ਸਿਆਸਤਖਬਰਾਂਦੁਨੀਆ

ਤਾਲਿਬਾਨ ਵੱਲੋਂ ਮਨੁੱਖਤਾਵਾਦੀ ਸਹਾਇਤਾ ਕਰਮਚਾਰੀਆਂ ਦੀ ਸੁਰੱਖਿਆ ਦਾ ਵਾਅਦਾ-ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ –  ਸੰਯੁਕਤ ਰਾਸ਼ਟਰ ਦੇ ਮਨੁੱਖਤਾਵਾਦੀ ਸਹਾਇਤਾ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਬੀਤੇ ਦਿਨ ਕਾਬੁਲ ’ਚ ਤਾਲਿਬਾਨ ਦੇ ਸਹਿ-ਸੰਸਥਾਪਕ ਅਤੇ ਸਿਆਸੀ ਦਫਤਰ ਦੇ ਮੁਖੀ ਮੁੱਲਾ ਅਬਦੁਲ ਗਨੀ ਬਰਾਦਰ ਅਤੇ ਸੰਗਠਨ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ, ਅਤੇ ਕਿਹਾ ਕਿ ਤਾਲਿਬਾਨ ਨੇ ਮਨੁੱਖਤਾਵਾਦੀ ਸਹਾਇਤਾ ਕਰਮਚਾਰੀਆਂ ਦੀ ਸੁਰੱਖਿਆ ਦਾ ਵਾਅਦਾ ਕੀਤਾ ਹੈ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਹੈ।  ਉਨ੍ਹਾਂ ਕਿਹਾ, ”ਜਨਰਲ ਸਕੱਤਰ ਦੀ ਬੇਨਤੀ ’ਤੇ ਮਨੁੱਖੀ ਸਹਾਇਤਾ ਮਾਮਲਿਆਂ ਦੇ ਅੰਡਰ-ਜਨਰਲ ਸਕੱਤਰ ਅਤੇ ਸੰਯੁਕਤ ਰਾਸ਼ਟਰ ਲਈ ਐਮਰਜੈਂਸੀ ਰਾਹਤ ਕੋਆਰਡੀਨੇਟਰ ਮਾਰਟਿਨ ਗ੍ਰਿਫਿਥਸ ਨੇ ਕਾਬੁਲ ’ਚ ਮੁੱਲਾ ਬਰਾਦਰ ਅਤੇ ਤਾਲਿਬਾਨ ਦੀ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕੀਤਾ।’’ ਮੀਟਿੰਗ ’ਚ ਗ੍ਰਿਫਿਥਸ ਨੇ ‘ਲੋੜਵੰਦਾਂ ਲਈ ਨਿਰਪੱਖ ਅਤੇ ਸੁਤੰਤਰ ਮਨੁੱਖਤਾਵਾਦੀ ਸਹਾਇਤਾ ਅਤੇ ਸੁਰੱਖਿਆ’ਲਈ ਮਨੁੱਖਤਾਵਾਦੀ ਭਾਈਚਾਰੇ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਸਾਰੇ ਨਾਗਰਿਕਾਂ, ਖਾਸ ਕਰਕੇ ਔਰਤਾਂ ਅਤੇ ਲੜਕੀਆਂ ਤੇ ਘੱਟਗਿਣਤੀਆਂ ਨੂੰ ਹਰ ਸਮੇਂ ਸੁਰੱਖਿਆ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਆਪਣੀ ਇਕਜੁੱਟਤਾ ਪ੍ਰਗਟ ਕੀਤੀ। ਬਿਆਨ ’ਚ ਕਿਹਾ ਗਿਆ ਹੈ, “ਅਧਿਕਾਰੀਆਂ ਨੇ ਸੰਕਲਪ ਲਿਆ ਕਿ ਮਨੁੱਖਤਾਵਾਦੀ ਸਹਾਇਤਾ ਕਰਮਚਾਰੀਆਂ ਦੀ ਸੁਰੱਖਿਆ ਅਤੇ ਲੋੜਵੰਦਾਂ ਤੱਕ ਮਨੁੱਖਤਾਵਾਦੀ ਪਹੁੰਚ ਦੀ ਗਾਰੰਟੀ ਦਿੱਤੀ ਜਾਵੇਗੀ ਅਤੇ ਮਨੁੱਖਤਾਵਾਦੀ ਕਰਮਚਾਰੀਆਂ-ਪੁਰਸ਼ਾਂ ਅਤੇ ਔਰਤਾਂ ਦੋਵਾਂ ਨੂੰ ਆਵਾਜਾਈ ਦੀ ਆਜ਼ਾਦੀ ਦੀ ਗਾਰੰਟੀ ਦਿੱਤੀ ਜਾਵੇਗੀ।” ਅਧਿਕਾਰੀ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਲਈ ਮਨੁੱਖਤਾਵਾਦੀ ਭਾਈਚਾਰੇ ਨਾਲ ਸਹਿਯੋਗ ਕਰਨ ਲਈ ਵਚਨਬੱਧ ਹਨ।” ਦੁਜਾਰਿਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਹੋਰ ਮੀਟਿੰਗਾਂ ਹੋਣ ਦੀ ਉਮੀਦ ਹੈ ਅਤੇ ਕਿਹਾ ਕਿ ਗ੍ਰਿਫਿਥਸ ਵੀ ਮਨੁੱਖ ਸੰਗਠਨਾਂ ਦੇ ਪ੍ਰਤੀਨਿਧੀਆਂ, ਸੰਯੁਕਤ ਰਾਸ਼ਟਰ ਏਜੰਸੀਆਂ ਤੇ ਗੈਰ-ਸਰਕਾਰੀ ਸੰਗਠਨ ਦੋਵਾਂ ਨੂੰ ਮਿਲਣਗੇ ਅਤੇ ਸੰਯੁਕਤ ਰਾਸ਼ਟਰ ਵੱਲੋਂ ਧੰਨਵਾਦ ਪ੍ਰਗਟ ਕਰਨਗੇ, ਜਿਸ ਨੇ ਇਸ ਸਾਲ 80 ਲੱਖ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਟਵੀਟ ਕੀਤਾ ਕਿ ਬਰਾਦਰ ਅਤੇ ਉਨ੍ਹਾਂ ਦੇ ਵਫਦ ਨੇ ਗ੍ਰਿਫਿਥਸ ਨਾਲ ਕਾਬੁਲ ਦੇ ਵਿਦੇਸ਼ ਮੰਤਰਾਲੇ ’ਚ ਮੁਲਾਕਾਤ ਕੀਤੀ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਅਫ਼ਗਾਨ ਲੋਕਾਂ ਨੂੰ ਮਨੁੱਖਤਾਵਾਦੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਦਾਨੀ ਦੇਸ਼ਾਂ ਦੀ ਆਗਾਮੀ ਮੀਟਿੰਗ ਦੌਰਾਨ ਅਫ਼ਗਾਨਿਸਤਾਨ ਨੂੰ ਹੋਰ ਸਹਾਇਤਾ ਦੀ ਮੰਗ ਕਰਨਗੇ।

Comment here