਦ ਭਰਾ ਭਰਜਾਈਆਂ ਨੇ ਵਰਸ਼ਾ ਲਈ ਘਰ ਦੇ ਦਰਵਾਜ਼ੇ ਸਦਾ ਲਈ ਢੋਅ ਦਿੱਤੇ। ਕੁਦਰਤ ਕਾਹਦੀ ਸਜ਼ਾ ਲੈ ਰਹੀ ਹੈ, ਇਸ ਦਾ ਜੁਆਬ ਸ਼ਾਇਦ ਕਿਸੇ ਕੋਲ ਨਹੀਂ। ਕਪੂਰਥਲੇ ਵਾਪਸ ਆ ਕੇ ਸੰਜੇ ਦੇ ਪੁਰਾਣੇ ਇਕ ਜਾਣਕਾਰ ਨੇ ਕੁਝ ਕੰਮ ਦਿੱਤਾ, ਤੇ ਜਿੱਥੇ ਅੱਜ ਉਹ ਰਹਿੰਦੇ ਨੇ, ਉਹ ਜਗਾ ਖਰੀਦਣ ਲਈ ਮਨਾ ਲਿਆ, ਕਿ ਮੇਨ ਸਡ਼ਕ ਤੇ ਜਗਾ ਹੈ, ਪੈਸੇ ਵੀ ਕਿਸ਼ਤਾਂ ਚ ਭਰ ਦੇਵੀਂ, ਕੋਈ ਕਾਰੋਬਾਰ ਖੋਲ ਕੇ ਜਿੰਨਾ ਮਰਜ਼ੀ ਕਮਾ ਲਈਂ.. ਭੋਲ਼ਾ ਸੰਜੇ ਚੋਪਡ਼ੇ ਸ਼ਬਦੀ ਜਾਲ ਚ ਫੇਰ ਫਸ ਗਿਆ, ਜਾਣਕਾਰ ਜ਼ਰੀਏ ਥਾਂ ਖਰੀਦਣ ਲਈ ਪਤਨੀ ਦੇ ਗਹਿਣੇ, ਘਰ ਦਾ ਫਰਨੀਚਰ,ਕੂਲਰ, ਪੱਖੇ, ਫਰਿੱਜ, ਟੀਵੀ, ਅਲਮਾਰੀ, ਜੋ ਵੀ ਸਮਾਨ ਵਿਕ ਸਕਦਾ ਸੀ ਸਭ ਵੇਚ ਕੇ ਢਾਈ ਲੱਖ ਰੁਪਏ ਅਗਲੇ ਦੇ ਹੱਥ ਲਿਜਾ ਫਡ਼ਾਏ, ਮੇਰਾ ਭਰਾ ਮੇਰਾ ਭਰਾ ਕਰਕੇ ਅਗਲੇ ਨੇ ਮਹੀਨੇ ਦੀ ਵੀਹ ਹਜ਼ਾਰ ਕਿਸ਼ਤ ਬੰਨ ਲਈ ,ਸੌਦਾ ਪੰਜ ਲੱਖ ਦਾ ਕਰ ਲਿਆ, ਨਾ ਸਂਜੇ ਨੇ ਪੁੱਛਿਆ ਕਿ ਜਗਾ ਦੀ ਰਜਿਸਟਰੀ ਕਦੋਂ ਕਰਵਾਉਣੀ ਹੈ, ਨਾ ਅਗਲੇ ਨੇ ਦੱਸਿਆ, ਕਿਰਾਏ ਦੇ ਕਮਰੇ ਚੋਂ ਸਮਾਨ ਚੁਕਵਾ ਕੇ ਇਕ ਵਰਾਂਡੇ ਉਤੇ ਛੱਤੇ ਖੰਡਰਨੁਮਾ ਕਮਰੇ ਚ ਰਖਵਾ ਦਿੱਤਾ।ਵੀਹ ਵੀਹ ਹਜ਼ਾਰ ਕਰਕੇ ਜਦੋਂ ਤਿੰਨ ਲੱਖ ਰੁਪਏ ਦੇ ਕਰੀਬ ਪੈਸੇ ਉਸ ਜਾਣਕਾਰ ਨੂੰ ਦੇ ਦਿੱਤੇ ਤਾਂ ਇਕ ਦਿਨ ਸੰਜੇ ਤੇ ਉਸ ਦੀ ਪਤਨੀ ਨੇ ਜਾ ਕੇ ਕਿਹਾ ਕਿ ਪੈਸੇ ਤਾਂ ਪੂਰੇ ਹੋ ਚੁੱਕੇ ਨੇ, ਆਪਾਂ ਰਜਿਸਟਰੀ ਕਰਵਾ ਲਈਏ, ਉਸ ਸ਼ਖਸ ਦੇ ਉਸੇ ਵਕਤ ਤੇਵਰ ਬਦਲ ਗਏ, ਲਏ ਪੈਸੇ ਵੀ ਮੁੱਕਰ ਗਿਆ, ਤੇ ਜਗਾ ਖਾਲੀ ਕਰਨ ਦਾ ਵੀ ਦਬਾਅ ਪਾਉਣ ਲੱਗਿਆ, ਸੰਜੇ ਨੂੰ ਫੇਰ ਦਿਲ ਦਾ ਦੌਰਾ ਪੈ ਗਿਆ। ਸੰਜੇ ਦੇ ਬਿਮਾਰ ਹੋਣ ਕਰਕੇ ਜਗਾ ਦਾ ਸੌਦਾ ਕਰਨ ਵਾਲਾ ਕੁਝ ਚਿਰ ਚੁਪ ਰਿਹਾ, ਪਰ ਜਿਉਂ ਹੀ ਸੰਜੇ ਮੰਜੇ ਤੋਂ ਉੱਠਿਆ, ਤਾਂ ਉਹ ਹਰ ਦਿਨ ਬਦਮਾਸ਼ਾਂ ਨੂੰ ਲਿਆ ਕੇ ਧਮਕਾਉਣ ਲਗਿਆ, ਵਰਸ਼ਾ ਕਦੇ ਬੱਚਿਆਂ ਦਾ ਵਾਸਤਾ ਦਿੰਦੀ, ਰੱਬ ਦਾ ਵਾਸਤਾ ਦਿੰਦੀ, ਕਿ ਜੋ ਪੈਸੇ ਸਾਡੇ ਤੋਂ ਲਏ ਨੇ, ਵਾਪਸ ਕਰ ਦਿਓ, ਅਸੀਂ ਜਗਾ ਖਾਲੀ ਕਰ ਦਿਆਂਗੇ, ਪਰ ਉਹ ਧਾਕਡ਼ ਕਿਸੇ ਵੀ ਰਾਹ ਤੇ ਨਹੀ ਆਇਆ, ਸੰਜੇ ਤੇ ਵਰਸ਼ਾ ਨੇ ਕੁਝ ਹਮਦਰਦਾਂ ਨਾਲ ਕੋਰਟ ਦੀ ਸ਼ਰਨ ਜਾ ਲਈ, ਜਦ ਮਾਮਲਾ ਕੋਰਟ ਚ ਗਿਆ ਤਾਂ ਪਤਾ ਲਗਿਆ ਕਿ ਉਹ ਤਾਂ ਵਕਫ ਬੋਰਡ ਦੀ ਜਗਾ ਹੈ, ਜੀਹਦੀ ਕੀਮਤ ਕਰੋਡ਼ਾਂ ਚ ਹੈ, ਵਿਕ ਹੀ ਨਹੀਂ ਸਕਦੀ, ਇਸ ਤੋਂ ਬਾਅਦ ਧਾਕਡ਼ਾਂ ਦਾ ਕਹਿਰ ਹੋਰ ਵਧ ਗਿਆ, ਇਕ ਰਾਤ ਆ ਕੇ ਤਲਵਾਰਾਂ ਨਾਲ ਦਰਵਾਜ਼ੇ ਭੰਨਣ ਲੱਗੇ, ਨਜ਼ਦੀਕ ਹੀ ਫੌਜੀਆਂ ਦੀ ਛਾਉਣੀ ਹੈ, ਸਬੱਬੀਂ ਕੁਝ ਫੌਜੀ ਕਿਤੋਂ ਆਏ ਸਨ, ਉਹਨਾਂ ਨੇ ਬਦਮਾਸ਼ਾਂ ਨੂੰ ਭਜਾਇਆ ਤੇ ਸੰਜੇ ਹੁਰਾਂ ਨੂੰ ਕੁਝ ਹੌਸਲਾ ਦਿੱਤਾ। ਕੁਝ ਦਿਨ ਸ਼ਾਂਤੀ ਰਹੀ, ਫੇਰ ਇਕ ਦਿਨ ਸੰਜੇ ਤੇ ਵਰਸ਼ਾ ਦੀ ਪੰਦਰਾਂ ਸਾਲ ਦੀ ਦਸਵੀਂ ਪਾਸ ਧੀ ਇਕੱਲੀ ਘਰ ਸੀ , ਬਦਮਾਸ਼ਾਂ ਨੇ ਆ ਕੇ ਉਸ ਕੁਡ਼ੀ ਨੂੰ ਕੀ ਕਿਹਾ, ਕੋਈ ਨਹੀ ਜਾਣਦਾ, ਕੁਡ਼ੀ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ। ਇਹ ਧੀ ਦਸਵੀਂ ਜਮਾਤ ਚ ਸਕੂਲ ਚੋਂ ਪਹਿਲੇ ਨੰਬਰ ਤੇ ਆਈ ਸੀ। ਵਰਸ਼ਾ ਉਸ ਧੀ ਦੀ ਕੰਧ ਤੇ ਟੰਗੀ ਤਸਵੀਰ ਵੱਲ ਵੇਖ ਕੇ ਲਹੂ ਦੇ ਅੱਥਰੂ ਰੋਂਦੀ ਹੈ, ਰੱਬ ਨੂੰ ਉਲਾਂਹਮੇ ਦਿੰਦੀ ਹੈ ਕਿ ਮੇਰੀ ਧੀ ਨਾਲ ਕੀ ਹੋਇਆ, ਮੈਨੂੰ ਕਦੇ ਤਾਂ ਪਤੇ ਲੱਗੇ। ਹਾਲੇ ਤਾਂ ਮੁਸੀਬਤਾਂ ਦਾ ਕਡ਼ ਪਾਟਣਾ ਬਾਕੀ ਸੀ, ਇਕ ਧੀ ਅੰਕਿਤਾ ਜੋ ਅੱਜ ਗਿਆਰਵੀਂ ਚ ਪਡ਼ਦੀ ਹੈ, 16 ਕੁ ਸਾਲ ਦੀ ਹੈ, ਉਹਦੇ ਦਿਲ ਚ ਛੇਕ ਹੈ, ਇਲਾਜ ਸਿਰਫ ਅਪਰੇਸ਼ਨ ਹੈ, ਖਰਚਾ ਕਿਸੇ ਤੋਂ ਪੁਛਦੇ ਨਹੀਂ। ਵੱਡੀ ਧੀ ਡਾਕਟਰੀ ਕਰਨੀ ਚਾਹੁੰਦੀ ਸੀ, ਪਰ ਪੈਸੇ ਨਹੀ, ਬੀ ਐਸ ਸੀ ਮੈਡੀਕਲ ਫਾਈਨਲ ਚ ਹੈ, ਫੀਸ ਨਹੀ ਹੁੰਦੀ ਤਾਂ ਕਿਸੇ ਮੂਹਰੇ ਝੋਲੀ ਅੱਡਦੇ ਨੇ, ਕਦੇ ਖੈਰ ਪੈ ਜਾਂਦੀ ਹੈ ਤੇ ਕਦੇ ਜ਼ਲਾਲਤ, ਇਕ ਪੁੱਤ ਨੂੰ ਸੱਤਵੀਂ ਚੋਂ ਪਡ਼ਨੋ ਹਟਾ ਲਿਆ, ਤਾਂ ਜੋ ਬਿਮਾਰ ਪਿਓ ਨਾਲ ਕਾਰਾਂ ਧੋਣ ਦਾ ਕੰਮ ਕਰਵਾ ਸਕੇ, ਤੇ ਦੋ ਵੇਲੇ ਦੀ ਰੋਟੀ ਮਿਲ ਸਕੇ। ਖੰਡਰਨੁਮਾ ਕਮਰਾ ਜੀਹਨੂ ਘਰ ਕਹਿ ਸਕਦੇ ਹਾਂ, ਇਹਦੇ ਇਕ ਖੂੰਜੇ ਚ ਕੰਧ ਕਰਕੇ ਬਾਥਰੂਮ ਟਾਇਲਟ ਬਣਾਇਆ ਹੈ, ਢਾਈ ਤਿੰਨ ਫੁਟ ਦੀ ਰਸੋਈ ਵੀ ਵਿਚੇ ਹੀ ਇਕਹਿਰੇ ਪਰਦੇ ਨਾਲ ਬਣਾਈ ਹੈ.. ਰਸੋਈ ਚ ਇਕ ਖੂੰਜੇ ਚ ਪਏ ਆਟੇ ਨਾਲ ਲਿਬਡ਼ੇ ਅੱਧਾ ਅੱਧਾ ਕਿਲੋ ਦੇ ਲਿਫਾਫੇ ਆਪੇ ਹੀ ਦਸਦੇ ਨੇ ਕਿ ਘਰ ਚ ਆਟਾ ਏਨਾ ਹੀ ਆਉਂਦਾ ਹੈ। ਕਈ ਵਾਰ ਨਹੀ ਵੀ ਆਉਂਦਾ, ਕਿਉਂਕਿ ਪੈਸੇ ਨਹੀਂ ਹੁੰਦੇ। ਮੇਰੇ ਬੱਚੇ ਬਡ਼ੇ ਸਬਰ ਵਾਲੇ ਨੇ ਜੀ. ਬਹੁਤੀ ਵਾਰ ਬਿਨਾ ਕੁਝ ਖਾਧਿਆਂ ਹੀ ਪਡ਼ਨ ਚਲੇ ਜਾਂਦੇ ਨੇ- ਵਰਸ਼ਾ ਦੱਸਦੀ ਹੈ। ਭੁੱਖ ਨਹੀ ਲਗਦੀ??ਮੈਂ ਬੱਚਿਆਂ ਨੂੰ ਸਵਾਲ ਕੀਤਾ ਤਾਂ ਉਹਨਾਂ ਕੋਲ ਅੱਥਰੂਆਂ ਭਰੀਆਂ ਅੱਖਾਂ ਛੁਪਾਉਣ ਤੋਂ ਬਿਨਾ ਕੋਈ ਜੁਆਬ ਨਹੀ ਸੀ। ਪਰ ਇਹਦਾ ਜੁਆਬ ਮੈਂ ਦੇ ਦਿੰਦੀ ਹਾਂ, ਛੋਟੇ ਭਰਾਵਾਂ ਦੀਆਂ ਕਾਪੀਆਂ ਦੇ ਕਈ ਵਰਕੇ ਫਟੇ ਹੋਏ ਮਿਲੇ,ਕਾਗਜ਼ ਚੱਬਣ ਨਾਲ ਭੁੱਖ ਮਰ ਜਾਂਦੀ ਹੈ। ਵਰਸ਼ਾ ਦੱਸਦੀ ਹੈ ਕਿ ਮਾਂ ਜਦ ਤੱਕ ਜਿਉਂਦੀ ਰਹੀ ਕੁਝ ਨਾ ਕੁਝ ਮਦਦ ਦਿੰਦੀ ਰਹੀ, ਆਖਰੀ ਵਾਰ ਵਰਸ਼ਾ ਨੂ ਮਾਂ ਰਾਹ ਚ ਮਿਲੀ ਸੀ, ਆਪਣੀ ਦਵਾਈ ਲੈ ਕੇ ਜਾ ਰਹੀ ਸੀ, ਬਾਕੀ ਬਚੇ ਚਾਲੀ ਰੁਪਏ ਧੀ ਦੀ ਮੁੱਠ ਚ ਦੇ ਕੇ ਸਿਰ ਪਲੋਸ ਕੇ ਚਲੀ ਗਈ, ਮਾਂ ਸਦਾ ਲਈ ਚਲੀ ਗਈ, ਉਹ ਚਾਲੀ ਰੁਪਏ ਵਰਸ਼ਾ ਨੇ ਕਦੇ ਨਹੀ ਖਰਚੇ, ਦੱਸਦੀ ਹੈ ਕਿ ਕਈ ਵਾਰ ਘਰ ਆਟੇ ਦੀ ਚੂੰਢੀ ਨਹੀ ਹੁੰਦੀ ਤਾਂ ਉਹ ਚਾਲੀ ਰੁਪਏ ਚੇਤੇ ਆ ਜਾਂਦੇ ਨੇ, ਪਰ ਨਹੀ ਖਰਚਦੀ, ਮੈਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਉਹਨਾਂ ਚਾਲੀ ਰੁਪਈਆਂ ਚ ਸਿਮਟੀ ਮਾਂ ਸਾਰੀ ਦੀ ਸਾਰੀ ਮੇਰੇ ਨਾਲ ਹੀ ਰਹਿ ਰਹੀ ਹੈ। ਛੋਟੇ ਬੱਚੇ ਦੇਵ ਨੂੰ ਮਿਠਾਈ ਬਹੁਤ ਪਸੰਦ ਹੈ, ਘਰ ਦੇ ਕੋਲ ਹੀ ਹਲਵਾਈ ਦੀ ਵੱਡੀ ਸਾਰੀ ਦੁਕਾਨ ਹੈ, ਬਣ ਰਹੀ ਮਿਠਾਈ ਦੀਆਂ ਮਹਿਕਾਂ ਕੰਧਾਂ ਕੋਠੇ ਟੱਪ ਅਣਭੋਲ ਬਚਪਨ ਨੂੰ ਛੇਡ਼ਨ ਆ ਜਾਂਦੀਆਂ ਨੇ। ਮਸੂਮ ਬੱਚੇ ਕੰਧ ਪਾਰੋਂ ਆ ਰਹੀ ਇਸ ਮਿੱਠੀ ਮਹਿਕ ਨੂੰ ਰੋਕਣ ਲਈ ਸ਼ਾਇਦ ਸਾਹ ਰੋਕ ਲੈਂਦੇ ਹੋਣਗੇ,ਪਰ ਮਾਂ ਹੈ, ਸਭ ਸਮਝ ਜਾਂਦੀ ਹੈ, ਦੇਵ ਦੀ ਉਂਗਲ ਫਡ਼ ਕੋਲ ਹੀ ਸਥਿਤ ਮੰਦਰ ਲੈ ਜਾਂਦੀ ਹੈ, ਜਿਥੇ ਪਰਸਾਦ ਦੇ ਰੂਪ ਚ ਮਿਠਾਈ ਦਾ ਟੁਕਡ਼ਾ ਮਿਲਦਾ ਹੈ, ਬੱਚਾ ਦੂਜੀ ਵਾਰ ਵੀ ਹੱਥ ਅੱਗੇ ਕਰਦਾ ਹੈ ਤਾਂ ਪੁਜਾਰੀ ਹੱਸਦਾ ਹੋਇਆ ਇਕ ਹੋਰ ਟੁਕਡ਼ਾ ਨੰਨੇ ਹੱਥ ਤੇ ਧਰ ਦਿੰਦਾ ਹੈ, ਬੱਚਾ ਖੁਸ਼ ਤਾਂ ਰੱਬ ਖੁਸ਼ ..ਚਲੋ ਰੱਬ ਦੇ ਦਰ ਤੋਂ ਕਿਸੇ ਲਾਲਸਾ ਦੀ ਪੂਰਤੀ ਤਾਂ ਹੋ ਜਾਂਦੀ ਹੈ। ਵਰਸ਼ਾ ਦੱਸਦੀ ਹੈ ਕਿ ਅਸੀਂ ਪਿਛਲੀ ਵਾਲੇ ਦਿਨ ਤੀਹ ਰੁਪਏ ਦੇ ਰਸਗੁੱਲੇ ਲਿਆਂਦੇ, ਛੇ ਪੀਸ ਆਗੇ ਸੀ, ਅਸੀਂ ਸਾਰਿਆਂ ਨੇ ਖਾਧੇ .. ਮਹਿਸੂਸ ਹੋਇਆ ਜਿਵੇਂ ਸੰਜੇ, ਵਰਸ਼ਾ, ਤੇ ਚਹੁੰਆਂ ਬੱਚਿਆਂ ਨੇ ਤੀਹ ਰੁਪਿਆਂ ਦੇ ਰਸਗੁੱਲਿਆਂ ਦੀ ਮਿਠਾਸ ਨਾਲ ਜਿ਼ੰਦਗੀ ਦੀ ਸਾਰੀ ਕੁਡ਼ੱਤਣ ਸਮੇਟਣ ਦਾ ਯਤਨ ਕੀਤਾ ਹੋਵੇ.. ਤੇ ਮੈਂ ਉਹਨਾਂ ਦੇ ਦਰਦਾਂ ਨੂ ਸ਼ਬਦਾਂ ਚ ਸਮੇਟ ਕੇ ਪਾਠਕਾਂ ਦੇ ਦਰ ਕੇ ਆਈ ਹਾਂ.. ਇਕ ਸਵਾਲ ਨਾਲ, ਕਿ ਹਕੂਮਤਾਂ ਬਦਲਣ ਨਾਲ, ਕਿਸੇ ਸੰਜੇ ਦੇ ਕਿਸੇ ਵਰਸ਼ਾ ਦੇ ਹਾਲਾਤ ਕਿਉਂ ਨਹੀ ਬਦਲਦੇ..ਜੇ ਨਹੀ ਬਦਲਦੇ ਤਾਂ ਸਰਕਾਰਾਂ ਬਦਲ ਕੇ ਕੀ ਕਰਨਾ ?????
Comment here