ਸਿਆਸਤਖਬਰਾਂਦੁਨੀਆ

ਤਾਲਿਬਾਨ ਦੇ ਰਾਜ ’ਚ ਸਿਹਤ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ

ਕਾਬੁਲ-ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਸਿਹਤ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਲਈ ਨਵੇਂ ਸ਼ਾਸਨ ਨਾਲ ਤਾਲਮੇਲ ਬਿਠਾਉਣਾ ਮੁਸ਼ਕਲ ਹੋ ਰਿਹਾ ਹੈ। ਰਾਜਧਾਨੀ ਦੇ ਬਾਹਰ ਮੀਰਬਾਚਾ ਕੋਟ ਜ਼ਿਲ੍ਹਾ ਹਸਪਤਾਲ ਦੀ ਸਥਿਤੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਤਾਲਿਬਾਨ ਨੇ ਇਸ ਹਸਪਤਾਲ ਦੀ ਜ਼ਿੰਮੇਵਾਰੀ 22 ਸਾਲਾ ਮੁਹੰਮਦ ਜਾਵੇਦ ਅਹਿਮਦੀ ਨੂੰ ਦਿੱਤੀ ਹੈ, ਜਿਸ ਕਾਰਨ ਉੱਥੋਂ ਦੇ ਡਾਕਟਰ ਨਿਰਾਸ਼ ਹਨ। ਅਹਿਮਦੀ ਨੂੰ ਉਸ ਦੇ ਉੱਚ ਅਧਿਕਾਰੀਆਂ ਨੇ ਪੁੱਛਿਆ ਕਿ ਉਹ ਕਿਹੜਾ ਕੰਮ ਕਰ ਸਕਦਾ ਹੈ। ਅਹਿਮਦੀ ਨੇ ਦੱਸਿਆ ਕਿ ਉਸ ਦਾ ਸੁਪਨਾ ਡਾਕਟਰ ਬਣਨਾ ਸੀ ਪਰ ਗਰੀਬੀ ਕਾਰਨ ਉਹ ਮੈਡੀਕਲ ਕਾਲਜ ਵਿੱਚ ਦਾਖਲਾ ਨਹੀਂ ਲੈ ਸਕਿਆ। ਇਸ ਤੋਂ ਬਾਅਦ ਤਾਲਿਬਾਨ ਨੇ ਮੀਰਬਾਚਾ ਕੋਟ ਜ਼ਿਲ੍ਹਾ ਹਸਪਤਾਲ ਦੀ ਜ਼ਿੰਮੇਵਾਰੀ ਉਸ ਨੂੰ ਸੌਂਪ ਦਿੱਤੀ। ਪਿਛਲੀ ਸਰਕਾਰ ਸਮੇਂ ਆਈਆਂ ਦਰਪੇਸ਼ ਮੁਸ਼ਕਲਾਂ ਨੂੰ ਯਾਦ ਕਰਦਿਆਂ ਅਹਿਮਦੀ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਕੋਈ ਹੋਰ ਤਜਰਬੇਕਾਰ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਤਿਆਰ ਹੋਵੇ ਪਰ ਬਦਕਿਸਮਤੀ ਨਾਲ ਜੇਕਰ ਅਜਿਹੇ ਵਿਅਕਤੀ ਨੂੰ ਇਹ ਅਹੁਦਾ ਮਿਲ ਜਾਂਦਾ ਹੈ ਤਾਂ ਕੁਝ ਸਮੇਂ ਬਾਅਦ ਉਹ ਭ੍ਰਿਸ਼ਟ ਹੋ ਜਾਵੇਗਾ। ਅਹਿਮਦੀ ਭਾਵੇਂ ਆਪਣੇ ਕੰਮ ਨੂੰ ਗੰਭੀਰਤਾ ਨਾਲ ਲੈਂਦਾ ਹੈ ਪਰ ਉਸ ਦੇ ਅਤੇ 20 ਬਿਸਤਰਿਆਂ ਵਾਲੇ ਹਸਪਤਾਲ ਦੇ ਸਿਹਤ ਕਰਮਚਾਰੀਆਂ ਵਿਚਕਾਰ ਤਾਲਮੇਲ ਦੀ ਘਾਟ ਹੈ।
ਡਾਕਟਰ ਪਿਛਲੀਆਂ ਬਕਾਇਆ ਤਨਖਾਹਾਂ ਦੀ ਮੰਗ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਦਵਾਈਆਂ, ਬਾਲਣ ਅਤੇ ਭੋਜਨ ਦੀ ਵੀ ਭਾਰੀ ਕਮੀ ਹੈ। ਅਹਿਮਦੀ ਦੀ ਤਰਜੀਹ ਹਸਪਤਾਲ ਦੇ ਅੰਦਰ ਇੱਕ ਮਸਜਿਦ ਬਣਾਉਣਾ, ਲਿੰਗ ਦੇ ਅਧਾਰ ’ਤੇ ਕਰਮਚਾਰੀਆਂ ਨੂੰ ਵੱਖ ਕਰਨਾ ਅਤੇ ਉਨ੍ਹਾਂ ਨੂੰ ਨਮਾਜ਼ ਅਦਾ ਕਰਨ ਲਈ ਉਤਸ਼ਾਹਿਤ ਕਰਨਾ ਹੈ। ਉਸ ਦਾ ਕਹਿਣਾ ਹੈ ਕਿ ਬਾਕੀ ਸਭ ਕੁਝ ਅੱਲ੍ਹਾ ਦੀ ਮਰਜ਼ੀ ਅਨੁਸਾਰ ਆਪਣੇ ਆਪ ਹੋ ਜਾਵੇਗਾ। ਇਹੀ ਹਾਲ ਅਫਗਾਨਿਸਤਾਨ ਦੇ ਸਮੁੱਚੇ ਸਿਹਤ ਖੇਤਰ ਦਾ ਹੈ। ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ, ਅਮਰੀਕਾ ਨੇ ਅਫਗਾਨਿਸਤਾਨ ਦੇ ਅਮਰੀਕੀ ਖਾਤਿਆਂ ਨੂੰ ’ਫ੍ਰੀਜ਼’ ਕਰ ਦਿੱਤਾ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਲਗਾ ਦਿੱਤੀਆਂ। ਇਸ ਕਾਰਨ ਦੇਸ਼ ਦੀ ਬੈਂਕਿੰਗ ਪ੍ਰਣਾਲੀ ਢਹਿ-ਢੇਰੀ ਹੋ ਗਈ। ਅੰਤਰਰਾਸ਼ਟਰੀ ਮੁਦਰਾ ਸੰਗਠਨ ਪਹਿਲਾਂ ਅਫਗਾਨ ਸਰਕਾਰ ਦੇ ਖਰਚੇ ਦਾ 75 ਪ੍ਰਤੀਸ਼ਤ ਸਹਿਣ ਕਰਦਾ ਸੀ ਪਰ ਬਾਅਦ ਵਿੱਚ ਫੰਡ ਦੇਣਾ ਬੰਦ ਕਰ ਦਿੱਤਾ।
ਇਹ ਆਰਥਿਕ ਸੰਕਟ ਇੱਕ ਅਜਿਹੇ ਦੇਸ਼ ਵਿੱਚ ਆਇਆ ਜੋ ਖੁਦ ਵਿਦੇਸ਼ੀ ਸਹਾਇਤਾ ’ਤੇ ਨਿਰਭਰ ਸੀ। ਨਤੀਜੇ ਵਜੋਂ ਸਿਹਤ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤਾਲਿਬਾਨ ਸਰਕਾਰ ਦੇ ਉਪ ਸਿਹਤ ਮੰਤਰੀ ਅਬਦੁਲਬਾਰੀ ਉਮਰ ਨੇ ਕਿਹਾ ਕਿ ਵਿਸ਼ਵ ਬੈਂਕ ਅਫਗਾਨਿਸਤਾਨ ਦੇ 3,800 ਮੈਡੀਕਲ ਸੈਂਟਰਾਂ ਵਿੱਚੋਂ 2,330 ਨੂੰ ਵਿੱਤ ਦਿੰਦਾ ਸੀ, ਜੋ ਸਿਹਤ ਕਰਮਚਾਰੀਆਂ ਲਈ ਵੀ ਭੁਗਤਾਨ ਕਰਦਾ ਸੀ। ਨਵੀਂ ਸਰਕਾਰ ਆਉਣ ਤੋਂ ਪਹਿਲਾਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਉਮਰ ਨੇ ਕਿਹਾ,’’ਇਹ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ। ਜਦੋਂ ਅਸੀਂ ਇੱਥੇ ਆਏ, ਤਾਂ ਕੋਈ ਪੈਸਾ ਨਹੀਂ ਬਚਿਆ ਸੀ। ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ, ਲੋਕਾਂ ਲਈ ਖਾਣਾ ਨਹੀਂ ਹੈ, ਐਂਬੂਲੈਂਸ ਜਾਂ ਹੋਰ ਮਸ਼ੀਨਾਂ ਲਈ ਬਾਲਣ ਨਹੀਂ ਹੈ। ਹਸਪਤਾਲਾਂ ਵਿੱਚ ਦਵਾਈਆਂ ਨਹੀਂ ਹਨ। ਅਸੀਂ ਕਤਰ, ਬਹਿਰੀਨ, ਸਾਊਦੀ ਅਰਬ ਅਤੇ ਪਾਕਿਸਤਾਨ ਤੋਂ ਕੁਝ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਕਾਫ਼ੀ ਨਹੀਂ ਹੈ।’’ ਮੀਰਬਾਚਾ ਕੋਟ ਦੇ ਡਾਕਟਰਾਂ ਨੂੰ ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਨਿਰਾਸ਼ ਸਿਹਤ ਕਰਮਚਾਰੀ ਰੋਜ਼ਾਨਾ 400 ਮਰੀਜ਼ ਦੇਖਦੇ ਹਨ ਜੋ ਨੇੜਲੇ ਜ਼ਿਲ੍ਹਿਆਂ ਤੋਂ ਆਉਂਦੇ ਹਨ। ਕੁਝ ਮਰੀਜ਼ਾਂ ਨੂੰ ਆਮ ਬਿਮਾਰੀਆਂ ਜਾਂ ਦਿਲ ਦੀ ਬਿਮਾਰੀ ਹੈ, ਕੁਝ ਦੇ ਬੱਚੇ ਹਨ ਜੋ ਬਿਮਾਰ ਹਨ। ਡਾਕਟਰ ਗੁਲ ਨਾਜ਼ਰ ਨੇ ਕਿਹਾ,“ਅਸੀਂ ਕੀ ਕਰ ਸਕਦੇ ਹਾਂ? ਜੇਕਰ ਅਸੀਂ ਇੱਥੇ ਨਹੀਂ ਆਏ, ਤਾਂ ਸਾਡੇ ਲਈ ਕੋਈ ਹੋਰ ਨੌਕਰੀ ਨਹੀਂ ਹੋਵੇਗੀ। ਜੇਕਰ ਕੋਈ ਰੁਜ਼ਗਾਰ ਹੋਵੇਗਾ ਤਾਂ ਕੋਈ ਸਾਨੂੰ ਤਨਖਾਹ ਨਹੀਂ ਦੇਵੇਗਾ। ਬਿਹਤਰ ਹੈ ਕਿ ਅਸੀਂ ਇੱਥੇ ਹੀ ਰਹੀਏ।

Comment here