ਅਪਰਾਧਸਿਆਸਤਵਿਸ਼ੇਸ਼ ਲੇਖ

ਤਾਲਿਬਾਨ ਦੇ ਰਾਜ ਚ ਔਰਤਾਂ ਦੀ ਹਾਲ ਬਦ ਤੋਂ ਬਦਤਰ

ਕਾਬੁਲ-ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਦੀ ਬੇਰਹਿਮੀ ਵਧਦੀ ਜਾ ਰਹੀ ਹੈ। ਇੱਥੇ ਇਕ ਵਾਰ ਫੇਰ ਔਰਤਾਂ ਦੀ ਜ਼ਿੰਦਗੀ ਨੂੰ ਖਤਰੇ ’ਚ ਪਾ ਦਿੱਤਾ ਹੈ ਤੇ ਨਵੇਂ ਤਰੀਕਿਆਂ ਨਾਲ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਦਬਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਸਭ ਜਾਣਦੇ ਹਨ ਕਿ ਅਫਗਾਨਿਸਤਾਨ ਦੀਆਂ ਔਰਤਾਂ ਦੀ ਜ਼ਿੰਦਗੀ ਕਾਫੀ ਪਹਿਲਾਂ ਤੋਂ ਚੁਣੌਤੀਪੂਰਨ ਰਹੀ ਹੈ। ਕਈ ਅਫਗਾਨ ਔਰਤਾਂ ਲਈ ਹਿੰਸਾ ਬਹੁਤ ਲੰਮੇ ਸਮੇਂ ਤੋਂ ਇਕ ਕੌੜਾ ਸੱਚ ਰਹੀ ਹੈ। ਯੂ ਐਸ ਏਡ ਦੇ ਜਨਸੰਖਿਆ ਵਿਗਿਆਨ ਤੇ ਸਿਹਤ ਪ੍ਰੋਗਰਾਮ ਦੇ 2015 ਦੇ ਸਰਵੇਖਣ ਮੁਤਾਬਕ ਦੇਸ਼ ਦੇ ਕੁਝ ਇਲਾਕਿਆਂ ’ਚ 90 ਫੀਸਦੀ ਔਰਤਾਂ ਨੇ ਆਪਣੇ ਪਤੀ ਵਲੋਂ ਕੀਤੀ ਗਈ ਹਿੰਸਾ ਦਾ ਸਾਹਮਣਾ ਕੀਤਾ ਹੈ। ਜੋ ਔਰਤਾਂ ਆਪਣੇ ਜ਼ਾਲਮ ਪਤੀਆਂ ਤੇ ਪਰਿਵਾਰਾਂ ਨੂੰ ਛੱਡਣ ’ਚ ਸਫਲ ਰਹੀਆਂ, ਉਨ੍ਹਾਂ ਨੂੰ ਵੀ ਅਕਸਰ ਉਨ੍ਹਾਂ ਲੋਕਾਂ ਵਲੋਂ ਜ਼ਿਆਦਾ ਜ਼ੁਲਮ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੂੰ ਅਸੀਂ ਭਰੋਸੇਮੰਦ ਸਮਝ ਸਕਦੇ ਹਾਂ, ਜਿਨ੍ਹਾਂ ’ਚ ਪੁਲਸ, ਡਾਕਟਰ ਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ। ਤਾਲਿਬਾਨ ਦੇ ਕੰਟਰੋਲ ਤੋਂ ਪਹਿਲਾਂ ਅਫਗਾਨਿਸਤਾਨ ’ਚ ਔਰਤਾਂ ਲਈ ਸੁਰੱਖਿਅਤ ਪਨਾਹਗਾਹ ਮੌਜੂਦ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਪਨਾਹਗਾਹਾਂ ਕਾਬੁਲ ’ਚ ਸਨ। ਇਨ੍ਹਾਂ ਪਨਾਹਗਾਹਾਂ ਨੂੰ ਪਹਿਲਾਂ ਹੀ ਅਫਗਾਨ ਸਮਾਜ ’ਚ ਕਈ ਲੋਕ ਸ਼ਰਮਨਾਕ ਤੇ ਗਲਤ ਮੰਨਦੇ ਸਨ। ਆਪਣਾ ਸਭ ਕੁਝ ਛੱਡ ਕੇ ਸੁਰੱਖਿਅਤ ਪਨਾਹਗਾਹ ’ਚ ਰਹਿਣ ਵਾਲੀਆਂ ਔਰਤਾਂ ਲਈ ਬਾਹਰ ਨਿਕਲਣਾ ਖ਼ਤਰਨਾਕ ਹੁੰਦਾ ਸੀ। ਉਨ੍ਹਾਂ ਨੂੰ ਡਾਕਟਰ ਦੇ ਕੋਲ ਜਾਣ ਤਕ ਅੰਗਰੱਖਿਅਤ ਦੀ ਲੋੜ ਪੈਂਦੀ ਸੀ। ਗਲੋਬਲ ਸਿਹਤ ਖੋਜਕਾਰ ਦੇ ਤੌਰ ’ਤੇ 5 ਸਾਲ ਅਫਗਾਨਿਸਤਾਨ ’ਚ ਬਤੀਤ ਕਰਨ ਵਾਲੀ ਔਰਤ ਦਾ ਕਹਿਣਾ ਹੈ, ‘ਮੈਂ ਦੇਸ਼ ’ਚ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੇ ਤਜਰਬਿਆਂ ਨੂੰ ਦਰਜ ਕੀਤਾ। ਅਸੀਂ ਦੇਸ਼ ਭਰ ’ਚ ਔਰਤਾਂ ਖ਼ਿਲਾਫ਼ ਹਿੰਸਾ ਤੇ ਮਨੁੱਖੀ ਸਿਹਤ ਦੇ ਬਾਰੇ ’ਚ 200 ਤੋਂ ਵੱਧ ਔਰਤਾਂ ਤੇ ਮਰਦਾਂ ਨਾਲ ਗੱਲਬਾਤ ਕੀਤੀ। ਮੈਂ ਦੁਨੀਆ ’ਚ ਜਿਥੇ ਵੀ ਕੰਮ ਕੀਤਾ, ਉਨ੍ਹਾਂ ’ਚ ਅਫਗਾਨਿਸਤਾਨ ’ਚ ਕੰਮ ਕਰਨਾ ਸਭ ਤੋਂ ਚੁਣੌਤੀਪੂਰਨ ਲੱਗਿਆ। ਇਹ ਰਾਜਨੀਤਕ ਤੇ ਨਸਲੀ ਰੂਪ ਨਾਲ ਕਾਫੀ ਮੁਸ਼ਕਿਲ ਦੇਸ਼ ਹੈ। ਦੂਜੇ ਦੇਸ਼ਾਂ ’ਚ ਹਿੰਸਾ ਤੋਂ ਬੱਚ ਕੇ ਭੱਜੀਆਂ ਔਰਤਾਂ ਨੂੰ ਸਰਕਾਰੀ ਸੰਸਥਾਨਾਂ ਵਲੋਂ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਪਰ ਅਫਗਾਨਿਸਤਾਨ ’ਚ ਅਜਿਹਾ ਨਹੀਂ ਹੁੰਦਾ। ਸਾਨੂੰ ਕਈ ਵਾਰ ਆਪਣੀ ਖੋਜ ਰੋਕਣੀ ਪਈ ਕਿਉਂਕਿ ਹਿੰਸਾ ਤੋਂ ਬਾਅਦ ਬਚੀਆਂ ਔਰਤਾਂ ਲਈ ਹਾਲਾਤ ਬਹੁਤ ਖ਼ਤਰਨਾਕ ਸਨ ਤੇ ਸਾਨੂੰ ਡਰ ਸੀ ਕਿ ਅਸੀਂ ਜਿਨ੍ਹਾਂ ਔਰਤਾਂ ਦੀ ਮਦਦ ਕਰਨਾ ਚਾਹੁੰਦੇ ਹਾਂ, ਕਿਤੇ ਉਨ੍ਹਾਂ ਦੀ ਜਾਨ ਹੋਰ ਜ਼ਿਆਦਾ ਖ਼ਤਰੇ ’ਚ ਨਾ ਪੈ ਜਾਵੇ।’ਅਫਗਾਨਿਸਤਾਨ ’ਚ ਔਰਤਾਂ ਦੀ ਹਿੰਸਾ ਨਾਲ ਜੁੜੀਆਂ ਕਹਾਣੀਆਂ ਸੁਣਨਾ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਬੇਹੱਦ ਮੁਸ਼ਕਿਲ ਕੰਮ ਸੀ। ਦੁਨੀਆ ’ਚ ਕਿਤੇ ਵੀ ਹਿੰਸਾ ਦੀ ਅਜਿਹੀ ਦਾਸਤਾਨ ਸੁਣਨ ਨੂੰ ਨਹੀਂ ਮਿਲਦੀ। ਉਹ ਬਹੁਤ ਜ਼ਾਲਮ ਹੁੰਦੇ ਹਨ ਤੇ ਹਮੇਸ਼ਾ ਹਰ ਗੱਲ ਲਈ ਔਰਤਾਂ ਨੂੰ ਦੋਸ਼ ਦਿੱਤਾ ਜਾਂਦਾ ਹੈ। ਜ਼ਿਆਦਾਤਰ ਔਰਤਾਂ ਲਈ ਆਪਣੇ ਪਤੀਆਂ ਨਾਲ ਰਹਿਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਜੇਕਰ ਉਹ ਮਦਦ ਮੰਗਣਾ ਚਾਹੁਣ ਤਾਂ ਵੀ ਉਨ੍ਹਾਂ ਨੂੰ ਕੁੱਟਿਆ ਜਾਂਦਾ ਹੈ ਤੇ ਦੁਰਵਿਵਹਾਰ ਕੀਤਾ ਜਾਂਦਾ ਹੈ। ਸੱਸ ਸਮੇਤ ਪਰਿਵਾਰ ਦੀਆਂ ਹੋਰ ਔਰਤਾਂ ਵੀ ਅਕਸਰ ਹਿੰਸਾ ’ਚ ਸ਼ਾਮਲ ਰਹਿੰਦੀਆਂ ਹਨ। ਔਰਤਾਂ ਉਨ੍ਹਾਂ ਦੀ ਦਾਸਤਾਨ ਸੁਣਾਉਣ ਦਾ ਮੌਕਾ ਦੇਣ ਲਈ ਸਾਡੀ ਖੋਜ ਟੀਮ ਦੀਆਂ ਧੰਨਵਾਦੀ ਰਹਿੰਦੀਆਂ। ਉਹ ਕਹਿੰਦੀਆਂ ਕਿ ਇਸ ਤਰ੍ਹਾਂ ਸਾਡੀ ਗੱਲ ਸੁਣਨ ਲਈ ਕੋਈ ਨਹੀਂ ਆਉਂਦੀਆਂ ਸਨ। ਜਿਨ੍ਹਾਂ ਔਰਤਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਨੇ ਆਪਣੇ ਤੇ ਮਰਦਾਂ ਵਿਚਾਲੇ ਅਸਮਾਨਤਾ ਦੀਆਂ ਦਰਦ ਭਰੀਆਂ ਕਹਾਣੀਆਂ ਨਾਲ ਰੂ-ਬ-ਰੂ ਕਰਵਾਇਆ।

Comment here