ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਤੀਜੇ ਵਿਸ਼ਵ ਯੁੱਧ ਦਾ ਖਦਸ਼ਾ

ਕੀਵ- ਰੂਸ ਦੇ ਯੂਕਰੇਨ ਉੱਤੇ ਹਮਲੇ ਲਗਾਤਾਰ ਜਾਰੀ ਹਨ। ਯੁਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ’ਚ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਨਾਲ ਹੀ ਟੈਂਕਾਂ ਤੋਂ ਨਿਕਲ ਰਹੇ ਗੋਲ਼ੇ ਕੰਧਾਂ ਚੀਰ ਕੇ ਲੋਕਾਂ ਦੀ ਜਾਨ ਲੈ ਰਹੇ ਹਨ। ਹਮਲੇ ਦੇ ਸੱਤਵੇਂ ਦਿਨ ਖਾਰਕੀਵ ’ਤੇ ਰੂਸੀ ਹਮਲੇ ਹੋਰ ਤੇਜ਼ ਹੋ ਗਏ। ਕਰੂਜ਼ ਮਿਜ਼ਾਈਲਾਂ ਨੇ ਨਗਰ ਕੌਂਸਲ ਦੀ ਇਮਾਰਤ ਤੇ ਹੋਰ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਤਾਜ਼ਾ ਹਮਲਿਆਂ ਪਿੱਛੋਂ ਯੂਕਰੇਨ ’ਚ ਦੋ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ ਉੱਥੇ ਰਹਿ ਰਹੇ ਭਾਰਤੀਆਂ ਨੂੰ ਤੁਰੰਤ ਸ਼ਹਿਰ ਛੱਡਣ ਲਈ ਕਿਹਾ ਹੈ। ਇਸ ਦੌਰਾਨ ਰੂਸੀ ਫ਼ੌਜਾਂ ਨੇ ਕੱਲ ਯੂਕਰੇਨ ਦੇ ਖੇਰਸਾਨ ਸ਼ਹਿਰ ’ਤੇ ਕਬਜ਼ਾ ਕਰ ਲਿਆ। ਰਾਜਧਾਨੀ ਕੀਵ ਨੂੰ ਘੇਰ ਕੇ ਰੂਸੀ ਫ਼ੌਜੀ ਉਸ ’ਤੇ ਹਮਲੇ ਤੇਜ਼ ਕਰਦੇ ਹੋਏ ਹੋਰ ਨਜ਼ਦੀਕ ਪੁੱਜ ਗਏ ਹਨ। ਵੱਧ ਰਹੀ ਅਨਿਸ਼ਚਿਤਤਾ ਦੇ ਮਾਹੌਲ ’ਚ ਕੱਚਾ ਤੇਲ ਰਿਕਾਰਡ ਉੱਚਾਈ ’ਤੇ ਪੁੱਜ ਗਿਆ ਹੈ। ਕਰੀਬ 110 ਡਾਲਰ ਪ੍ਰਤੀ ਬੈਰਲ ’ਤੇ ਪੁੱਜ ਗਿਆ। ਹਮਲੇ ਦੇ ਸੱਤਵੇਂ ਦਿਨ ਰਾਜਧਾਨੀ ਕੀਵ ’ਤੇ ਕਬਜ਼ਾ ਕਰਨ ’ਚ ਨਾਕਾਮ ਰੂਸੀ ਫ਼ੌਜ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਹੁਣ ਉਹ ਨਾਗਰਿਕ ਇਲਾਕਿਆਂ ’ਚ ਹਮਲੇ ਕਰਨ ’ਚ ਵੀ ਪਰਹੇਜ਼ ਨਹੀਂ ਕਰ ਰਹੀ। ਪਰਮਾਣੂ ਹਥਿਆਰਾਂ ਨੂੰ ਹਾਈ ਅਲਰਟ ਕਰਨ ਤੋਂ ਬਾਅਦ ਬੁੱਧਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਤੀਜੇ ਵਿਸ਼ਵ ਯੁੱਧ ਦੀ ਚਿਤਾਵਨੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ਵ ਯੁੱਧ ਛਿੜਿਆ ਤਾਂ ਉਸ ਵਿਚ ਪਰਮਾਣੂ ਹਥਿਆਰਾਂ ਦੀ ਵਰਤੋਂ ਹੋਣੀ ਨਿਸ਼ਚਿਤ ਹੈ, ਇਸ ਕਾਰਨ ਦੁਨੀਆ ’ਚ ਮਹਾ-ਤਬਾਹੀ ਹੋਵੇਗੀ। ਇਸ ਦੌਰਾਨ ਪਰਮਾਣੂ ਹਥਿਆਰਾਂ ਨਾਲ ਲੈਸ ਰੂਸ ਦੀ ਪਣਡੁੱਬੀ ਬੈਰੇਂਟਸ ਸਾਗਰ ’ਚ ਗ਼ਸ਼ਤ ਕਰਦੀ ਹੋਈ ਦੇਖੀ ਗਈ ਹੈ। ਰਾਸ਼ਟਰਪਤੀ ਪੁਤਿਨ ਦੇ ਹਾਈ ਅਲਰਟ ਦੇ ਆਦੇਸ਼ ਪਿੱਛੋਂ ਰੂਸ ਦੇ ਪਰਮਾਣੂ ਹਥਿਆਰ ਹਮਲੇ ਲਈ ਤਿਆਰ ਸਥਿਤੀ ’ਚ ਹਨ। ਰੂਸ ਨੇ ਯੂਕਰੇਨ ’ਚ ਹਥਿਆਰਾਂ ਦੀ ਸਪਲਾਈ ਕਰ ਰਹੇ ਨਾਟੋ ਦੇ ਦੇਸ਼ਾਂ ’ਤੇ ਹਮਲੇ ਨਾ ਕਰਨ ਦੀ ਗਾਰੰਟੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਜਦਕਿ ਵਾਸ਼ਿੰਗਟਨ ’ਚ ਅਮਰੀਕੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸ ਨੂੰ ਯੂਕਰੇਨ ’ਤੇ ਹਮਲੇ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਯੂਕਰੇਨ ਦੀ ਪੂਰੀ ਮਦਦ ਦਾ ਐਲਾਨ ਕੀਤਾ ਹੈ। ਯੂਕਰੇਨੀ ਨਾਗਰਿਕਾਂ ਨੂੰ ਘਰ ਛੱਡ ਕੇ ਭੱਜ ਜਾਣ ਦੇ ਸੰਦੇਸ਼ ਦੇਣ ਪਿੱਛੋਂ ਰੂਸ ਨੇ ਮੰਗਲਵਾਰ ਰਾਤ ਤੋਂ ਰਾਜਧਾਨੀ ਕੀਵ, ਖਾਰਕੀਵ ਤੇ ਹੋਰ ਪ੍ਰਮੁੱਖ ਸ਼ਹਿਰਾਂ ’ਤੇ ਹਮਲੇ ਤੇਜ਼ ਕਰ ਦਿੱਤੇ। ਪਤਾ ਲੱਗਾ ਹੈ ਕਿ 15 ਲੱਖ ਦੀ ਆਬਾਦੀ ਵਾਲੇ ਖਾਰਕੀਵ ਦੇ ਕੁਝ ਇਲਾਕਿਆਂ ’ਚ ਰੂਸੀ ਪੈਰਾਟਰੂਪਰ ਵੀ ਉਤਰ ਚੁੱਕੇ ਹਨ ਤੇ ਉੱਥੇ ਉਨ੍ਹਾਂ ਦੀ ਯੂਕਰੇਨੀ ਫ਼ੌਜੀਆਂ ਨਾਲ ਆਹਮੋ-ਸਾਹਮਣੇ ਦੀ ਲੜਾਈ ਹੋ ਰਹੀ ਹੈ। ਪਿਛਲੇ 24 ਘੰਟਿਆਂ ’ਚ ਖਾਰਕੀਵ ’ਚ 21 ਲੋਕਾਂ ਦੇ ਮਾਰੇ ਜਾਣ ਤੇ 112 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮਾਰੀਪੋਲ ਸ਼ਹਿਰ ’ਚ ਵੀ ਲੜਾਈ ਤੇਜ਼ ਹੋਣ ਦੀ ਖ਼ਬਰ ਹੈ। ਕੀਵ ’ਚ ਮੰਗਲਵਾਰ ਰਾਤ ਯਹੂਦੀਆਂ ਦੇ ਬੇਬੀਨ ਯਾਰ ਹੋਲੋਕਾਸਟ ਮੈਮੋਰੀਅਲ ਦੇ ਨਜ਼ਦੀਕ ਸਥਿਤ ਟੀਵੀ ਟਾਵਰ ’ਤੇ ਰੂਸੀ ਹਮਲੇ ’ਚ ਪੰਜ ਲੋਕ ਮਾਰੇ ਗਏ ਸਨ। ਇਸ ਪਿੱਛੋਂ ਜਾਰੀ ਸੰਦੇਸ਼ ’ਚ ਜ਼ੇਲੈਂਸਕੀ ਨੇ ਲੋਕਾਂ ਨੂੰ ਬਹਾਦਰੀ ਨਾਲ ਹਮਲੇ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਪੱਛਮੀ ਦੇਸ਼ਾਂ ਦੇ ਰਣਨੀਤਕ ਮਾਹਿਰਾਂ ਦਾ ਅਨੁਮਾਨ ਹੈ ਕਿ ਰੂਸ ਨੇ ਹੁਣ ਆਪਣੀ ਰਣਨੀਤੀ ਬਦਲਦੇ ਹੋਏ ਇਮਾਰਤਾਂ ’ਤੇ ਹਮਲੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਨਾਗਰਿਕਾਂ ਦੀ ਜਾਨ ਜਾ ਸਕਦੀ ਹੈ ਤੇ ਵੱਡੇ ਪੱਧਰ ’ਤੇ ਬਰਬਾਦੀ ਹੋ ਸਕਦੀ ਹੈ। ਰੂਸ ਦੀ ਰਣਨੀਤੀ ’ਚ ਇਹ ਬਦਲਾਅ ਯੂਕਰੇਨ ’ਚ ਸਖ਼ਤ ਵਿਰੋਧ ਝੱਲਣ ਤੋਂ ਬਾਅਦ ਹੋਇਆ ਹੈ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਕਿਹਾ ਕਿ ਯੂਕਰੇਨ ’ਚ ਟੀਚਾ ਹਾਸਲ ਹੋਣ ਤਕ ਹਮਲੇ ਜਾਰੀ ਰਹਿਣਗੇ। ਉਨ੍ਹਾਂ ਜੰਗ ਦੀ ਸਮਾਂ ਹੱਦ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਦਰਮਿਆਨ ਯੂਕਰੇਨ ਦੀ ਐਮਰਜੈਂਸੀ ਸੇਵਾ ਨੇ ਕਿਹਾ ਹੈ ਕਿ ਰੂਸੀ ਹਮਲੇ ਨਾਲ ਹਾਲੀਆ ਦੋ ਹਜ਼ਾਰ ਤੋਂ ਜ਼ਿਆਦਾ ਨਾਗਰਿਕ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੱਡੇ ਪੱਧਰ ’ਤੇ ਆਵਾਜਾਈ ਸਹੂਲਤ, ਹਸਪਤਾਲ, ਸਕੂਲ, ਨਿਵਾਸ ਆਦਿ ਨੂੰ ਨੁਕਸਾਨ ਪਹੁੰਚਿਆ ਹੈ। ਰੂਸੀ ਹਮਲਿਆਂ ’ਚ ਬੱਚੇ, ਔਰਤਾਂ ਤੇ ਫ਼ੌਜੀ ਹਰ ਘੰਟੇ ਮਾਰੇ ਜਾ ਰਹੇ ਹਨ। ਰੂਸੀ ਹਮਲੇ ਤੋਂ ਬਾਅਦ ਕਰੀਬ ਸੱਤ ਲੱਖ ਲੋਕਾਂ ਦਾ ਯੂਕਰੇਨ ਤੋਂ ਹਿਜਰਤ ਹੋਈ ਹੈ। ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਸਾਢੇ ਚਾਰ ਲੱਖ ਲੋਕ ਗੁਆਂਢ ਦੇ ਦੇਸ਼ ਪੋਲੈਂਡ ’ਚ ਪੁੱਜੇ ਹਨ।

Comment here