ਅਪਰਾਧਸਿਆਸਤਖਬਰਾਂ

ਤਿੰਨ ਡਰੋਨਾਂ ਨੇ ਈਰਾਨ ਦੀ ਰੱਖਿਆ ਉਪਕਰਨ ਕੰਪਨੀ ‘ਤੇ ਕੀਤਾ ਹਮਲਾ

ਦੁਬਈ-ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਆਈ. ਆਰ. ਐੱਨ. ਏ. ਨੇ ਦੱਸਿਆ ਕਿ ਈਰਾਨ ਦੇ ਕੇਂਦਰੀ ਸ਼ਹਿਰ ਇਸਫਾਹਾਨਾ ‘ਚ ਸ਼ਨੀਵਾਰ ਦੇਰ ਰਾਕ ਇਕ ਰੱਖਿਆ ਉਪਕਰਨ ਬਣਾਉਣ ਵਾਲੀ ਕੰਪਨੀ ‘ਤੇ ਡਰੋਨ ਹਮਲਾ ਹੋਇਆ, ਜਿਸ ਕਾਰਨ ਕੰਪਲੈਕਸ ਦੀ ਛੱਤ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਏਜੰਸੀ ਨੇ ਕਿਹਾ ਕਿ ਸ਼ਨੀਵਾਰ ਦੇਰ ਰਾਤ ਇਸਫਾਹਾਨ ਵਿੱਚ ਰੱਖਿਆ ਉਪਕਰਣ ਬਣਾਉਣ ਵਾਲੀ ਇਕ ਕੰਪਨੀ ਨੂੰ ਤਿੰਨ ਡਰੋਨਾਂ ਨੇ ਨਿਸ਼ਾਨਾ ਬਣਾਇਆ। ਬਿਆਨ ਮੁਤਾਬਕ ਹਮਲੇ ‘ਚ ਕੰਪਨੀ ਦੀ ਛੱਤ ਨੂੰ ਨੁਕਸਾਨ ਹੋਇਆ ਹੈ। ਇਸ ‘ਚ ਇਹ ਵੀ ਦੱਸਿਆ ਗਿਆ ਹੈ ਕਿ ਤਿੰਨੋਂ ਡਰੋਨਾਂ ਨੂੰ ਬਾਅਦ ਵਿਚ ਈਰਾਨ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਮਾਰ ਸੁੱਟਿਆ। ਹਾਲਾਂਕਿ ਈਰਾਨ ਦੇ ਰੱਖਿਆ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਡਰੋਨ ਹਮਲੇ ਪਿੱਛੇ ਕਿਸ ਦਾ ਹੱਥ ਹੋਣ ਦਾ ਸ਼ੱਕ ਹੈ।
ਦੱਸ ਦੇਈਏ ਕਿ ਈਰਾਨ ਤੇ ਇਜ਼ਰਾਈਲ ਵਿਚਾਲੇ ਲੰਮੇ ਸਮੇਂ ਤੋਂ ਪ੍ਰੋਕਸੀ ਯੁੱਧ ਚੱਲ ਰਿਹਾ ਹੈ। ਹਾਲ ਹੀ ਦੇ ਸਾਲਾਂ ‘ਚ ਕਈ ਈਰਾਨੀ ਫ਼ੌਜੀ ਅਤੇ ਪ੍ਰਮਾਣੂ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪਿਛਲੇ ਸਾਲ ਈਰਾਨ ਨੇ ਕਿਹਾ ਸੀ ਕਿ ਰਾਜਧਾਨੀ ਤਹਿਰਾਨ ਦੇ ਪੂਰਬ ਵਿੱਚ ਉਸ ਦੇ ਪਾਰਚਿਨ ਮਿਲਟਰੀ ਅਤੇ ਹਥਿਆਰ ਉਤਪਾਦਨ ਕੇਂਦਰ ਵਿੱਚ ਇਕ ਸ਼ੱਕੀ ਘਟਨਾ ਵਿੱਚ ਇਕ ਇੰਜੀਨੀਅਰ ਦੀ ਮੌਤ ਹੋ ਗਈ ਸੀ ਅਤੇ ਇਕ ਕਰਮਚਾਰੀ ਜ਼ਖ਼ਮੀ ਹੋ ਗਿਆ ਸੀ। ਅੰਤਰਰਾਸ਼ਟਰੀ ਪ੍ਰਮਾਣੂ ਊਰਜ਼ਾ ਏਜੰਸੀ (ਆਈ. ਏ. ਈ. ਏ.) ਨੂੰ ਸ਼ੱਕ ਹੈ ਕਿ ਈਰਾਨ ਦੇ ਪਾਰਚਿਨ ਸਥਿਤ ਆਪਣੇ ਮਿਲਟਰੀ ਬੇਸ ‘ਤੇ ਪ੍ਰਮਾਣੂ ਹਥਿਆਰ ਬਣਾਉਣ ਲਈ ਵਰਤੇ ਜਾ ਸਕਣ ਵਾਲੇ ਵਿਸਫੋਟਕਾਂ ਦਾ ਪ੍ਰੀਖਣ ਕੀਤਾ ਹੈ। ਈਰਾਨ ਦੇ ਰੱਖਿਆ ਮੰਤਰਾਲੇ ਨੇ ਇਸ ਨੂੰ ਸ਼ੱਕੀ ਘਟਨਾ ਦੱਸਿਆ ਹੈ। ਉਸ ਨੇ ਘਟਨਾ ਬਾਰੇ ਕੋਈ ਵਾਧੂ ਵੇਰਵੇ ਨਹੀਂ ਦਿੱਤੇ।

Comment here