ਅਪਰਾਧਸਿਆਸਤਖਬਰਾਂ

ਤਾਲਿਬਾਨ ਨੇ ਲਾਗੂ ਕੀਤਾ ਸ਼ਰੀਆ ਕਾਨੂੰਨ

ਕਾਬੁਲ-ਅਫਗਾਨਿਸਤਾਨ ’ਚ ਤਾਲਿਬਾਨ ਹੁਣ ਆਪਣਾ ਅਸਲ ਰੰਗ ਦਿਖਾਉਣ ਲੱਗਾ ਹੈ। ਤਾਲਿਬਾਨ ਦੇ ਸੁਪਰੀਮ ਲੀਡਰ ਮੌਲਵੀ ਹੇਬਤੁੱਲਾ ਅਖੁੰਦਜ਼ਾਦਾ ਨੇ ਜੱਜਾਂ ਨੂੰ ਦੇਸ਼ ’ਚ ਇਸਲਾਮਿਕ (ਸ਼ਰੀਆ) ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਹੁਕਮ ਦਿੱਤਾ ਹੈ। ਦੱਸ ਦੇਈਏ ਕਿ ਸ਼ਰੀਆ ਕਾਨੂੰਨ ਤਹਿਤ ਰੂਹ ਕੰਬਾਊ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਤਾਲਿਬਾਨ ਦੇ ਇਸ ਹੁਕਮ ਨੂੰ ਅਫਗਾਨਿਸਤਾਨ ਲਈ ਖ਼ਤਰਾ ਦੱਸਿਆ ਜਾ ਰਿਹਾ ਹੈ।
ਤਾਲਿਬਾਨ ਦੇ ਬੁਲਾਰੇ ਜ਼ਬੀਹਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਹੈਬਤੁੱਲਾ ਅਖੁੰਦਜ਼ਾਦਾ ਦਾ ਇਹ ਹੁਕਮ ਸੁਪਰੀਮ ਲੀਡਰ ਦੀ ਜੱਜਾਂ ਦੇ ਇਕ ਸਮੂਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਇਆ ਹੈ। ਜ਼ਬੀਹੁੱਲ੍ਹਾ ਮੁਜਾਹਿਦ ਮੁਤਾਬਕ ਜੱਜਾਂ ਦੀ ਮੀਟਿੰਗ ਵਿੱਚ ਚੋਰਾਂ , ਅਗਵਾਕਾਰਾਂ ਅਤੇ ਗੱਦਾਰਾਂ ਵਿਰੁੱਧ ਸ਼ਰੀਆ ਕਾਨੂੰਨ ਤਹਿਤ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਤਾਲਿਬਾਨ ਨੇ ਕਿਹਾ ਕਿ ਇਸਲਾਮਿਕ ਅਮੀਰਾਤ ਦੇ ਨੇਤਾ ਦਾ ਇਹ ਹੁਕਮ ਪੂਰੇ ਦੇਸ਼ ’ਚ ਲਾਗੂ ਕੀਤਾ ਜਾਵੇਗਾ।
ਅਫਗਾਨ ਨਿਊਜ਼ ਏਜੰਸੀ ਨੇ ਕਿਹਾ ਕਿ ਇਸਲਾਮਿਕ ਸਮੂਹ ਦੇ ਸੱਤਾ ’ਚ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਿਸੇ ਤਾਲਿਬਾਨ ਨੇਤਾ ਨੇ ਪੂਰੇ ਦੇਸ਼ ’ਚ ਇਸਲਾਮਿਕ ਕਾਨੂੰਨ ਦੇ ਸਾਰੇ ਪਹਿਲੂਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦਾ ਰਸਮੀ ਹੁਕਮ ਜਾਰੀ ਕੀਤਾ ਹੈ। ਹਿਊਮਨ ਰਾਈਟਸ ਵਾਚ (ਐੱਚ.ਆਰ.ਡਬਲਿਊ.) ਦੇ ਮੁਤਾਬਕ ਤਾਲਿਬਾਨ ਨੇ ਅਗਸਤ 2021 ’ਚ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ ਅਤੇ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ, ਜਿਨ੍ਹਾਂ ਨੇ ਬੁਨਿਆਦੀ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ।

Comment here