ਇਸਲਾਮਾਬਾਦ-ਪਾਕਿਸਤਾਨ ਤੇ ਅਫਗਾਨਿਸਤਾਨ ਦਰਮਿਆਨ ਸਰਹੱਦੀ ਵਾੜ ਦੇ ਮਾਮਲੇ ਤੇ ਕੁਝ ਤਣਾਅ ਦਾ ਮਹੌਲ ਹੈ। ਤਾਲਿਬਾਨ ਦੁਆਰਾ ਪਕਿਸਤਾਨ ਫੌਜ ਦੁਆਰਾ ਸਰਹੱਦ ’ਤੇ ਲਗਾਈ ਗਈ ਵਾੜ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਾਏ ਜਾਣ ਤੋਂ ਬਾਅਦ ਡੂਰੰਡ ਲਾਈਨ ਦਾ ਮੁੱਦਾ ਮੁੜ ਉਭਰਿਆ ਹੈ। ਮਾਹਿਰਾਂ ਨੇ ਇਸ ਸੰਭਾਵਨਾ ਦਾ ਅਨੁਮਾਨ ਲਗਾਇਆ ਹੈ ਕਿ ਸਰਹੱਦ ’ਤੇ ਮੌਜੂਦਾ ਸਰਹੱਦੀ ਸੰਘਰਸ਼ ਸੰਭਾਵਿਤ ਰੂਪ ਨਾਲ ਕਾਬੁਲ ਅਤੇ ਇਸਲਾਮਾਬਾਦ ਵਿਚਾਲੇ ਸੰਬੰਧਾਂ ’ਚ ਦਰਾਰ ਦਾ ਕਾਰਨ ਬਣ ਸਕਦਾ ਹੈ। ਦਰਅਸਲ, ਤਾਲਿਬਾਨ ਇਸਤੋਂ ਇਲਾਵਾ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਹਾਲ ਦੇ ਕਦਮਾਂ ਤੋਂ ਵੀ ਨਾਰਾਜ਼ ਹੈ। ਤਾਲਿਬਾਨ ਹੁਣ ਚਾਹ ਕੇ ਵੀ ਆਈ.ਐੱਸ.ਆਈ. ’ਤੇ ਭਰੋਸਾ ਨਹੀਂ ਕਰ ਪਾ ਰਿਹਾ। ਪਾਕਿਸਤਾਨ ਦੁਆਰਾ ਤਹਿਰੀਕ-ਏ-ਤਾਲਿਬਾਨ ਦੇ ਮੋਸਟ ਵਾਂਟੇਡ ਅੱਤਵਾਦੀ ਖਾਲਿਦ ਬਟਲੀ ਉਰਫ ਮੁਹੰਮਦ ਖੁਰਾਸਾਨੀ ਨੂੰ ਅਫਗਾਨਿਸਤਾਨ ’ਚ ਮਾਰਨ ਤੋਂ ਬਾਅਦ ਹੀ ਤਾਲਿਬਾਨ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਤੋਂ ਨਾਰਾਜ਼ ਚੱਲ ਰਿਹਾ ਹੈ। ਮੁਹੰਮਦ ਖੁਰਾਸਾਨੀ ਦੇ ਮਾਰੇ ਜਾਣ ਦੇ ਦਾਅਵੇ ਤੋਂ ਵੱਡਾ ਸਵਾਲ ਇਹ ਉੱਠਣ ਲੱਗਾ ਹੈ ਕਿ ਕੀ ਪਾਕਿਸਤਾਨੀ ਫੌਜ ਖੁਫੀਆ ਏਜੰਸੀ ਆਈ.ਐੱਸ.ਆਈ. ਰਾਹੀਂ ਅਫਗਾਨਿਸਤਾਨ ’ਚ ਸਰਗਰਮ ਹੈ? ਕੀ ਉਹ ਆਪਣੇ ਜਾਸੂਸਾਂ ਨੂੰ ਸਰਹੱਦੀ ਰਸਤੇ ਅਫਗਾਨਿਸਤਾਨ ਭੇਜ ਰਿਹਾ ਹੈ? ਇਸ ਵਿਚਕਾਰ ਪਾਕਿਸਤਾਨ ਐੱਨ.ਐੱਸ.ਏ. ਯੂਸੁਫ ਨੇ ਆਪਣੀ ਦੋ ਦਿਨਾਂ ਯਾਤਰਾ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਕਾਬੁਲ ’ਚ ਹਾਮਿਦ ਕਰਜਈ ਕੌਮਾਂਤਰੀ ਹਵਾਈ ਅੱਡੇ ’ਤੇ ਪਾਕਿਸਤਾਨ ਖ਼ਿਲਾਫ਼ ਵੱਡੇ ਪੱਧਰ ’ਤੇ ਵਿਰੋਧ ਦੀ ਯੋਜਨਾ ਬਣਾਈ ਗਈ ਸੀ। ਇਕ ਕੂਟਨੀਤਕ ਸੂਤਰ ਦੇ ਹਵਾਲੇ ਨਾਲ ਇਕ ਨਿਊਜ਼ ਆਊਟਲੈਟ ਨੇ ਕਿਹਾ ਕਿ ਯੂਸਫ ਨੇ ਨਮੋਸ਼ੀ ਤੋਂ ਬਚਣ ਲਈ ਦੌਰਾ ਰੱਦ ਕਰ ਦਿੱਤਾ ਹੈ।
Comment here