ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਦੇ ਸ਼ਾਸਨਕਾਲ ਦੌਰਾਨ ਭਾਰਤ ਚ ਘੁਸਪੈਠ ਦਾ ਖਤਰਾ ਵਧਿਆ

ਨਵੀਂ ਦਿੱਲੀ- ਅਫਗਾਨਿਸਤਾਨ ਵਿੱਚ ਵਾਪਰ ਰਹੀਆਂ ਘਟਨਾਵਾਂ, ਹੋ ਰਹੇ ਸ਼ਾਸਕੀ ਫੇਰਬਦਲ ਨਾਲ ਗੁਆਂਢ ਚ ਵੀ ਅਸਰ ਪੈਣਾ ਤੈਅ ਹੈ। ਅਫਗਾਨ ਤਾਲਿਬਾਨ ਵੱਲੋਂ ਸੱਤਾ ਹਥਿਆਉਣ ਮਗਰੋਂ ਭਾਰਤ ਲਈ ਖਤਰਾ ਵਧ ਗਿਆ ਹੈ। ਜੰਮੂ ਕਸ਼ਮੀਰ ਦੇ ਹਾਲਾਤ ਨੂੰ ਵੇਖਦਿਆਂ ਭਾਰਤ ਸਰਕਾਰ ਕਾਫੀ ਫਿਕਰਮੰਦ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਮਗਰੋਂ ਕਸ਼ਮੀਰ ਵਿੱਚ ਅੱਤਵਾਦੀ ਮੁੜ ਸਰਗਰਮ ਹੋ ਗਏ ਹਨ। ਇੱਕ ਮਹੀਨੇ ਦੇ ਅੰਦਰ ਹੀ ਕਈ ਹਿੰਸਕ ਵਾਰਦਾਤਾਂ ਸਾਹਮਣੇ ਆਈਆਂ ਹਨ ਜਿਸ ਨੇ ਭਾਰਤੀ ਸੁਰੱਖਿਆ ਏਜੰਸੀਆਂ ਦੇ ਫਿਕਰ ਵਧਾ ਦਿੱਤੇ ਹਨ। ਉਧਰ, ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਐਮਐਮ ਨਰਵਾਣੇ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿ ਅਫ਼ਗਾਨਿਸਤਾਨ ’ਚ ਹਾਲਾਤ ਸਥਿਰ ਹੋਣ ਮਗਰੋਂ ਅਫਗਾਨ ਮੂਲ ਦੇ ਵਿਦੇਸ਼ੀ ਦਹਿਸ਼ਤਗਰਦ ਜੰਮੂ ਕਸ਼ਮੀਰ ’ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਦੋ ਦਹਾਕੇ ਪਹਿਲਾਂ ਕਾਬੁਲ ਦੀ ਸੱਤਾ ’ਤੇ ਤਾਲਿਬਾਨ ਦੇ ਕਾਬਜ਼ ਹੋਣ ਵੇਲੇ ਦੇ ਹਾਲਾਤ ਦਾ ਜ਼ਿਕਰ ਵੀ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ‘ਇੰਡੀਆ ਟੁਡੇ’ ਕਨਕਲੇਵ ਦੌਰਾਨ ਪੁੱਛੇ ਗਏ ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਹੁਣੇ ਜਿਹੇ ਹੋਈਆਂ ਹੱਤਿਆਵਾਂ ਤੇ ਅਫ਼ਗਾਨਿਸਤਾਨ ’ਚ ਤਾਲਿਬਾਨ ਵੱਲੋਂ ਸੱਤਾ ’ਤੇ ਕਾਬਜ਼ ਹੋਣ ਦੀਆਂ ਘਟਨਾਵਾਂ ਦਾ ਆਪਸ ’ਚ ਕੋਈ ਸਬੰਧ ਨਹੀਂ। ਅਹਿਮ ਗੱਲ ਹੈ ਕਿ ਭਾਰਤ ਨੇ ਅਜੇ ਤੱਕ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਬਾਰੇ ਕੋਈ ਸਪਸ਼ਟ ਸਟੈਂਡ ਨਹੀਂ ਲਿਆ। ਬੇਸ਼ੱਕ ਗੁਆਂਢੀ ਮੁਲਕ ਪਾਕਿਸਤਾਨ ਤੇ ਚੀਨ ਤਾਲਿਬਾਨ ਸਰਕਾਰ ਦਾ ਪੱਖ ਪੂਰ ਰਹੇ ਹਨ ਪਰ ਭਾਰਤ ਇਸ ਬਾਰੇ ਖਾਮੋਸ਼ ਹੈ। ਇਸ ਕਰਕੇ ਮੋਦੀ ਸਰਕਾਰ ਦੀ ਅਲੋਚਨਾ ਵੀ ਹੋ ਰਹੀ ਹੈ ਪਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਜਲਦਬਾਜ਼ੀ ਵਿੱਚ ਕੋਈ ਵੀ ਫੈਸਲਾ ਨਹੀਂ ਲਿਆ ਜਾਵੇਗਾ। ਕੌਮਾਂਤਰੀ ਮਾਮਲਿਆਂ ਦਾ ਮਾਹਿਰਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਭਵਿੱਖ ਵਿੱਚ ਭਾਰਤ ਲਈ ਖਤਰਾ ਬਣ ਸਕਦੀ ਹੈ। ਇਸ ਵੇਲੇ ਪਾਕਿਸਤਾਨ ਤੇ ਚੀਨ ਵਿਚਾਲੇ ਕਾਫੀ ਨੇੜਤਾ ਬਣੀ ਹੋਈ ਹੈ। ਜੇਕਰ ਤਾਲਿਬਾਨ ਸਰਕਾਰ ਵੀ ਇਨ੍ਹਾਂ ਨਾਲ ਖੜ੍ਹਦੀ ਹੈ ਤਾਂ ਇਸ ਨਾਲ ਭਾਰਤ ਦੀ ਸਥਿਤੀ ਫਿਕਰ ਵਾਲੀ ਬਣ ਸਕਦੀ ਹੈ।

Comment here