ਕਾਬੁਲ-ਹੁਣੇ ਜਿਹੇ ਤਾਲਿਬਾਨ ਸਰਕਾਰ ਨੇ ਆਪਣੀ ਹਵਾਈ ਫ਼ੌਜ ਬਣਾਉਣ ਦੀ ਇੱਛਾ ਪ੍ਰਗਟਾਈ ਹੈ। ਤਾਲਿਬਾਨ ਆਪਣੇ ਹਥਿਆਰਬੰਦ ਬਲਾਂ ਦੀ ਆਵਾਜਾਈ ਲਈ ਹੈਲੀਕਾਪਟਰਾਂ ਦੀ ਵਰਤੋਂ ਹਫ਼ਤੇ ਪਹਿਲਾਂ ਤੋਂ ਕਰ ਰਿਹਾ ਹੈ। ਉਸ ਕੋਲ ਅਤਿਆਧੁਨਿਕ ਅਮਰੀਕੀ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਕਾਫ਼ੀ ਸੰਖਿਆ ਮੌਜੂਦ ਹੈ। ਇਸ ਤੋਂ ਇਲਾਵਾ ਭਾਰਤ ਵੱਲੋਂ ਸਾਬਕਾ ਸਰਕਾਰ ਨੂੰ ਤੋਹਫ਼ੇ ਵਜੋਂ ਦਿੱਤੇ ਗਏ ਐੱਮਆਈ-17 ਹੈਲੀਕਾਪਟਰ ਵੀ ਤਾਲਿਬਾਨ ਦੇ ਹੱਥ ਲੱਗੇ ਹਨ। ਹਾਲ ਹੀ ’ਚ ਕਾਬੁਲ ਦੇ ਮੁੱਖ ਸੈਨਿਕ ਹਸਪਤਾਲ ਦੇ ਨਜ਼ਦੀਕ ਅੱਤਵਾਦੀ ਸੰਗਠਨ ਆਈਐੱਸ ਦੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ’ਚ ਤਾਲਿਬਾਨ ਨੇ ਅਮਰੀਕੀ ਬਲੈਕ ਹਾਕ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਸੀ। ਇਸੇ ਦਾ ਨਤੀਜਾ ਸੀ ਕਿ ਆਈਐੱਸ ਦੇ ਪੰਜ ਬੰਦੂਕਧਾਰੀ ਅੱਤਵਾਦੀ ਮਾਰੇ ਗਏ ਸਨ। ਆਤਮਘਾਤੀ ਬੰਬ ਧਮਾਕਿਆਂ ਤੋਂ ਬਾਅਦ ਇਹ ਪੰਜ ਅੱਤਵਾਦੀ ਹਸਪਤਾਲ ’ਚ ਦਾਖ਼ਲ ਹੋ ਕੇ ਉੱਥੇ ਖ਼ੂਨ ਖ਼ਰਾਬਾ ਕਰਨ ਦੀ ਫਿਰਾਕ ’ਚ ਸਨ। ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਤਰਜ਼ਮਾਨ ਕਾਰੀ ਸਈਦ ਖੋਸਤੀ ਨੇ ਕੇਨਿਊਜ਼ ਨੂੰ ਦੱਸਿਆ ਹੈ ਕਿ ਅਸੀਂ ਸਾਬਕਾ ਸਰਕਾਰ ਦੀ ਹਵਾਈ ਫ਼ੌਜ ਦੇ ਢਾਂਚੇ ਦੀ ਵਰਤੋਂ ਕਰ ਕੇ ਉਸ ਨੂੰ ਮੁੜ ਸੁਰਜੀਤ ਕਰਾਂਗੇ। ਇਸ ਕੰਮ ’ਚ ਹਵਾਈ ਫ਼ੌਜ ਦੇ ਪਾਇਲਟਾਂ ਤੇ ਹੋਰ ਸਟਾਫ ਦੀ ਮੁੜ ਨਿਯੁਕਤੀ ਕੀਤੀ ਜਾਵੇਗੀ। ਤਾਲਿਬਾਨ ਦੀ ਖ਼ੁਫ਼ੀਆ ਇਕਾਈ ਦੇ ਉੱਚ ਅਧਿਕਾਰੀ ਨੇ ਵੀ ਹਵਾਈ ਫ਼ੌਜ ਦੇ ਗਠਨ ਨੂੰ ਜ਼ਰੂਰੀ ਦੱਸਿਆ ਹੈ। ਤਾਲਿਬਾਨ ਸਰਕਾਰ ’ਚ ਕੁਝ ਹੋਰ ਉੱਚ ਅਹੁਦੇ ਦੇ ਲੋਕਾਂ ਨੇ ਵੀ ਹਵਾਈ ਫ਼ੌਜ ਦੇ ਗਠਨ ਨੂੰ ਜ਼ਰੂਰੀ ਮੰਨਿਆ ਹੈ।
ਤਾਲਿਬਾਨ ਦੇ ਤਰਜ਼ਮਾਨ ਬਿਲਾਲ ਕਰੀਮੀ ਨੇ ਕਿਹਾ ਹੈ ਕਿ ਅਸੀਂ ਆਪਣੀ ਹਵਾਈ ਫ਼ੌਜ ਬਣਾ ਰਹੇ ਹਾਂ। ਸਾਬਕਾ ਸਰਕਾਰ ਦੀ ਹਵਾਈ ਫ਼ੌਜ ਦੇ ਜੋ ਪਾਇਲਟ ਤੇ ਹੋਰ ਅਧਿਕਾਰੀ ਦੇਸ਼ ਛੱਡ ਕੇ ਚਲੇ ਗਏ ਹਨ ਜਾਂ ਕਿਤੇ ਲੁਕੇ ਹੋਏ ਹਨ, ਉਨ੍ਹਾਂ ਨੂੰ ਅਸੀਂ ਆਮ ਮਾਫ਼ੀ ਦੇਣ ਦਾ ਫ਼ੈਸਲਾ ਕੀਤਾ ਹੈ।
Comment here