ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਪਤੀ ਦੀ ਕਰੂਰਤਾ-ਭਾਰਤ ਰਹਿੰਦੀ ਪਤਨੀ ਨੂੰ 6 ਡੈੱਥ ਵਾਰੰਟ ਜਾਰੀ ਕੀਤੇ

ਨਵੀਂ ਦਿੱਲੀ- ਯਕੀਨ ਕਰਨਾ ਮੁਸ਼ਕਲ ਹੁੰਦਾ ਹੈ ਕਈ ਮਾਮਲੇ ਅਜਿਹੇ ਵਾਪਰਦੇ ਹਨ। ਸ਼ਰੀਬਾ ਨਾਮ ਦੀ ਇੱਕ ਅਫ਼ਗਾਨ ਸ਼ਰਨਾਰਥੀ ਔਰਤ, ਜੋ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਦੇ ਭੋਗਲ ਵਿਚ ਰਹਿ ਰਹੀ ਹੈ, ਇਕ ਜਿਮ ਟ੍ਰੇਨਰ ਹੈ। ਉਹ ਆਪਣੀਆਂ 13 ਅਤੇ 14 ਸਾਲ ਦੀਆਂ ਦੋ ਧੀਆਂ ਦੀ ਪੜ੍ਹਾਈ ਅਤੇ ਰੋਜ਼ੀ-ਰੋਟੀ ਲਈ ਕੰਮ ਕਰਦੀ ਹੈ, ਜਦੋਂ ਉਸ ਦੇ ਸਾਬਕਾ ਪਤੀ ਜੋ ਅਫ਼ਗਾਨਿਸਤਾਨ ਵਿਚ ਤਾਲਿਬਾਨੀ ਅੱਤਵਾਦੀ ਹੈ, ਉਸ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਇਕ ਹਫ਼ਤੇ ਵਿਚ ਆਪਣੀ ਸਾਬਕਾ ਪਤਨੀ ਦੇ ਨਾਂ ‘ਤੇ ਛੇ ਡੈੱਥ ਵਾਰੰਟ ਜਾਰੀ ਕਰ ਦਿੱਤੇ। ਉਸਨੇ ਸ਼ਰੀਬਾ ਨੂੰ ਦੋਹਾਂ ਧੀਆਂ ਦੇ ਨਾਲ ਅਫ਼ਗਾਨਿਸਤਾਨ ਪਰਤਣ ਲਈ ਕਿਹਾ ਹੈ, ਜਿੱਥੇ ਤਾਲਿਬਾਨ ਉਸਨੂੰ ਮੌਤ ਦੀ ਸਜ਼ਾ ਦੇਵੇਗਾ। ਉਦੋਂ ਤੋਂ ਔਰਤ ਬਹੁਤ ਡਰੀ ਹੋਈ ਹੈ ਅਤੇ ਉਸਨੇ ਭਾਰਤ ਸਰਕਾਰ ਅਤੇ ਯੂਐਨਐਚਸੀਆਰ ਨੂੰ ਮਦਦ ਦੀ ਅਪੀਲ ਕੀਤੀ ਹੈ। ਸ਼ਰੀਬਾ ਨੇ ਕਿਹਾ ਕਿ ਉਸ ਦਾ ਵਿਆਹ ਤਾਲਿਬਾਨ ਦੇ ਪਿਛਲੇ ਸ਼ਾਸਨ ਦੌਰਾਨ 14 ਸਾਲ ਦੀ ਉਮਰ ਵਿਚ ਹੋਇਆ ਸੀ। ਉਸ ਸਮੇਂ ਦੌਰਾਨ ਅਫ਼ਗਾਨਿਸਤਾਨ ਵਿਚ ਵਿਆਹ ਤੋਂ ਪਹਿਲਾਂ ਕੁੜੀਆਂ ਨੂੰ ਪੁੱਛਿਆ ਵੀ ਨਹੀਂ ਜਾਂਦਾ ਸੀ। ਉਸ ਦਾ ਪਤੀ ਉਸ ਨੂੰ ਬਹੁਤ ਤਸੀਹੇ ਦਿੰਦਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਪਤੀ ਖੁਦ ਵੀ ਤਾਲਿਬਾਨੀ ਅੱਤਵਾਦੀ ਹੈ, ਤਾਂ ਉਸ ਨੇ ਉਸ ਨੂੰ ਤਲਾਕ ਲੈਣ ਲਈ ਕਿਹਾ। ਇਸ ‘ਤੇ ਪਤੀ ਨੇ ਚਾਕੂ ਨਾਲ ਉਸ ਦੀ ਗਰਦਨ ਅਤੇ ਹੱਥ ‘ਤੇ ਵਾਰ ਕੀਤੇ, ਜਿਸ ਦੇ ਡੂੰਘੇ ਨਿਸ਼ਾਨ ਅਜੇ ਵੀ ਉਸ ਦੇ ਸਰੀਰ ‘ਤੇ ਹਨ। ਪਤੀ ਨੇ ਆਪਣੀਆਂ ਦੋ ਵੱਡੀਆਂ ਧੀਆਂ ਨੂੰ ਤਾਲਿਬਾਨੀ ਅੱਤਵਾਦੀਆਂ ਨੂੰ ਵੇਚ ਦਿੱਤਾ। ਕਿਸੇ ਤਰ੍ਹਾਂ ਚਾਰ ਸਾਲ ਪਹਿਲਾਂ ਆਪਣੀ ਜਾਨ ਬਚਾਉਣ ਤੋਂ ਬਾਅਦ, ਉਹ ਆਪਣੀਆਂ ਦੋ ਧੀਆਂ ਨਾਲ ਭਾਰਤ ਆਈ ਸੀ। ਅਫ਼ਗਾਨਿਸਤਾਨ ਵਿਚ ਲੜਕੀਆਂ ਨੂੰ ਉਦੋਂ ਪੜ੍ਹਾਇਆ ਨਹੀਂ ਜਾਂਦਾ ਸੀ, ਇਸ ਲਈ ਉਹ ਪੂਰੀ ਤਰ੍ਹਾਂ ਅਨਪੜ੍ਹ ਹੈ। ਪਰ ਉਹ ਆਪਣੀਆਂ ਦੋ ਧੀਆਂ ਨੂੰ ਪੜ੍ਹਾਉਣਾ ਚਾਹੁੰਦੀ ਸੀ। ਜਦੋਂ ਉਹ ਭਾਰਤ ਆਈ ਤਾਂ ਉਸ ਕੋਲ ਕੋਈ ਕੰਮ ਨਹੀਂ ਸੀ। ਉਸਨੇ ਭੋਗਲ ਵਿਚ ਕਿਰਾਏ ‘ਤੇ ਰਹਿਣਾ ਸ਼ੁਰੂ ਕੀਤਾ ਅਤੇ ਆਪਣੀਆਂ ਧੀਆਂ ਨੂੰ ਇੱਥੇ ਅਫ਼ਗਾਨੀ ਸਕੂਲ ਵਿਚ ਦਾਖ਼ਲ ਕਰਵਾਇਆ। ਉਸਨੇ ਨੇੜਲੇ ਇਕ ਜਿਮ ਵਿਚ ਸਫਾਈ ਦਾ ਕੰਮ ਸ਼ੁਰੂ ਕੀਤਾ। ਉਸਨੇ ਦੱਸਿਆ ਕਿ ਕੰਮ ਖ਼ਤਮ ਕਰਨ ਤੋਂ ਬਾਅਦ ਉਹ ਲੋਕਾਂ ਨੂੰ ਜਿਮ ਕਰਦੇ ਵੇਖਦੀ ਸੀ ਅਤੇ ਚੀਜ਼ਾਂ ਨੂੰ ਨੇੜਿਓਂ ਸਮਝਦੀ ਸੀ। ਧੀਆਂ ਸਕੂਲ ਤੋਂ ਵਾਪਸ ਆ ਕੇ ਉਸ ਨੂੰ ਪੜ੍ਹਾਉਂਦੀਆਂ ਸਨ। ਇਸ ਤਰ੍ਹਾਂ ਉਸਦੀ ਸਿੱਖਿਆ ਦੀ ਸ਼ੁਰੂਆਤ ਹੋਈ। ਇਕ ਸਾਲ ਤਕ ਸਫਾਈ ਕਰਨ ਤੋਂ ਬਾਅਦ, ਉਸਦੇ ਜਨੂੰਨ ਨੂੰ ਵੇਖਦੇ ਹੋਏ, ਜਿਮ ਮਾਲਕ ਨੇ ਉਸਨੂੰ ਇਕ ਟ੍ਰੇਨਰ ਦੀ ਨੌਕਰੀ ਸੌਂਪੀ, ਜਿਸਨੂੰ ਉਹ ਵਧੀਆ ਢੰਗ ਨਾਲ ਨਿਭਾ ਰਹੀ ਹੈ। ਉਸ ਨੇ ਫਿਲਮਾਂ ਦੇਖ ਕੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਹਿੰਦੀ ਸਿੱਖੀ। ਉਹ ਭਾਰਤ ਨੂੰ ਪਸੰਦ ਕਰਦੀ ਹੈ ਉਹ ਇੱਥੇ ਸੁਰੱਖਿਅਤ ਮਹਿਸੂਸ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਜਿਮ ਤੋਂ 10 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਪਰ ਇਸ ਵਿਚ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਖ਼ਰਚੇ ਪੂਰੇ ਨਹੀਂ ਹੁੰਦੇ, ਇਸ ਲਈ ਉਸਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਉਸ ਦੇ ਭਾਰਤ ਵਿਚ ਹੋਣ ਬਾਰੇ ਕਦੇ ਵੀ ਪਤਾ ਨਹੀੰ ਸੀ ਲੱਗਣਾ ਜੇ ਇਕ ਅਫ਼ਗਾਨ ਯੂਟਿਊਬਰ ਨੇ ਭੋਗਲ ਵਿਚ ਅਫ਼ਗਾਨ ਦੁਕਾਨਾਂ ਦੇ ਵੀਡਿਓ ਨਾ ਬਣਾਏ ਹੁੰਦੇ, ਇਸ ਵੀਡੀਓ ਚ ਉਹ ਵੀ ਦਿਖੀ, ਉਸ ਦੀ ਕਹਾਣੀ ਦਿਖਾਈ ਗਈ, ਇਹ ਵੀਡੀਓ ਅਫ਼ਗਾਨਿਸਤਾਨ ਵਿਚ ਉਸਦੇ ਸਾਬਕਾ ਪਤੀ ਤਕ ਪਹੁੰਚਿਆ , ਜਿਸ ਨਾਲ ਉਸਨੂੰ ਪਤਾ ਲੱਗ ਗਿਆ ਕਿ ਉਹ ਭਾਰਤ ਵਿਚ ਹੈ ਅਤੇ ਕੰਮ ਵੀ ਕਰਦੀ ਹੈ। ਇਸ ਤੋਂ ਬਾਅਦ ਉਸ ਦੇ ਸਾਬਕਾ ਪਤੀ ਨੇ ਅਫ਼ਗਾਨਿਸਤਾਨ ਵਿਚ ਉਸਦੇ ਪਿਤਾ ਨੂੰ ਉਸ ਦੇ ਨਾਮ ਦੇ ਇਕ ਹਫ਼ਤੇ ਵਿਚ ਛੇ ਡੈੱਥ ਵਾਰੰਟ ਭੇਜੇ। ਹੁਣ ਜਦ ਅਫਗਾਨ ਵਿੱਚ ਤਾਲਿਬਾਨੀ ਸਾਸ਼ਨ ਦੀ ਵਾਪਸੀ ਹੋਈ ਹੈ ਤਾਂ ਉਹ ਫੇਰ ਡਰ ਰਹੀ ਹੈ, ਪਰ ਉਸ ਨੂੰ ਭਾਰਤ ਸਰਕਾਰ ਤੇ ਭਰੋਸਾ ਵੀ ਹੈ ਕਿ ਉਸ ਦੀ ਤੇ ਉਸ ਦੀਆਂ ਧੀਆਂ ਇੱਥੇ ਸੁਰਖਿਅਤ ਹਨ।

Comment here