ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਲੜਾਕਿਆਂ ਨੇ ਵਿਆਹ ’ਚ ਸੰਗੀਤ ਵਜਾਉਣ ’ਤੇ 13 ਲੋਕਾਂ ਦੀ ਹੱਤਿਆ

ਕਾਬੁਲ-ਬੀਤੇ ਦਿਨੀਂ ਅਫਗਾਨਿਸਤਾਨ ਦੇ ਇਕ ਵਿਆਹ ਵਿਚ ਸੰਗੀਤ ਵਜਾਉਣ ਕਾਰਨ 13 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਜਾਣਕਾਰੀ ਮੁਤਾਬਕ ਵਿਆਹ ਵਿਚ ਗਾਣਾ ਵਜਾਉਣ ’ਤੇ ਤਾਲਿਬਾਨ ਲੜਾਕੇ ਇਸ ਨੂੰ ਬੰਦ ਕਰਾਉਣ ਲਈ ਉੱਥੇ ਪਹੁੰਚ ਗਏ। ਉੱਥੇ ਮੌਜੂਦ ਕੁਝ ਲੋਕਾਂ ਨਾਲ ਬਹਿਸ ਹੋਈ ਪਰ ਹਥਿਆਰ ਨਾਲ ਪਹੁੰਚ ਤਾਲਿਬਾਨੀ ਲੜਾਕਿਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ 13 ਲੋਕਾਂ ਦੀ ਮੌਤ ਹੋ ਗਈ।
ਤਾਲਿਬਾਨ ਸ਼ਾਸਨ ਵਿਚ ਖ਼ਬਰਾਂ ਦਾ ਬਾਹਰ ਆਉਣਾ ਬਹੁਤ ਮੁਸ਼ਕਲ ਹੈ। ਅਜਿਹੇ ਵਿਚ ਸਾਬਕਾ ਅਫਗਾਨ ਉਪ ਰਾਸ਼ਟਰਪਤੀ ਅਮਰੂੱਲਾ ਸਾਲੇਹ ਨੇ ਟਵਿੱਟਰ ’ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਮਰੂੱਲਾ ਸਾਲੇਹ ਨੇ ਟਵਿੱਟਰ ’ਤੇ ਲਿਖਿਆ, ‘‘ਤਾਲਿਬਾਨ ਲੜਾਕਿਆਂ ਨੇ ਨਾਂਗਰਹਾਰ ਵਿਚ ਇਕ ਵਿਆਹ ਦੀ ਪਾਰਟੀ ਵਿਚ ਸੰਗੀਤ ਵਜਾਉਣ ’ਤੇ 13 ਲੋਕਾਂ ਦਾ ਕਤਲ ਕਰ ਦਿੱਤਾ। ਅਸੀਂ ਸਿਰਫ ਨਿੰਦਾ ਕਰਕੇ ਆਪਣਾ ਗੁੱਸਾ ਸ਼ਾਂਤ ਨਹੀਂ ਕਰ ਸਕਦੇ। 25 ਸਾਲ ਤੱਕ ਪਾਕਿਸਤਾਨ ਨੇ ਉਹਨਾਂ ਨੂੰ ਅਫਗਾਨ ਸੰਸਕ੍ਰਿਤੀ ਨੂੰ ਖ਼ਤਮ ਕਰਨ ਅਤੇ ਸਾਡੀ ਧਰਤੀ ’ਤੇ ਕਬਜ਼ਾ ਕਰਨ ਕਰ ਕੇ ਆਈ.ਐੱਸ.ਆਈ. ਦੇ ਕੱਟੜ ਸ਼ਾਸਨ ਦੀ ਸਥਾਪਨਾ ਲਈ ਟਰੇਨਿੰਗ ਦਿੱਤੀ। ਜੋ ਹੁਣ ਆਪਣਾ ਕੰਮ ਕਰ ਰਹੇ ਹਨ।’’
ਸਾਲੇਹ ਨੇ ਕਹੀ ਇਹ ਗੱਲ
ਸਾਲੇਹ ਨੇ ਲਿਖਿਆ, ‘‘ਇਹ ਸ਼ਾਸਨ ਲੰਬੇ ਸਮੇਂ ਤੱਕ ਨਹੀਂ ਚੱਲੇਗਾ ਪਰ ਬਦਕਿਸਮਤੀ ਨਾਲ ਇਸ ਦੇ ਅੰਤ ਤੱਕ ਅਫਗਾਨ ਲਗਾਤਾਰ ਇਸ ਦੀ ਕੀਮਤ ਚੁਕਾਉਂਦੇ ਰਹਿਣਗੇ।’’ ਸੋਸ਼ਲ ਮੀਡੀਆ ’ਤੇ ਲੋਕ ਸਾਲੇਹ ਦਾ ਸਮਰਥਨ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਹ ਘਟਨਾ ਬਿਲਕੁੱਲ ਸੱਚ ਹੈ ਪਰ ਦੇਸ਼ ਵਿਚ ਇਸ ਦੀ ਖ਼ਬਰ ਦੇਣ ਲਈ ਹੁਣ ਸੁਤੰਤਰ ਮੀਡੀਆ ਨਹੀਂ ਹੈ। ਦੂਜੇ ਯੂਜ਼ਰ ਨੇ ਲਿਖਿਆ ਕਿ ਮੈਂ ਸਹਿਮਤ ਹਾਂ। ਇਸ ਸਭ ਦੇ ਪਿੱਛੇ ਪਾਕਿਸਤਾਨ ਹੈ। ਉੱਥੇ ਇਕ ਯੂਜ਼ਰ ਨੇ ਤਾਲਿਬਾਨ ਅਤੇ ਆਈ.ਐੱਸ.ਆਈ. ਦੋਹਾਂ ਨੂੰ ਮੁਸਲਿਮਾਂ ਲਈ ਜਾਨਲੇਵਾ ਦੱਸਿਆ।
ਪਾਕਿਸਤਾਨ ਨੇ ਤਾਲਿਬਾਨ ਲਈ ਖੋਲ੍ਹੇ ਦੂਤਾਵਾਸ
ਇਸ ਤੋਂ ਪਹਿਲਾਂ ਵੀ ਸਾਲੇਹ ਪਾਕਿਸਤਾਨ ’ਤੇ ਨਿਸ਼ਾਨਾ ਵਿੰਨ੍ਹ ਚੁੱਕੇ ਹਨ। ਪਾਕਿਸਤਾਨੀ ਮੀਡੀਆ ਦੀਆਂ ਕੁਝ ਰਿਪੋਰਟਾਂ ਵੀ ਤਾਲਿਬਾਨ ਅਤੇ ਪਾਕਿਸਤਾਨ ਦੀ ਦੋਸਤੀ ਦੀ ਗਵਾਹੀ ਦੇ ਰਹੀਆਂ ਹਨ। ਖ਼ਬਰ ਹੈ ਕਿ ਪਾਕਿਸਤਾਨ ਨੇ ਤਾਲਿਬਾਨ ਵੱਲੋਂ ਨਿਯੁਕਤ ‘ਡਿਪਲੋਮੈਟਾਂ’ ਨੂੰ ਆਪਣੇ ਇੱਥੇ ਅਫਗਾਨ ਮਿਸ਼ਨਾਂ ਲਈ ਗੁਪਤ ਢੰਗ ਨਾਲ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਾਕਿਸਤਾਨ ਤਾਲਿਬਾਨ ਨੂੰ ਕਾਬੁਲ ਵਿਚ ਵੈਧ ਸਰਕਾਰ ਨਹੀਂ ਮੰਨਦਾ ਪਰ ਫਿਰ ਵੀ ਉਸ ਨੇ ਤਾਲਿਬਾਨ ਵੱਲੋਂ ਨਿਯੁਕਤ ਡਿਪਲੋਮੈਟਾਂ ਨੂੰ ਵੀਜ਼ਾ ਜਾਰੀ ਕੀਤੇ।

Comment here