ਸਿਆਸਤਖਬਰਾਂਦੁਨੀਆ

ਤਾਲਿਬਾਨ ਦੇ ਸੱਤਾ ਚ ਆਉਣ ਤੇ ਪਾਕਿ ਨੇ 200 ਅਫਗਾਨੀ ਵਾਪਸ ਭੇਜੇ

ਇਸਲਾਮਾਬਾਦ- ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿਸਤਾਨ ਨੇ ਬੱਚਿਆਂ ਤੇ ਔਰਤਾਂ ਸਮੇਤ 200 ਤੋਂ ਜ਼ਿਆਦਾ ਅਫ਼ਗਾਨ ਨਾਗਰਿਕਾਂ ਨੂੰ ਵਾਪਸ ਭੇਜ ਦਿੱਤਾ ਹੈ।  ਇਹ ਲੋਕ ਵੱਖ-ਵੱਖ ਮਾਰਗਾਂ ਰਾਹੀਂ ਪਾਕਿਸਤਾਨ ’ਚ ਦਾਖਲ ਹੋਏ ਅਤੇ ਚਮਨ ਪਹੁੰਚੇ, ਜਿਸ ਤੋਂ ਬਾਅਦ ਕੁਝ ਦਿਨਾਂ ਤਕ ਉਹ ਇੱਕ ਰੇਲਵੇ ਸਟੇਸ਼ਨ ’ਤੇ ਰੁਕੇ ਪਰ ਸਰਹੱਦੀ ਅਧਿਕਾਰੀਆਂ ਨੇ ਉਨ੍ਹਾਂ ਦੇ ਉਥੇ ਹੋਰ ਰੁਕਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕੁੰਦੁਜ ਸੂਬੇ ਦੇ ਅਫ਼ਗਾਨ ਨਾਗਰਿਕ ਦੋ ਦਿਨ ਪਹਿਲਾਂ ਕਵੇਟਾ ਪਹੁੰਚਣ ’ਚ ਕਾਮਯਾਬ ਹੋਏ ਅਤੇ ਸੂਬਾਈ ਰਾਜਧਾਨੀ ਦੇ ਬਾਹਰਵਾਰ ਬਲੇਲੀ ’ਚ ਰੁਕੇ ਪਰ ਉੱਥੋਂ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਕਵੇਟਾ ’ਚ ਰਹਿਣ ਨਹੀਂ ਦਿੱਤਾ। ਉਨ੍ਹਾਂ ਨੇ ਉਨ੍ਹਾਂ ਸਾਰਿਆਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਫਿਰ ਮੰਗਲਵਾਰ ਨੂੰ ਉਨ੍ਹਾਂ ਨੂੰ ਚਮਨ ਦੇ ਰਸਤੇ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ।  ਕਵੇਟਾ ਦੇ ਡਵੀਜ਼ਨਲ ਕਮਿਸ਼ਨਰ ਸੋਹੇਲ-ਉਰ-ਰਹਿਮਾਨ ਬਲੋਚ ਦੇ ਹਵਾਲੇ ਤੋਂ ਕਿਹਾ ਗਿਆ ਹੈ, “ਇਨ੍ਹਾਂ ਅਫ਼ਗਾਨ ਪਰਿਵਾਰਾਂ ਨੂੰ ਅਫ਼ਗਾਨਿਸਤਾਨ ਭੇਜਿਆ ਗਿਆ ਹੈ ਕਿਉਂਕਿ ਉਹ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ’ਚ ਦਾਖਲ ਹੋਏ ਸਨ। ਪਾਕਿਸਤਾਨ ਅਫ਼ਗਾਨ ਨਾਗਰਿਕਾਂ ਨੂੰ ਵੀਜ਼ਾ ਸਮੇਤ ਹੋਰ ਕਾਨੂੰਨੀ ਦਸਤਾਵੇਜ਼ਾਂ ਤੋਂ ਬਿਨਾਂ ਦੇਸ਼ ’ਚ ਦਾਖਲ ਹੋਣ ਦੀ ਆਗਿਆ ਨਹੀਂ ਦੇ ਰਿਹਾ। ਚਮਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਪਾਕਿਸਤਾਨ ’ਚ ਅਫ਼ਗਾਨ ਸ਼ਰਨਾਰਥੀਆਂ ਲਈ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਅਫ਼ਗਾਨ ਸ਼ਰਨਾਰਥੀਆਂ ਦੇ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਦੇ ਹਾਈ ਕਮਿਸ਼ਨਰ ਦੇ ਦਫਤਰ ਨੇ ਵੀ ਅਜੇ ਤੱਕ ਬਲੋਚਿਸਤਾਨ ਦੇ ਕਿਸੇ ਵੀ ਖੇਤਰ ’ਚ ਅਫ਼ਗਾਨ ਸ਼ਰਨਾਰਥੀਆਂ ਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ। ਕੁਝ ਅਫ਼ਗਾਨ ਪਰਿਵਾਰ ਅਫ਼ਗਾਨਿਸਤਾਨ ਦੇ ਹੇਲਮੰਡ ਸੂਬੇ ਤੋਂ ਨੋਸ਼ਕੀ ਜ਼ਿਲ੍ਹੇ ’ਚ ਦਾਖਲ ਹੋਏ ਹਨ। ਪਾਕਿਸਤਾਨ ’ਚ ਪਹਿਲਾਂ ਹੀ ਤਕਰੀਬਨ 30 ਲੱਖ ਅਫ਼ਗਾਨ ਰਹਿ ਰਹੇ ਹਨ। ਇਸ ਨੇ ਹਾਲ ਹੀ ’ਚ ਕਿਹਾ ਸੀ ਕਿ ਉਹ ਵਧੇਰੇ ਸ਼ਰਨਾਰਥੀਆਂ ਦੀ ਮੇਜ਼ਬਾਨੀ ਕਰਨ ਦੀ ਹਾਲਤ ’ਚ ਨਹੀਂ ਹੈ।

Comment here