‘ਆਪ’ ਆਗੂ ਵੀ ਨਾਮਜ਼ਦ
ਬਠਿੰਡਾ-ਤੀਆਂ ਦੇ ਤਿਉਹਾਰ ਦੇ ਸਬੰਧ ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਦਲਿਤਾਂ ਲਈ ਕਥਿਤ ਤੌਰ ‘ਤੇ ਲੰਗਰ ਦਾ ਵੱਖਰਾ ਪ੍ਰਬੰਧ ਕੀਤੇ ਜਾਣ ਮਗਰੋਂ ਇੱਕ ਨਵਾਂ ‘ਵਿਵਾਦ’ ਖੜ੍ਹਾ ਹੋ ਗਿਆ ਹੈ।ਇਹ ਸਮਾਗਮ 7 ਅਗਸਤ ਨੂੰ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਮਲੂਕਾ ਵਿਖੇ ਰੱਖਿਆ ਗਿਆ ਸੀ।ਦਲਿਤ ਬੀਬੀਆਂ ਨਾਲ ‘ਜਾਤ-ਪਾਤ ਸਬੰਧੀ ਵਿਤਕਰੇ’ ਦਾ ਮਾਮਲਾ ਸਾਹਮਣੇ ਆਉਣ ’ਤੇ ਥਾਣਾ ਦਿਆਲਪੁਰਾ ਵਿਚ ‘ਆਪ’ ਆਗੂ ਸਣੇ ਪੰਜ ਜਣਿਆਂ ਖ਼ਿਲਾਫ਼ ਐੱਸਸੀਐੱਸਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਸੁਖਦੀਪ ਕੌਰ ਪਤਨੀ ਲਛਮਣ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ 7 ਅਗਸਤ ਨੂੰ ਰਘਵੀਰ ਸਿੰਘ ਵੱਲੋਂ ਕਰਵਾਏ ਤੀਆਂ ਦੇ ਪ੍ਰੋਗਰਾਮ ਵਿੱਚ ਉਹ ਵੀ ਸ਼ਾਮਲ ਹੋਈ ਸੀ, ਜਿਥੇ ਐੱਸਸੀ ਤੇ ਜਨਰਲ ਭਾਈਚਾਰਿਆਂ ਲਈ ਵੱਖ-ਵੱਖ ਟੈਂਟ ਲੱਗੇ ਹੋਏ ਸਨ। ਸੁਖਦੀਪ ਕੌਰ ਅਨੁਸਾਰ ਜਦੋਂ ਉਸ ਨੇ ਖਾਣਾ ਖਾਣ ਲਈ ਥਾਲ ਚੁੱਕਿਆ ਤਾਂ ਕੁਲਦੀਪ ਕੌਰ ਪਤਨੀ ਪਲਵਿੰਦਰ ਸਿੰਘ ਨੇ ਥਾਲ ਖੋਹ ਕੇ ਕਿਹਾ ‘ਛੋਟੀਆਂ ਜਾਤਾਂ ਵਾਸਤੇ ਵੱਖਰਾ ਪ੍ਰਬੰਧ ਹੈ ਅਤੇ ਤੁਹਾਡਾ ਲੰਗਰ ਉੱਧਰ ਹੈ’। ਇਸ ਮੌਕੇ ਕੋਲ ਖੜ੍ਹੇ ਇੱਕ ਹੋਰ ਵਿਅਕਤੀ ਜਗਸੀਰ ਸਿੰਘ ਨੇ ਵੀ ਇਹੀ ਸ਼ਬਦ ਦੁਹਰਾਏ। ਜਿਵੇਂ ਹੀ ਇਸ ਅਨਾਊਂਸਮੈਂਟ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਤਾਂ ਵੱਖ-ਵੱਖ ਜਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ।ਪਿੰਡ ਦੇ ਵਸਨੀਕ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਦਲਿਤ ਵਰਗ ਅਤੇ ਉੱਚ ਜਾਤੀਆਂ ਲਈ ਵੱਖੋ ਵੱਖਰੇ ਟੈਂਟ ਲਗਾਏ ਗਏ ਸਨ।ਦਲਿਤ ਔਰਤ ਦੀ ਸ਼ਿਕਾਇਤ ਮਗਰੋਂ ਪੁਲੀਸ ਨੇ ਰਘਵੀਰ ਸਿੰਘ, ਜਗਸੀਰ ਸਿੰਘ, ਸਵਰਨਾ, ‘ਆਪ’ ਆਗੂ ਲੱਖਾ ਸਿੰਘ ਤੇ ਕੁਲਦੀਪ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਲੀ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਸਮਾਗਮ ਦੌਰਾਨ ਕਥਿਤ ਤੌਰ ‘ਤੇ ਇਹ ਵੀ ਕਿਹਾ ਗਿਆ ਕਿ ਦਲਿਤ ਕੁੜੀਆਂ ਸਟੇਜ ਤੋਂ ਉਤਰ ਜਾਣ।
ਥਾਣਾ ਦਿਆਲਪੁਰਾ ਭਾਈਕਾ ਦੇ ਐੱਸਐੱਚਓ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਜਿਵੇਂ ਹੀ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਪੁੱਜੀ ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਯਾਦ ਰਹੇ ਕਿ ਇਸ ਘਟਨਾ ਦੇ ਵਾਪਰਨ ਤੋਂ ਤਿੰਨ ਦਿਨ ਬਾਅਦ 10 ਅਗਸਤ ਨੂੰ ਇਹ ਕੇਸ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਅਨੁਸਾਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਦਲਿਤ ਮਹਾ-ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਆਈਜੀ ਸ਼ਿਵ ਕੁਮਾਰ ਵਰਮਾ ਨੂੰ ਮਿਲ ਕੇ ਸ਼ਿਕਾਇਤ ਕੀਤੀ ਹੈ ਕਿ ਧਨਾਢ ਦੋਸ਼ੀਆਂ ਵੱਲੋਂ ਪੀੜਤਾਂ ਨੂੰ ਧਮਕਾਇਆ ਜਾ ਰਿਹਾ ਹੈ।
ਪਿੰਡ ਮਲੂਕਾ ਵਿੱਚ ਵੱਖ-ਵੱਖ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਪਿੰਡ ਵਿੱਚ ਵੱਖ-ਵੱਖ ਸਿਆਸੀ ਧੜਿਆਂ ਦਰਮਿਆਨ ਅਕਸਰ ਹੀ ਖਿੱਚੋਤਾਣ ਚੱਲਦੀ ਰਹਿੰਦੀ ਹੈ।ਪਿੰਡ ਦੇ ਵਸਨੀਕ ਬੀਰਾ ਸਿੰਘ ਦਾ ਕਹਿਣਾ ਹੈ ਕਿ ਇਸ ਸਿਆਸੀ ਧੜੇਬੰਦੀ ਦਾ ਸ਼ਿਕਾਰ ਕਥਿਤ ਤੌਰ ‘ਤੇ ਗ਼ਰੀਬ ਲੋਕ ਹੀ ਹੁੰਦੇ ਰਹੇ ਹਨ।ਪੀੜਤ ਔਰਤ ਦੇ ਪਤੀ ਖੇਤ ਮਜ਼ਦੂਰ ਹਨ। ਜਦੋਂ ਉਨ੍ਹਾਂ ਤੋਂ ਇਸ ਘਟਨਾ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ ਸ਼ਬਦਾਂ ਵਿੱਚ ਕਿਹਾ, “ਅਸੀਂ ਮਜ਼ਦੂਰੀ ਕਰਕੇ ਆਪਣਾ ਘਰ ਚਲਾਉਂਦੇ ਹਾਂ। ਅਜਿਹੇ ਹਾਲਾਤ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ।”
ਦੂਜੇ ਪਾਸੇ ਇਸ ਸਮਾਗਮ ਨੂੰ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਰਘਬੀਰ ਸਿੰਘ ਦੇ ਪੁੱਤਰ ਰਾਮ ਸਿੰਘ ਦਾ ਕਹਿਣਾ ਹੈ ਕਿ ਸਮਾਗਮ ਵਿੱਚ ਦੋ ਲੰਗਰ ਨਹੀਂ ਸਨ।ਅਸੀਂ ਆਪਣੇ ਰਿਸ਼ਤੇਦਾਰਾਂ ਲਈ ਇੱਕ ਵੱਖਰੇ ਲੰਗਰ ਦਾ ਪ੍ਰਬੰਧ ਕੀਤਾ ਸੀ ਜਿਸ ਵਿੱਚ ਸਿਰਫ ਪਰਿਵਾਰਕ ਮੈਂਬਰ ਹੀ ਹਾਜ਼ਰ ਸਨ। ਜਦੋਂ ਕਿ ਆਮ ਸੰਗਤ ਲਈ ਦੂਜੇ ਪਾਸੇ ਖੁੱਲ੍ਹਾ ਲੰਗਰ ਬਿਨਾਂ ਕਿਸੇ ਭੇਦਭਾਵ ਦੇ ਵਰਤਾਇਆ ਗਿਆ ਸੀ।ਉਨ੍ਹਾਂ ਕਿਹਾ, “ਮੇਰੇ ਪਿਤਾ ਰਘਬੀਰ ਸਿੰਘ ਨੇ ਹਰ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲਿਆ ਹੈ। ਅਸੀਂ ਬੜੇ ਚਾਵਾਂ ਨਾਲ ਇਹ ਸਮਾਗਮ ਕਰਵਾਇਆ ਸੀ। ਪਤਾ ਨਹੀਂ ਕਿਸ ਤਰ੍ਹਾਂ ਦੀ ਸਿਆਸਤ ਇਸ ਸਮਾਗਮ ਵਿੱਚ ਕੀਤੀ ਗਈ ਕਿ ਇਹ ਬਖੇੜਾ ਖੜ੍ਹਾ ਹੋ ਗਿਆ।ਰਾਮ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਪੀੜਤ ਔਰਤ ਨੇ ਇੱਕ ਹਲਫੀਆ ਬਿਆਨ ਰਾਹੀਂ ਸਾਰੀ ਸਥਿਤੀ ਸਾਫ਼ ਕਰ ਦਿੱਤੀ ਹੈ। ਪੀੜਤ ਔਰਤ ਦਾ ਕਹਿਣਾ ਹੈ ਕਿ ਘਟਨਾ ਦੇ ਸਬੰਧ ਵਿੱਚ ਸਮਾਗਮ ਦੇ ਮੁੱਖ ਪ੍ਰਬੰਧਕ ਨੇ ਸਾਡੇ ਕੋਲੋਂ ਮੁਆਫ਼ੀ ਮੰਗ ਲਈ ਹੈ। ਪਿੰਡ ਵਿੱਚ ਸਾਲਾਂ ਤੋਂ ਭੈਣਾਂ-ਭਰਾਵਾਂ ਵਾਂਗ ਰਹਿੰਦੇ ਆ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਗੱਲ ਜਲਦੀ ਹੀ ਨਿੱਬੜ ਜਾਵੇਗੀ।” ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਗੱਲ ਤੋ ਜਾਣੂ ਨਹੀਂ ਹਨ ਕਿ ਦੋਵਾਂ ਧਿਰਾਂ ਦਰਮਿਆਨ ਕੋਈ ਸਮਝੌਤਾ ਹੋਇਆ ਹੈ ਜਾਂ ਨਹੀਂ।
Comment here