ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਨੇ ਗਲਤੀ ਨਾਲ ਤਜ਼ਾਕਿਸਤਾਨ ਨੂੰ ਕਰ’ਤੇ ਕਰੋੜਾਂ ਰੁਪਏ ਟਰਾਂਸਫਰ

ਤਜ਼ਾਕਿਸਤਾਨ ਨੇ ਪੈਸੇ ਵਾਪਸ ਕਰਨ ਤੋਂ ਕੀਤਾ ਇਨਕਾਰ
ਕਾਬੁਲ-ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਤਾਲਿਬਾਨ ਨੇ ਗਲਤੀ ਨਾਲ ‘‘ਦੁਸ਼ਮਣ’’ ਦੇਸ਼ ਤਜ਼ਾਕਿਸਤਾਨ ਵਿਚ ਆਪਣੇ ਦੂਤਘਰ ਦੇ ਖ਼ਾਤੇ ਵਿਚ ਪੈਸੇ ਟਰਾਂਸਫਰ ਕਰ ਦਿੱਤੇ ਹਨ, ਜਿਸ ਨੂੰ ਤਜ਼ਾਕਿਸਤਾਨ ਨੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤਜ਼ਾਕਿਸਤਾਨ ਸਰਕਾਰ ਅਧਿਕਾਰਤ ਤੌਰ ’ਤੇ ਤਾਲਿਬਾਨ ਨੂੰ ਇਕ ਅੱਤਵਾਦੀ ਸੰਗਠਨ ਮੰਨਦੀ ਹੈ, ਇਸ ਲਈ ਹੁਣ ਇਹ ਪੈਸਾ ਵਾਪਸ ਕਰਨਾ ਲਗਭਗ ਅਸੰਭਵ ਮੰਨਿਆ ਜਾ ਰਿਹਾ ਹੈ। ਤਜ਼ਾਕਿਸਤਾਨ ਸ਼ੁਰੂ ਤੋਂ ਹੀ ਤਾਲਿਬਾਨ ਦਾ ਆਲੋਚਕ ਰਿਹਾ ਹੈ, ਇਸ ਲਈ ਤਾਲਿਬਾਨ ਇਸ ਨੂੰ ਆਪਣਾ ਦੁਸ਼ਮਣ ਮੰਨਦੇ ਹਨ।
ਦੁਸ਼ਾਂਬੇ ਸਥਿਤ ਨਿਊਜ਼ ਵੈੱਬਸਾਈਟ ਅਵੇਸਟਾ ਮੁਤਾਬਕ ਤਾਲਿਬਾਨ ਨੇ ਤਜ਼ਾਕਿਸਤਾਨ ਸਥਿਤ ਅਫ਼ਗਾਨ ਦੂਤਘਰ ਦੇ ਖ਼ਾਤੇ ’ਚ ਲਗਭਗ 8 ਲੱਖ ਡਾਲਰ (6 ਕਰੋੜ ਰੁਪਏ ਤੋਂ ਵੱਧ) ਭੇਜੇ, ਹਾਲਾਂਕਿ ਅਜਿਹਾ ਨਹੀਂ ਕੀਤਾ ਜਾਣਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਪੈਸਾ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਵੱਲੋਂ ਟਰਾਂਸਫਰ ਕੀਤਾ ਜਾਣਾ ਸੀ। ਇਸ ਪੈਸੇ ਦੀ ਵਰਤੋਂ ਤਜ਼ਾਕਿਸਤਾਨ ਵਿਚ ਸ਼ਰਨਾਰਥੀ ਬੱਚਿਆਂ ਲਈ ਇਕ ਸਕੂਲ ਦੇ ਵਿੱਤ ਪੋਸ਼ਣ ਲਈ ਕੀਤੀ ਜਾਣੀ ਸੀ। ਹਾਲਾਂਕਿ, ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਅਤੇ ਗਨੀ ਦੇਸ਼ ਛੱਡ ਕੇ ਭੱਜ ਗਏ, ਤਾਂ ਇਹ ਸਮਝੌਤਾ ਅਸਫ਼ਲ ਹੋ ਗਿਆ।
ਕੁਝ ਹਫ਼ਤਿਆਂ ਬਾਅਦ, ਸਤੰਬਰ ਵਿਚ ਪੈਸਾ ਟ੍ਰਾਂਸਫਰ ਕੀਤਾ ਗਿਆ ਸੀ ਪਰ ਕੁਝ ਰਿਪੋਰਟਾਂ ਦੇ ਅਨੁਸਾਰ, ਲਗਭਗ 4 ਲੱਖ ਡਾਲਰ ਦਾ ਭੁਗਤਾਨ ਕੀਤਾ ਗਿਆ ਹੈ। ਉਸ ਸਮੇਂ ਤਾਲਿਬਾਨ ਵੱਲੋਂ ਵੀ ਕੁਝ ਨਹੀਂ ਕਿਹਾ ਗਿਆ ਸੀ। ਹਾਲਾਂਕਿ, ਨਵੰਬਰ ਆਉਂਦੇ-ਆਉਂਦੇ ਅਫ਼ਗਾਨਿਸਤਾਨ ਦੀ ਆਰਥ-ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਗਈ ਅਤੇ ਫਿਰ ਤਾਲਿਬਾਨ ਨੇ ਤਜ਼ਾਕਿਸਤਾਨ ਦੀ ਸਰਕਾਰ ਨਾਲ ਸੰਪਰਕ ਕੀਤਾ ਅਤੇ ਪਾਈ-ਪਾਈ ਵਾਪਸ ਦੇਣ ਲਈ ਕਿਹਾ ਪਰ ਤਜ਼ਾਕਿਸਤਾਨ ਦੇ ਅਧਿਕਾਰੀਆਂ ਨੇ ਇਸ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤਜ਼ਾਕਿਸਤਾਨ ਦਾ ਕਹਿਣਾ ਹੈ ਕਿ ਉਸ ਨੇ ਸਕੂਲ ਨਹੀਂ ਬਣਵਾਇਆ, ਪਰ ਚਾਰ ਮਹੀਨਿਆਂ ਤੋਂ ਅਧਿਆਪਕ ਅਤੇ ਦੂਤਘਰ ਦੇ ਕਰਮਚਾਰੀ ਇਸ ਫੰਡ ਵਿਚੋਂ ਆਪਣੀ ਤਨਖ਼ਾਹ ਲੈ ਰਹੇ ਹਨ। ਸਾਰਾ ਪੈਸਾ ਦੂਤਘਰ ਅਤੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਦੀਆਂ ਜ਼ਰੂਰਤਾਂ ’ਤੇ ਖ਼ਰਚ ਕੀਤਾ ਜਾ ਰਿਹਾ ਹੈ।

Comment here