ਸਿਆਸਤਖਬਰਾਂਦੁਨੀਆ

ਤਿੰਨ ਭਾਰਤੀ ਵਿਦਿਆਰਥੀ ਗਲੋਬਲ ਸਟੂਡੈਂਟ ਪੁਰਸਕਾਰ ‘ਚ ਸ਼ਾਮਲ

ਲੰਡਨ-ਦੁਨੀਆ ਦੇ 150 ਦੇਸ਼ਾਂ ਦੇ 7 ਹਜ਼ਾਰ ਬਿਨੈਕਾਰਾਂ ਵਿੱਚੋਂ ਸਾਲ 2022 ਲਈ ‘ਗਲੋਬਲ ਸਟੂਡੈਂਟ’ ਪੁਰਸਕਾਰਾਂ ਦੀ ਸੂਚੀ ਵਿੱਚ 3 ਭਾਰਤੀਆਂ ਨੂੰ ਥਾਂ ਮਿਲੀ ਹੈ।ਵੱਖ-ਵੱਖ ਖੇਤਰਾਂ ਵਿੱਚ ਆਪਣੀ ਛਾਪ ਛੱਡਣ ਵਾਲੇ ਵਿਦਿਆਰਥੀਆਂ ਨੂੰ ਇਸ ਐਵਾਰਡ ਤਹਿਤ ਹਰ ਸਾਲ ਇੱਕ ਲੱਖ ਅਮਰੀਕੀ ਡਾਲਰ ਦਾ ਇਨਾਮ ਦਿੱਤਾ ਜਾਂਦਾ ਹੈ।
ਗੋਆ ਵਿੱਚ ਬਿਰਲਾ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ (ਬੀ.ਆਈ.ਟੀ.ਐਸ.) ਦੀ 20 ਸਾਲਾ ਵਿਦਿਆਰਥਣ ਅਨਘਾ ਰਾਜੇਸ਼, ਰਿਸ਼ੀਕੇਸ਼ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ 22 ਸਾਲਾ ਵਿਦਿਆਰਥੀ ਓਸ਼ਿਨ ਪੁਰੀ ਅਤੇ ਬੈਂਗਲੁਰੂ ਦੀ 19 ਸਾਲਾ ਹਾਈ ਸਕੂਲ ਦੀ ਵਿਦਿਆਰਥਣ ਸ਼੍ਰੇਆ ਹੇਗੜੇ ਇਸ ਸਾਲ ਦੇ ਪੁਰਸਕਾਰਾਂ ਦੇ ਸਿਖ਼ਰਲੇ 50 ਦੀ ਸੂਚੀ ਵਿੱਚ ਸ਼ਾਮਲ ਸਨ। ਸਿੱਖਿਆ ਜਗਤ ਦੀ ਕੰਪਨੀ ‘ਚੇਗ’ ਦੀ ਗੈਰ-ਲਾਭਕਾਰੀ ਇਕਾਈ ਇਹ ਪੁਰਸਕਾਰ ਪ੍ਰਦਾਨ ਕਰਦੀ ਹੈ।
ਚੈਗ ਦੇ ਸੀ.ਈ.ਓ. ਡੈਨ ਰੋਸੇਨਸਵੈਗ ਨੇ ਕਿਹਾ, ‘ਪਿਛਲੇ ਸਾਲ ਪੁਰਸਕਾਰਾਂ ਦੀ ਸ਼ੁਰੂਆਤ ਤੋਂ ਲੈ ਕੇ ਗਲੋਬਲ ਸਟੂਡੈਂਟ ਪੁਰਸਕਾਰ ਨੇ ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਆਪਣੀਆਂ ਕਹਾਣੀਆਂ ਸੁਣਾਉਣ, ਇੱਕ-ਦੂਜੇ ਨਾਲ ਸੰਪਰਕ ਕਰਨ ਅਤੇ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਲੋਕਾਂ ਨੂੰ ਮਿਲਣ ਦਾ ਮੌਕਾ ਦਿੱਤਾ ਹੈ।’ ਉਨ੍ਹਾਂ ਕਿਹਾ, ‘ਅਨਘਾ, ਓਸ਼ਿਨ ਅਤੇ ਸ਼੍ਰੇਆ ਵਰਗੇ ਵਿਦਿਆਰਥੀਆਂ ਨੂੰ ਵੀ ਆਪਣੇ ਅਨੁਭਵ ਸਾਂਝੇ ਕਰਨ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਹੈ। ਆਖ਼ਰਕਾਰ, ਦੁਨੀਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਉਨ੍ਹਾਂ ਦੇ ਸੁਫ਼ਨਿਆਂ, ਵਿਚਾਰਾਂ ਅਤੇ ਰਚਨਾਤਮਕਤਾ ਨੂੰ ਮਹੱਤਵ ਦੇਣ ਦੀ ਜ਼ਰੂਰਤ ਹੈ।’

Comment here