ਸੰਯੁਕਤ ਰਾਸ਼ਟਰ-ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਰੂਸ, ਚੀਨ, ਪਾਕਿਸਤਾਨ ਅਤੇ ਅਮਰੀਕਾ ਇਹ ਯਕੀਨੀ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ ਕਿ ਅਫ਼ਗਾਨਿਸਤਾਨ ਦੀ ਨਵੀਂ ਤਾਲਿਬਾਨ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰੇ ਅਤੇ ਖਾਸ ਕਰਕੇ ਇਕ ਨੁਮਾਇੰਦਾ ਸਰਕਾਰ ਬਣਾਉਣ ਅਤੇ ਅੱਤਵਾਦ ਦੇ ਫੈਲਣ ਨੂੰ ਰੋਕਣ ਲਈ ਕੰਮ ਕਰੇ। ਸਰਗੇਈ ਲਾਵਰੋਵ ਨੇ ਕਿਹਾ ਕਿ ਚਾਰੋਂ ਦੇਸ਼ ਲਗਾਤਾਰ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਰੂਸ, ਚੀਨ ਅਤੇ ਪਾਕਿਸਤਾਨ ਦੇ ਨੁਮਾਇੰਦਿਆਂ ਨੇ ਹਾਲ ਹੀ ’ਚ ਤਾਲਿਬਾਨ ਅਤੇ “ਧਰਮ ਨਿਰਪੱਖ ਅਥਾਰਟੀ” ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਨ ਲਈ ਕਤਰ ਅਤੇ ਫਿਰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਯਾਤਰਾ ਕੀਤੀ। ਧਰਮ ਨਿਰਪੱਖ ਅਥਾਰਟੀ ’ਚ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਹੁਣ ਸਾਬਕਾ ਹੋ ਚੁੱਕੀ ਸਰਕਾਰ ਦੀ ਤਾਲਿਬਾਨ ਦੇ ਨਾਲ ਗੱਲਬਾਤ ਲਈ ਵਾਰਤਾਕਾਰੀ ਕੌਂਸਲ ਦੀ ਅਗਵਾਈ ਕਰ ਰਹੇ ਅਬਦੁੱਲਾ ਅਬਦੁੱਲਾ ਸ਼ਾਮਲ ਹਨ।
ਲਾਵਰੋਵ ਨੇ ਕਿਹਾ ਕਿ ਤਾਲਿਬਾਨ ਵੱਲੋਂ ਐਲਾਨੀ ਗਈ ਅੰਤ੍ਰਿਮ ਸਰਕਾਰ ‘‘ਅਫ਼ਗਾਨ ਸਮਾਜ ਦੀਆਂ ਨਸਲੀ-ਧਾਰਮਿਕ ਅਤੇ ਰਾਜਨੀਤਕ ਤਾਕਤਾਂ ਨੂੰ ਨਹੀਂ ਦਰਸਾਉਂਦੀ, ਇਸ ਲਈ ਅਸੀਂ ਲਗਾਤਾਰ ਸੰਪਰਕ ’ਚ ਹਾਂ।’’ ਤਾਲਿਬਾਨ ਨੇ ਇਕ ਸਮਾਵੇਸ਼ੀ ਸਰਕਾਰ ਦਾ ਵਾਅਦਾ ਕੀਤਾ ਹੈ, ਜੋ ਪਿਛਲੀ ਵਾਰ 1996 ਤੋਂ 2001 ਤਕ ਦੇਸ਼ ਉੱਤੇ ਰਾਜ ਕਰਨ ਦੀ ਤੁਲਨਾ ’ਚ ਇਸਲਾਮੀ ਸ਼ਾਸਨ ਦਾ ਵਧੇਰੇ ਉਦਾਰ ਰੂਪ ਹੋਵੇਗਾ, ਜਿਸ ’ਚ ਔਰਤਾਂ ਦੇ ਅਧਿਕਾਰਾਂ ਦਾ ਆਦਰ ਕਰਨਾ, 20 ਸਾਲ ਦੀ ਲੜਾਈ ਤੋਂ ਬਾਅਦ ਸਥਿਰਤਾ ਪ੍ਰਦਾਨ ਕਰਨਾ, ਅੱਤਵਾਦ ਅਤੇ ਕੱਟੜਵਾਦ ਨਾਲ ਲੜਨਾ ਅਤੇ ਹਮਲੇ ਸ਼ੁਰੂ ਕਰਨ ਲਈ ਅੱਤਵਾਦੀਆਂ ਨੂੰ ਆਪਣੇ ਖੇਤਰ ਦੀ ਵਰਤੋਂ ਕਰਨ ਤੋਂ ਰੋਕਣਾ ਸ਼ਾਮਲ ਹੈ।
ਪਰ ਤਾਲਿਬਾਨ ਦੀਆਂ ਹਾਲੀਆ ਹਰਕਤਾਂ ਤੋਂ ਪਤਾ ਚੱਲਦਾ ਹੈ ਕਿ ਉਹ ਵਧੇਰੇ ਦਮਨਕਾਰੀ ਨੀਤੀਆਂ ਵੱਲ ਪਰਤ ਰਹੇ ਹਨ, ਖਾਸ ਕਰਕੇ ਔਰਤਾਂ ਅਤੇ ਲੜਕੀਆਂ ਦੇ ਵਿਰੁੱਧ। ਲਾਵਰੋਵ ਨੇ ਕਿਹਾ ਕਿ ਸਭ ਤੋਂ ਅਹਿਮ ਇਹ ਯਕੀਨੀ ਕਰਨਾ ਹੈ ਕਿ ਜਿਨ੍ਹਾਂ ਵਾਅਦਿਆਂ ਦਾ ਉਨ੍ਹਾਂ ਜਨਤਕ ਤੌਰ ’ਤੇ ਐਲਾਨ ਕੀਤਾ ਹੈ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ। ਸੰਯੁਕਤ ਰਾਸ਼ਟਰ ਮਹਾਸਭਾ ਨੂੰ ਆਪਣੇ ਸੰਬੋਧਨ ’ਚ ਅਤੇ ਇਸ ਤੋਂ ਬਾਅਦ ਇਕ ਵਿਸਥਾਰਤ ਪ੍ਰੈੱਸ ਕਾਨਫਰੰਸ ’ਚ ਲਾਵਰੋਵ ਨੇ ਅਫ਼ਗਾਨਿਸਤਾਨ ਤੋਂ ਅਮਰੀਕਾ ਦੀ ਜਲਦਬਾਜ਼ੀ ’ਚ ਵਾਪਸੀ ਲਈ ਬਾਈਡੇਨ ਪ੍ਰਸ਼ਾਸਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਨਾਟੋ ਨੇ ‘ਨਤੀਜਿਆਂ ’ਤੇ ਵਿਚਾਰ ਕੀਤੇ ਬਗੈਰ… ਅਫ਼ਗਾਨਿਸਤਾਨ ’ਚ ਬਹੁਤ ਸਾਰੇ ਹਥਿਆਰ ਛੱਡੇ ਹਨ।’’ ਉਨ੍ਹਾਂ ਕਿਹਾ ਕਿ ਅਜਿਹੇ ਹਥਿਆਰਾਂ ਨੂੰ ‘ਵਿਨਾਸ਼ਕਾਰੀ ਉਦੇਸ਼ਾਂ’ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਬਾਅਦ ’ਚ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ’ਚ ਲਾਵਰੋਵ ਨੇ ਸੰਯੁਕਤ ਰਾਜ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਉੱਤੇ ‘ਅੱਜ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਸੁਲਝਾਉਣ ’ਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਨੂੰ ਘੱਟ ਕਰਨ ਜਾਂ ਇਸ ਨੂੰ ਪਾਸੇ ਕਰਨ ਜਾਂ ਕਿਸੇ ਸਵਾਰਥਪੂਰਨ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਇਸ ਨੂੰ ਇਕ ਉਪਕਰਨ ਵਜੋਂ ਵਰਤਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।’ ਉਨ੍ਹਾਂ ਕਿਹਾ ਕਿ ਅਮਰੀਕਾ ਵੀ ਸੰਯੁਕਤ ਰਾਸ਼ਟਰ ਸੰਘ ਨੂੰ ਦਰਕਿਨਾਰ ਕਰ ਰਿਹਾ ਹੈ।
Comment here