ਸਿਆਸਤਖਬਰਾਂਦੁਨੀਆ

ਤਾਲਿਬਾਨ ਨੇ ਵਪਾਰਕ ਉਡਾਣਾਂ ਸ਼ੁਰੂ ਕਰਨ ਲਈ ਭਾਰਤ ਸਰਕਾਰ ਨੂੰ ਲਿਖਿਆ ਪੱਤਰ

ਕਾਬੁਲ-ਤਾਲਿਬਾਨ ਦੇ ਅਫਗਾਨਿਸਤਾਨ ’ਤੇ ਕਬਜ਼ਾ ਕੀਤੇ ਕਰੀਬ ਡੇਢ ਮਹੀਨਾ ਬੀਤ ਚੁੱਕਾ ਹੈ। ਉੱਥੇ ਹੁਣ ਤੱਕ ਕਾਬੁਲ ਹਵਾਈ ਅੱਡੇ ’ਤੇ ਵਪਾਰਕ ਉਡਾਣਾਂ ਦਾ ਸੰਚਾਲਨ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ। ਇਸ ਦੌਰਾਨ ਤਾਲਿਬਾਨ ਵੱਲੋਂ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ। ਸਮਾਚਾਰ ਏਜੰਸੀ ਏਐਨਆਈ ਅਨੁਸਾਰ, ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਇਸਲਾਮਿਕ ਅਮੀਰਾਤ ਨੇ ਡੀਜੀਸੀਏ (ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ) ਨੂੰ ਕਾਬੁਲ ਲਈ ਵਪਾਰਕ ਉਡਾਣਾਂ ਦੁਬਾਰਾ ਸ਼ੁਰੂ ਕਰਨ ਲਈ ਇੱਕ ਪੱਤਰ ਲਿਖਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਫਿਲਹਾਲ ਤਾਲਿਬਾਨ ਦੇ ਇਸ ਪੱਤਰ ਦੀ ਸਮੀਖਿਆ ਕਰ ਰਿਹਾ ਹੈ।
ਅਖੁਨਜ਼ਾਦਾ ਨੇ ਡੀਜੀਸੀਏ ਨੂੰ ਲਿਖਿਆ, “ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਾਬੁਲ ਏਅਰਪੋਰਟ ਨੂੰ ਅਮਰੀਕੀ ਫੌਜਾਂ ਨੇ ਨੁਕਸਾਨ ਪਹੁੰਚਾ ਕੇ ਨਕਾਰਾ ਕਰ ਦਿੱਤਾ ਸੀ ਪਰ ਸਾਡੇ ਦੋਸਤ ਕਤਰ ਦੀ ਤਕਨੀਕੀ ਸਹਾਇਤਾ ਨਾਲ, ਇਸ ਹਵਾਈ ਅੱਡੇ ਨੂੰ ਇੱਕ ਵਾਰ ਫਿਰ ਤੋਂ ਚਾਲੂ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਇੱਕ ਨੋਟਮ (ਏਅਰਮੈਨ ਨੂੰ ਨੋਟਿਸ) 6 ਸਤੰਬਰ, 2021 ਨੂੰ ਜਾਰੀ ਕੀਤਾ ਗਿਆ ਸੀ।”
ਭਾਰਤ ਨੇ ਹਾਲੇ ਤਾਲਿਬਾਨ ਦੀ ਅੰਤਰਿਮ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ। ਹਾਲਾਂਕਿ ਦੋਹਾ ਵਿੱਚ, ਕਤਰ ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਅਤੇ ਤਾਲਿਬਾਨ ਨੇਤਾ ਸ਼ੇਰ ਮੁਹੰਮਦ ਅੱਬਾਸ ਸਟੈਂਕਜ਼ਾਈ ਨੇ ਮੁਲਾਕਾਤ ਕੀਤੀ ਹੈ। ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ 30 ਅਗਸਤ ਨੂੰ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ। ਨਾਗਰਿਕਾਂ ਨੂੰ ਕੱਢਣ ਲਈ ਭਾਰਤ ਤੋਂ ਕਾਬੁਲ ਲਈ ਆਖਰੀ ਉਡਾਣ 21 ਅਗਸਤ ਨੂੰ ਸੀ। ਏਅਰ ਇੰਡੀਆ ਦੀ ਫਲਾਈਟ ਨੇ ਪਹਿਲਾਂ ਦੁਸ਼ਾਂਬੇ ਤੇ ਫਿਰ ਨਵੀਂ ਦਿੱਲੀ ਲਈ ਉਡਾਣ ਭਰੀ।

Comment here