ਅਪਰਾਧਸਿਆਸਤਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਤਾਲਿਬਾਨ ਸਰਕਾਰ ਦੀਆਂ ਨੀਤੀਆਂ ਤੋੰ ਅੱਖਾਂ ਨਹੀਂ ਮੀਚ ਸਕਦੇ

ਅੱਜ ਭਾਵੇਂ ਅਫਗਾਨਿਸਤਾਨ ਤੇ ਕਾਬਜ਼ ਹੋ ਚੁਕੇ ਤਾਲਿਬਾਨ ਦਾ ਖੁਲ੍ਹ ਕੇ ਕੋਈ ਸਮਰਥਨ ਨਹੀਂ ਕਰ ਰਿਹਾ, ਸਾਰੀ ਦੁਨੀਆਂ ਦੇ ਮੁਖੀ ਸਮਝ ਗਏ ਹਨ ਕਿ ਹੁਣ ਤਾਲਿਬਾਨੀ ਹੀ ਅਫ਼ਗ਼ਾਨਿਸਤਾਨ ਵਿਚ ਰਾਜ ਕਰਨਗੇ। ਬ੍ਰਿਕਸ ਦੇਸ਼ਾਂ ਦੀ ਮਿਲਣੀ ਸਮੇਂ ਭਾਵੇਂ ਅਫ਼ਗ਼ਾਨਿਸਤਾਨ ਵਿਚ ਅਤਿਵਾਦੀ ਰਾਜ ਦੀ ਸਖ਼ਤ ਨਿੰਦਾ ਕੀਤੀ ਹੋਵੇ, ਉਨ੍ਹਾਂ ਤਾਲਿਬਾਨ ਦਾ ਸਿੱਧਾ ਨਾਮ ਲੈ ਕੇ ਸਪੱਸ਼ਟ ਕਰ ਦਿਤਾ ਕਿ ਹੌਲੀ ਹੌਲੀ ਸਾਰੇ ਦੇਸ਼ਾਂ ਵਲੋਂ ਤਾਲਿਬਾਨ ਸਰਕਾਰ ਨੂੰ ਮਾਨਤਾ ਮਿਲ ਜਾਵੇਗੀ। ਇਹ ਦੁਨੀਆਂ ਵਿਚ ਪਹਿਲੀ ਵਾਰ ਨਹੀਂ ਹੋਇਆ ਕਿ ਲੋਕਤੰਤਰ ਦਾ ਘਾਣ ਕਰ ਕੇ ਇਕ ਤਾਨਾਸ਼ਾਹੀ ਰਾਜ ਕਾਇਮ ਕੀਤਾ ਗਿਆ ਹੋਵੇ। ਇਹ ਤਾਂ ਅਕਸਰ ਆਖਿਆ ਜਾਂਦਾ ਹੈ ਕਿ ਲੜਨ ਵਾਲਾ ਜਿੱਤ ਜਾਵੇ ਤਾਂ ਉਹ ਕ੍ਰਾਂਤੀਕਾਰੀ ਬਣ ਜਾਂਦਾ ਹੈ, ਨਹੀਂ ਤਾਂ ਉਹ ਅਤਿਵਾਦੀ ਬਣਿਆ ਰਹਿੰਦਾ ਹੈ। ਅੰਗਰੇਜ਼ਾਂ ਵਾਸਤੇ ਸਾਡੇ ਕ੍ਰਾਂਤੀਕਾਰੀ ਬਾਗ਼ੀ ਸਨ ਪਰ ਸਾਡੇ ਤਾਂ ਉਹ ਰੋਲ ਮਾਡਲ ਹਨ ਜਿਨ੍ਹਾਂ ਸਦਕੇ ਅਸੀ ਆਜ਼ਾਦ ਹਾਂ। ਪਰ ਸਾਡੇ ਕਦਮ ਆਜ਼ਾਦੀ ਵਲ ਉਹੀ ਵਧਾ ਰਹੇ ਸਨ, ਸੋ ਸਾਡੇ ਵਾਸਤੇ ਉਹੀ ਠੀਕ ਸਨ।  ਚੀਨ ਵਿਚ ਜਦ 1940 ਵਿਚ ਮਾਉਵਾਦੀਆਂ ਨੇ ਸੱਤਾ ਸੰਭਾਲੀ ਤਾਂ ਚੀਨ ਅਪਣਾ ਅੱਜ ਦਾ ਰੂਪ ਧਾਰਨ ਲੱਗਾ। ਚੀਨ ਵਿਚ ਉਹ ਖ਼ੂਨੀ ਦੌਰ ਸੀ ਜਦ ਮੰਨਿਆ ਜਾਂਦਾ ਹੈ ਕਿ 20 ਲੱਖ ਚੀਨੀ ਮਾਰੇ ਗਏ ਸਨ। ਮਾਉ ਸਰਕਾਰ ਦੀ ਸੋਚ ਵਿਚ ਉਦਯੋਗਪਤੀ ਤੇ ਜ਼ਿਮੀਂਦਾਰ ਦੇਸ਼ ਦੇ ਦੁਸ਼ਮਣ ਸਨ ਤੇ ਇਨ੍ਹਾਂ ਨੂੰ ਖ਼ਤਮ ਕਰ ਕੇ ਇਨ੍ਹਾਂ ਦੀ ਜਾਇਦਾਦ ਕਮਿਊਨਿਸਟ ਸਰਕਾਰ ਨੇ ਲੋਕਾਂ ਨੂੰ ਦੇਣ ਵਾਸਤੇ ਕਬਜ਼ੇ ਹੇਠ ਲੈ ਲਈ ਸੀ। ਕਿਊਬਾ ਵਿਚ 1950 ਵਿਚ ਜਦ ਕ੍ਰਾਂਤੀਕਾਰੀਆਂ ਨੇ ਸੱਤਾ ਸੰਭਾਲੀ ਤਾਂ ਮੱਧਮ ਤੇ ਉਚ ਵਰਗ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਬਾਅਦ ਤਕਰੀਬਨ 2,50,000 ਲੋਕ ਕਿਊਬਾ ਛੱਡ ਗਏ ਸਨ। ਦੇਸ਼ ਹਮੇਸ਼ਾ ਲਈ ਬਦਲ ਗਿਆ। ਉਸੇ ਤਰ੍ਹਾਂ ਅੱਜ ਤਾਲਿਬਾਨ ਅਪਣੀ ਸੋਚ ਮੁਤਾਬਕ ਅਪਣਾ ਰਾਜ ਸਥਾਪਤ ਕਰ ਰਹੇ ਹਨ। ਅੱਜ ਦੁਨੀਆਂ ਵਾਲੇ ਹਕਾਨੀ ਵਰਗਿਆਂ ਦੇ ਹੱਥ ਵਿਚ ਰਾਜ ਸੱਤਾ ਆਉਂਦੇ ਵੇਖ ਹੈਰਾਨ ਹਨ ਪਰ ਤਾਲਿਬਾਨੀ ਸੋਚ ਕਾਰਨ ਹਕਾਨੀ ਉਨ੍ਹਾਂ ਦਾ ਕ੍ਰਾਂਤੀਕਾਰੀ ਹੈ ਭਾਵੇਂ ਅਮਰੀਕਾ ਦੇ ਆਰ.ਬੀ.ਆਈ. ਵਾਸਤੇ ਉਹ ਇਕ ਅਤਿਵਾਦੀ ਹੈ ਜਿਸ ਦੇ ਸਿਰ ਤੇ 5 ਕਰੋੜ ਦਾ ਇਨਾਮ ਹੈ। ਅਮਰੀਕਾ ਤੇ ਤਾਲਿਬਾਨ ਵਿਚਕਾਰ ਜੰਗ ਵਿਚ ਤਾਲਿਬਾਨ ਜੇਤੂ ਰਹੇ ਤੇ ਹੁਣ ਉਹ ਸਾਰੇ ਅਤਿਵਾਦੀ ਸਰਕਾਰਾਂ ਚਲਾਉਣਗੇ। ਇਸ ਵਿਚ ਭਾਵੇਂ ਡੋਨਾਲਡ ਟਰੰਪ ਤੇ ਬਾਇਡੇਨ ਦੀ ਗ਼ਲਤੀ ਸੀ ਪਰ ਅੱਜ ਹਕੀਕਤ ਇਹ ਹੈ ਕਿ ਤਾਲਿਬਾਨ ਅਪਣੀ ਮਰਜ਼ੀ ਨਾਲ ਸਰਕਾਰ ਬਣਾਉਣਗੇ। ਪਰ ਤਾਲਿਬਾਨ ਦੇ ਰਾਜ ਵਿਚ ਅਫ਼ਗ਼ਾਨਿਸਤਾਨ ਭਾਰਤ ਵਾਂਗ ਜਾਂ ਚੀਨ ਵਾਂਗ ਵੀ ਕਿਸੇ ਉਚਾਈ ਤੇ ਨਹੀਂ ਪਹੁੰਚ ਸਕੇਗਾ ਕਿਉਂ ਨਾ ਉਹ ਭਾਰਤ ਵਾਂਗ ਆਜ਼ਾਦੀ ਤੇ ਬਰਾਬਰੀ ਵਲ ਚਲ ਰਿਹਾ ਹੈ ਤੇ ਨਾ ਹੀ ਉਹ ਚੀਨ ਵਾਂਗ ਆਰਥਕ ਵਾਧੇ ਦੀ ਯੋਜਨਾ ਲੈ ਕੇ ਆਏ ਹਨ।  ਤਾਲਿਬਾਨ ਕੱਟੜਪੁਣੇ ਦੀ ਇਕ ਅਜਿਹੀ ਸੋਚ ਤੇ ਖੜੇ ਹਨ ਜੋ ਨਾ ਸਿਰਫ਼ ਔਰਤਾਂ ਦੀ ਆਜ਼ਾਦੀ ਵਿਰੁਧ ਹੈ ਬਲਕਿ ਬੜੀ ਖ਼ੂਨੀ ਵੀ ਹੈ। ਇਹ ਸੋਚ ਉਨ੍ਹਾਂ ਨੂੰ ਅਤਿਵਾਦੀ ਹਮਲੇ ਤੇ ਡਰ ਫੈਲਾਉਣ ਵਿਚ ਤਾਂ ਕੰਮ ਆਈ ਹੋਵੇਗੀ। ਇਕ ਅੰਨ੍ਹਾ ਜਨੂੰਨ ਹਰ ਤਾਲਿਬਾਨੀ ਫ਼ੌਜੀ ਵਿਚ ਸੀ ਜਿਸ ਕਾਰਨ ਅਮਰੀਕਾ ਦੀ ਤਾਕਤ ਹਾਰ ਗਈ। ਪਰ ਉਹ ਅੰਨ੍ਹਾ ਜਨੂੰਨ ਅੱਜ ਉਨ੍ਹਾਂ ਦੇ ਅਪਣੇ ਹੀ ਲੋਕਾਂ ਵਿਰੁਧ ਇਸਤੇਮਾਲ ਹੋਵੇਗਾ। ਕੁੱਝ ਹਫ਼ਤਿਆਂ ਵਿਚ ਹੀ ਵੇਖ ਲਿਆ ਗਿਆ ਹੈ ਕਿ ਤਾਲਿਬਾਨ ਦਾ ਕਹਿਰ ਅਜਿਹਾ ਹੈ ਕਿ ਲੋਕ ਅਪਣੀ ਸਾਰੀ ਜ਼ਿੰਦਗੀ ਦੀ ਕਮਾਈ ਛੱਡ ਕੇ ਦੌੜਨ ਵਾਸਤੇ ਤਿਆਰ ਹਨ ਕਿਉਂਕਿ ਉਹ ਜਾਣਦੇ ਹਨ ਕਿ ਤਾਲਿਬਾਨ ਦੀ ਸੋਚ ਵਿਚ ਆਜ਼ਾਦੀ ਹੈ ਹੀ ਨਹੀਂ। ਔਰਤਾਂ ਵਾਸਤੇ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ, ਆਉਣ ਵਾਲੇ ਸਮੇਂ ਵਿਚ ਅਸੀ ਕਈ ਹੋਰ ਪਾਬੰਦੀਆਂ ਤੇ ਤਸੀਹੇ ਵੇਖਣ ਨੂੰ ਮਜਬੂਰ ਹੋਵਾਂਗੇ। ਅਜਿਹੇ ਤਾਲਿਬਾਨੀ ਰਾਜ ਵਿਚ ਨਾ ਕੋਈ ਬੁੱਧੀਜੀਵੀ ਹੋਣਗੇ ਤੇ ਨਾ ਕੋਈ ਵਿਚਾਰ ਵਟਾਂਦਰੇ ਹੋਣਗੇ। ਇਕ ਡਰ ਦੇ ਮਾਹੌਲ ਵਿਚ ਰਹਿਣ ਦੀ ਮਜਬੂਰੀ ਪਰ ਅਫ਼ਸੋਸ ਕਿ ਸਾਰੀ ਦੁਨੀਆਂ ਇਕ ਅਜਿਹੀ ਥਾਂ ਬਣ ਜਾਏਗੀ ਜਿਸ ਦੇ ਹੱਥ ਬੰਨ੍ਹੇ ਹੋਣਗੇ। ਅਸੀ ਤਾਂ ਅਪਣੀਆਂ ਅੱਖਾਂ ਕੰਨ ਬੰਦ ਕਰ ਲਵਾਂਗੇ ਪਰ ਉਨ੍ਹਾਂ ਦਾ ਕੀ ਹੋਵੇਗਾ ਜੋ ਉਸ ਧਰਤੀ ਤੇ ਰਹਿਣ ਨੂੰ ਮਜਬੂਰ ਹੋਣਗੇ?

-ਨਿਮਰਤ ਕੌਰ

Comment here