ਅਪਰਾਧਸਿਆਸਤਖਬਰਾਂ

ਤਾਲਿਬਾਨ ਨੇ ਆਈਐੱਸਆਈਐੱਸ ਦੇ ਕਈ ਅੱਤਵਾਦੀ ਕੀਤੇ ਢੇਰ

ਕਾਬੁਲ-ਖਾਮਾ ਪ੍ਰੈੱਸ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਦੱਸਿਆ ਕਿ ਤਾਲਿਬਾਨ ਸੁਰੱਖਿਆ ਬਲਾਂ ਨੇ ਬਲਖ ਸੂਬੇ ਦੇ ਮਜ਼ਾਰ-ਏ-ਸ਼ਰੀਫ ‘ਚ ਵਿਦਰੋਹੀਆਂ ਦੇ ਖ਼ਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੈ। ਮੁਜਾਹਿਦ ਮੁਤਾਬਕ ਇਹ ਕਾਰਵਾਈ ਸ਼ੁੱਕਰਵਾਰ ਦੇਰ ਰਾਤ ਤੱਕ ਚੱਲੀ ਅਤੇ ਇਸ ਦੇ ਨਤੀਜੇ ਵਜੋਂ ਕਈ ਆਈਐੱਸਆਈਐੱਸ ਅੱਤਵਾਦੀ ਮਾਰੇ ਗਏ ਅਤੇ ਤਾਲਿਬਾਨ ਸੁਰੱਖਿਆ ਬਲ ਦਾ ਇਕ ਮੈਂਬਰ ਜ਼ਖ਼ਮੀ ਹੋ ਗਿਆ। ਸਥਾਨਕ ਸਰੋਤਾਂ ਨੇ ਵੀ ਮਜ਼ਾਰ-ਏ-ਸ਼ਰੀਫ ਦੇ ਦਸ਼ਤ ਸ਼ੋਰ ਖੇਤਰ ਵਿੱਚ ਤਾਲਿਬਾਨ ਸੁਰੱਖਿਆ ਬਲਾਂ ਤੇ ਵਿਦਰੋਹੀਆਂ ਵਿਚਾਲੇ ਝੜਪਾਂ ਦੀ ਸੂਚਨਾ ਦਿੱਤੀ ਹੈ।
ਇਕ ਅਧਿਕਾਰਤ ਬਿਆਨ ਅਨੁਸਾਰ ਮਜ਼ਾਰ-ਏ-ਸ਼ਰੀਫ ਵਿੱਚ ਸ਼ੁੱਕਰਵਾਰ ਰਾਤ ਦੀ ਕਾਰਵਾਈ ‘ਚ ਮਾਰੇ ਗਏ 5 ਦਾਏਸ਼ ਅੱਤਵਾਦੀ ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਨਾਗਰਿਕ ਸਨ। ਬਲਖ ਪੁਲਸ ਦੇ ਬੁਲਾਰੇ ਮੁਹੰਮਦ ਆਸਿਫ਼ ਵਜ਼ੀਰ ਨੇ ਪਜਵੋਕ ਅਫਗਾਨ ਨਿਊਜ਼ ਨੂੰ ਦੱਸਿਆ ਕਿ ਖੁਫੀਆ-ਆਧਾਰਿਤ ਕਾਰਵਾਈਆਂ ਦੇ ਹਿੱਸੇ ਵਜੋਂ ਮਜ਼ਾਰ-ਏ-ਸ਼ਰੀਫ ਵਿੱਚ ਆਈਐੱਸਆਈਐੱਸ ਦੇ 3 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਬਲਖ ਵਿੱਚ ਅਧਿਕਾਰੀਆਂ ਨੇ ਹਾਲ ਹੀ ‘ਚ 8 ਵਿਦਰੋਹੀਆਂ ਅਤੇ ਹਾਈਜੈਕਰਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਪੀੜਤ ਬੇਕਸੂਰ ਸਨ ਅਤੇ ਇਕ ਨਿਰਮਾਣ ਕੰਪਨੀ ਵਿੱਚ ਕੰਮ ਕਰਦੇ ਸਨ। ਦੱਸ ਦੇਈਏ ਕਿ ਅਫਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਦੇ ਅਨੁਸਾਰ ਆਈਐੱਸਆਈਐੱਸ ਦੇ ਅੱਤਵਾਦੀਆਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਕਾਬੁਲ ‘ਚ ਰੂਸੀ ਦੂਤਘਰ, ਪਾਕਿਸਤਾਨੀ ਦੂਤਘਰ ਅਤੇ ਚੀਨੀ ਨਾਗਰਿਕਾਂ ਦੇ ਰਹਿਣ ਵਾਲੇ ਇਕ ਹੋਟਲ ‘ਤੇ ਹਮਲੇ ਸਮੇਤ ਕਈ ਘਾਤਕ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਆਈਐੱਸਆਈਐੱਸ ਦੇ ਲੜਾਕਿਆਂ ਨੇ ਪੂਰੇ ਅਫਗਾਨਿਸਤਾਨ ਖਾਸ ਕਰਕੇ ਉੱਤਰੀ ਸੂਬਿਆਂ ਵਿੱਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ।

Comment here