ਸਿਆਸਤਖਬਰਾਂਦੁਨੀਆ

ਤਾਲਿਬਾਨ ਸਰਕਾਰ ਨੂੰ ਜਲਦ ਮਿਲੇਗੀ ਅੰਤਰਰਾਸ਼ਟਰੀ ਮਾਨਤਾ: ਮੁਤਾਕੀ

ਕਾਬੁਲ –ਤਾਲਿਬਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤਾਕੀ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ ਤਾਲਿਬਾਨ ਅੰਤਰਰਾਸ਼ਟਰੀ ਮਾਨਤਾ ਮਿਲਣ ਵਾਲੀ ਹੈ। ਅਗਸਤ ਵਿੱਚ ਤਾਲਿਬਾਨ ਦੀ ਅਫਗਾਨਿਸਤਾਨ ਦੀ ਸੱਤਾ ਵਿੱਚ ਵਾਪਸੀ ਦੇ ਬਾਅਦ ਤੋਂ ਅਜੇ ਤੱਕ ਕਿਸੇ ਵੀ ਦੇਸ਼ ਨੇ ਰਸਮੀ ਤੌਰ ‘ਤੇ ਉਸ ਨੂੰ ਮਾਨਤਾ ਨਹੀਂ ਦਿੱਤੀ ਹੈ ਪਰ ਮੁਤਾਕੀ ਨੇ ਕਿਹਾ ਕਿ ਅਫਗਾਨਿਸਤਾਨ ਦੇ ਨਵੇਂ ਸ਼ਾਸਕ ਹੌਲੀ-ਹੌਲੀ ਅੰਤਰਰਾਸ਼ਟਰੀ ਸਵੀਕਾਰਤਾ ਹਾਸਲ ਕਰ ਰਹੇ ਹਨ। ਆਮਿਰ ਖ਼ਾਨ ਮੁਤਾਕੀ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਸੰਕਟ ਨਾਲ ਨਜਿੱਠਣ ਵਿਚ ਮਦਦ ਲਈ ਅਫਗਾਨਿਸਤਾਨ ਦੀਆਂ ਜਾਇਦਾਦਾਂ ਨੂੰ ਜਾਰੀ ਕਰ ਦੇਵੇ। ਉਹਨਾਂ ਨੇ ਕਿਹਾ ਕਿ ਮਾਨਤਾ ਮਿਲਣਾ ਸਾਡਾ ਅਧਿਕਾਰ ਹੈ। ਇਹ ਅਫਗਾਨ ਲੋਕਾਂ ਦਾ ਅਧਿਕਾਰ ਹੈ। ਅਸੀਂ ਆਪਣਾ ਸਿਆਸੀ ਸੰਘਰਸ਼ ਅਤੇ ਕੋਸ਼ਿਸ਼ ਉਦੋਂ ਤੱਕ ਜਾਰੀ ਰੱਖਾਂਗੇ, ਜਦੋਂ ਤੱਕ ਸਾਨੂੰ ਸਾਡਾ ਅਧਿਕਾਰ ਨਹੀਂ ਮਿਲਦਾ। ਹਾਲ ਹੀ ਵਿਚ ਤਾਲਿਬਾਨ ਦੇ ਨੇਤਾਵਾਂ ਨੇ ਪੱਛਮੀ ਦੇਸ਼ਾਂ ਨਾਲ ਨਾਰਵੇ ਦੀ ਰਾਜਧਾਨੀ ਓਸਲੋ ਵਿਚ ਚਰਚਾ ਕੀਤੀ ਸੀ। ਪਿਛਲੇ ਮਹੀਨੇ ਨਾਰਵੇ ਵਿੱਚ ਹੋਈ ਗੱਲਬਾਤ ਦਹਾਕਿਆਂ ਵਿੱਚ ਪੱਛਮੀ ਧਰਤੀ ‘ਤੇ ਹੋਈ ਤਾਲਿਬਾਨ ਦੀ ਪਹਿਲੀ ਵਾਰਤਾ ਸੀ। ਨਾਰਵੇ ਨੇ ਜ਼ੋਰ ਦੇ ਕੇ ਕਿਹਾ ਕਿ ਮੀਟਿੰਗ ਦਾ ਉਦੇਸ਼ ਕਟਟਰਪੰਥੀ ਇਸਲਾਮੀ ਸਮੂਹ ਨੂੰ ਰਸਮੀ ਅਧਿਕਾਰ ਦੇਣਾ ਨਹੀਂ ਸੀ ਪਰ ਤਾਲਿਬਾਨ ਨੇ ਇਸ ਨੂੰ ਇੰਝ ਪੇਸ਼ ਕੀਤਾ, ਜਿਵੇਂ ਕਿ ਉਨ੍ਹਾਂ ਨੂੰ ਮਾਨਤਾ ਦੇਣ ਦੀ ਗੱਲ ਕਹੀ ਗਈ। ਤਾਲਿਬਾਨ ਦੇ ਵਿਦੇਸ਼ ਮੰਤਰੀ ਮੁਤਾਕੀ ਨੇ ਕਿਹਾ ਕਿ ਕਾਬੁਲ ਵਿੱਚ ਕਈ ਦੇਸ਼ ਆਪਣੇ ਦੂਤਾਵਾਸ ਆਪਰੇਟ ਰਹੇ ਹਨ ਅਤੇ ਜਲਦੀ ਹੀ ਹੋਰ ਖੁੱਲ੍ਹਣ ਦੀ ਆਸ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੁਝ ਯੂਰਪੀ ਅਤੇ ਅਰਬ ਦੇਸ਼ਾਂ ਦੇ ਦੂਤਾਵਾਸ ਵੀ ਖੁੱਲ੍ਹਣਗੇ।

Comment here