ਅਪਰਾਧਸਿਆਸਤਖਬਰਾਂ

ਤਿੰਨ ਔਰਤਾਂ ਨੇ ਬੁਰਕਾਧਾਰੀ ਔਰਤ ਦਾ ਬੁਰਕਾ ਪਾੜ ਕੀਤੀ ਕੁੱਟਮਾਰ

ਰੋਮ-ਬੀਤੇ ਦਿਨ ਇਕ ਬੰਗਲਾਦੇਸ਼ੀ ਔਰਤ ਜਿਹੜੀ ਕਿ ਵਿਨੇਸ਼ੀਆ ਜ਼ਿਲ੍ਹੇ ’ਚ ਪੈਂਦੇ ਸ਼ਹਿਰ ਮਰਗੇਰਾ ਇਲਾਕੇ ਵਿਚ ਇਮਾਮ ਦੀ ਸ਼ਾਰੀਕ-ਏ-ਹਿਆਤ (ਧਰਮਪਤਨੀ) ਹੈ, ਜਿਹੜੀ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਬੁਰਕਾ ਪਾ ਕੇ ਜਾ ਰਹੀ ਸੀ। ਰਸਤੇ ’ਚ 3 ਔਰਤਾਂ ਨੇ ਉਸ ਦਾ ਬੁਰਕਾ ਇਹ ਕਹਿ ਪਾੜ ਦਿੱਤਾ ਕਿ ਉਹ ਭੂਤ ਵਾਂਗ ਦਿਸਦੀ ਹੈ। ਇਸ ਬੁਰਕੇ ਵਿੱਚ ਪੀੜਤ ਔਰਤ ਦੀਆਂ ਸਿਰਫ਼ ਅੱਖਾਂ ਹੀ ਦਿਸਦੀਆਂ ਸਨ, ਜਦੋਂ ਕਿ ਸਰੀਰ ਦਾ ਸਾਰਾ ਹਿੱਸਾ ਢਕਿਆ ਹੋਇਆ ਸੀ।
ਇਨ੍ਹਾਂ ਔਰਤਾਂ ਨੇ ਬੰਗਲਾਦੇਸ਼ੀ ਔਰਤ ਦਾ ਪਹਿਲਾਂ ਤਾਂ ਬੁਰਕਾ ਪਾੜਿਆ ਤੇ ਬਾਅਦ ਵਿੱਚ ਉਸ ਨੂੰ ਮੁੱਕਿਆਂ ਨਾਲ ਕੁੱਟਿਆ। ਇਹ ਲੜਾਈ ਦੇਖ ਜਦੋਂ ਪੀੜਤਾ ਦੇ ਪਿਤਾ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਨ੍ਹਾਂ 3 ਔਰਤਾਂ ਨੇ ਧੱਕਾ ਮਾਰ ਕੇ ਦੂਰ ਸੁੱਟ ਦਿੱਤਾ। ਪੀੜਤ ਔਰਤ ਨੇ ਬਹੁਤ ਮੁਸ਼ਕਿਲ ਹਮਲਾਵਰ ਔਰਤਾਂ ਤੋਂ ਆਪਣਾ-ਆਪ ਬਚਾਇਆ ਤੇ ਪੁਲਸ ਕੋਲ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਮੁੱਚੇ ਮੁਸਲਿਮ ਭਾਈਚਾਰੇ ਵਿੱਚ ਤਿੱਖਾ ਰੋਹ ਦੇਖਿਆ ਜਾ ਰਿਹਾ ਹੈ। ਪੀੜਤ ਔਰਤ ਪਿਛਲੇ 15 ਸਾਲ ਤੋਂ ਇਟਲੀ ’ਚ ਰਹਿ ਰਹੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਤਾਲਵੀ ਬੋਲੀ ਦੀ ਜਾਣਕਾਰ ਹੈ।
ਜ਼ਿਕਰਯੋਗ ਹੈ ਕਿ ਇਟਲੀ ਦੀ ਸੰਸਦ ਕਮੇਟੀ ਨੇ ਦੇਸ਼ ਵਿੱਚ ਬੁਰਕਾ ਪਹਿਨਣ ’ਤੇ ਸੰਨ 2011 ਤੋਂ ਪੂਰਨ ਪਾਬੰਦੀ ਲਗਾਈ ਹੋਈ ਹੈ, ਜਿਸ ਦੀ ਉਲੰਘਣਾ ਕਰਨ ਵਾਲੇ ਨੂੰ 100 ਤੋਂ 300 ਯੂਰੋ ਤੱਕ ਜੁਰਮਾਨਾ ਵੀ ਹੋ ਸਕਦਾ ਹੈ, ਜਦੋਂ ਕਿ ਬੁਰਕਾ ਪਹਿਨਣ ਲਈ ਮਜਬੂਰ ਕਰਨ ਵਾਲੇ ਸ਼ਖ਼ਸ ਨੂੰ 30,000 ਯੂਰੋ ਤੱਕ ਜੁਰਮਾਨਾ ਤੇ 1 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਪਰ ਜਦੋਂ ਇਹ ਕਾਨੂੰਨ ਪਾਸ ਹੋਇਆ ਸੀ ਤਾਂ ਕੁਝ ਲੋਕਾਂ ਨੇ ਇਸ ਦਾ ਇਟਲੀ ਭਰ ਵਿੱਚ ਵਿਰੋਧ ਵੀ ਕੀਤਾ ਸੀ।

Comment here