ਲੰਡਨ-ਬੀਤੇ ਦਿਨੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬ੍ਰਿਟੇਨ ਦੀ ਸੰਸਦ ’ਚ ਲੇਬਰ ਪਾਰਟੀ ਦੀ ਸਾਰਾਹ ਚੈਂਪੀਅਨ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਅਫਗਾਨਿਸਤਾਨ ਵਿਚ ਵੱਧਦੇ ਮਨੁੱਖਤਾਵਾਦੀ ਸੰਕਟ ਵਿਚਕਾਰ ਉਥੋਂ ਦੇ ਲੋਕਾਂ ਦੀ ਮਦਦ ਲਈ ਉਨ੍ਹਾਂ ਨੂੰ ਤਾਲਿਬਾਨ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਸਾਰਾਹ ਨੇ ਸਵਾਲ ਕੀਤਾ ਸੀ ਕਿ ਅਫਗਾਨਿਸਤਾਨ ਦੀ ਸਥਿਤੀ ਨਰਕ ਵਰਗੀ ਹੋ ਗਈ ਹੈ। ਅਜਿਹੇ ’ਚ ਬ੍ਰਿਟਿਸ਼ ਸਰਕਾਰ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਲਈ ਕੀ ਕਰ ਰਹੀ ਹੈ। ਇਸ ਦੇ ਜਵਾਬ ’ਚ ਜਾਨਸਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਲਈ ਬ੍ਰਿਟੇਨ ਨੂੰ ਤਾਲਿਬਾਨ ਦੀ ਮਦਦ ਨਾਲ ਮਿਲ ਕੇ ਉਸ ਦੇ ਸਹਿਯੋਗ ਨਾਲ ਹੀ ਅੱਗੇ ਵਧਣਾ ਹੋਵੇਗਾ। ਇਸ ਤੋਂ ਇਲਾਵਾ ਕੋਈ ਦੂਜਾ ਵਿਕਲਪ ਨਹੀਂ ਹੈ। ਟੋਲੋ ਨਿਊਜ਼ ਮੁਤਾਬਕ ਜਾਨਸਨ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਅਜਿਹੇ ’ਚ ਉੱਥੇ ਦੇ ਲੋਕਾਂ ਨੂੰ ਜਲਦ ਤੋਂ ਜਲਦ ਮਦਦ ਪਹੁੰਚਾਉਣ ਦੀ ਲੋੜ ਹੈ। ਇਹ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਤਾਲਿਬਾਨ ਸਹਿਯੋਗ ਨਹੀਂ ਕਰਦਾ। ਲਿਹਾਜਾ ਤਾਲਿਬਾਨ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਫਗਾਨਿਸਤਾਨ ਨੂੰ ਇਸ ਮਨੁੱਖੀ ਸੰਕਟ ਤੋਂ ਬਚਾਇਆ ਜਾ ਸਕਦਾ ਹੈ।
ਜਾਨਸਨ ਨੇ ਇਹ ਵੀ ਕਿਹਾ ਕਿ ਇਸ ਗੱਲ ਦਾ ਕੋਈ ਸਵਾਲ ਨਹੀਂ ਉੱਠਦਾ ਕਿ ਇਸ ਮੁੱਦੇ ’ਤੇ ਬ੍ਰਿਟੇਨ ਇਕ ਪਾਸੇ ਹੋ ਗਿਆ ਹੈ ਜਾਂ ਨਹੀਂ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਵੇਂਕਿ ਅਫਗਾਨਿਸਤਾਨ ’ਚ ਮੌਜੂਦਾ ਸਮੇਂ ’ਚ ਸਹੀ ਅਗਵਾਈ ਨਹੀਂ ਹੈ ਪਰ ਇਸ ਦੇ ਬਾਵਜੂਦ ਉੱਥੇ ਇਕ ਸਰਕਾਰ ਦੀ ਮੌਜੂਦਗੀ ਹੈ। ਇਸ ਲਈ ਬ੍ਰਿਟੇਨ ਨੂੰ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ। ਅਸੀਂ ਉੱਥੇ ਲੋਕਾਂ ਦੀ ਮਦਦ ਕਰਨ ਦੀ ਗੱਲ ਕਰ ਰਹੇ ਹਾਂ, ਇਸ ਲਈ ਇਹ ਬਹੁਤ ਜ਼ਰੂਰੀ ਹੈ।
ਉੱਧਰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਇਸ ਬਿਆਨ ਦਾ ਤਾਲਿਬਾਨ ਨੇ ਵੀ ਸਵਾਗਤ ਕੀਤਾ ਹੈ। ਟੋਲੋ ਨਿਊਜ਼ ਮੁਤਾਬਕ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਇਨਾਮੁੱਲਾ ਸਮੰਗਨੀ ਨੇ ਬੋਰਿਸ ਦੇ ਬਿਆਨ ’ਤੇ ਕਿਹਾ ਕਿ ਤਾਲਿਬਾਨ ਉਨ੍ਹਾਂ ਦੇ ਬਿਆਨ ਦਾ ਸਵਾਗਤ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿਆਨ ਤੋਂ ਬਾਅਦ ਦੋਹੀਂ ਪਾਸਿਓਂ ਹੋਣ ਵਾਲੇ ਸਹਿਯੋਗ ਨਾਲ ਤਾਲਿਬਾਨ ਦੇ ਨਾਲ ਬਾਹਰੀ ਦੁਨੀਆ ਦੇ ਸਬੰਧਾਂ ਨੂੰ ਮਜ਼ਬੂਤ ਅਤੇ ਬਿਹਤਰ ਹੋਣਗੇ। ਸਮੰਗਨੀ ਨੇ ਇਹ ਵੀ ਕਿਹਾ ਕਿ ਤਾਲਿਬਾਨ ਨੇ ਗੱਲਬਾਤ ਲਈ ਕਿਸੇ ਵੀ ਦੇਸ਼ ਲਈ ਦਰਵਾਜ਼ੇ ਬੰਦ ਨਹੀਂ ਕੀਤੇ ਹਨ। ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਜੇਕਰ ਇਸ ਵਿੱਚ ਕੋਈ ਸਮੱਸਿਆ ਹੈ ਤਾਂ ਉਸ ਨੂੰ ਵੀ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ।
Comment here