ਕਾਬੁਲ-ਤਾਲਿਬਾਨੀ ਅੱਤਵਾਦੀਆਂ ਨੇ ਰਾਜਧਾਨੀ ਕਾਬੁਲ ’ਚ ਦੁਨੀਆ ਦਾ ਇਕ ਵੱਡਾ ਨਵਾਂ ਨਕਸ਼ਾ ਤਿਆਰ ਕੀਤਾ ਹੈ। ਦੁਨੀਆ ਦੇ ਇਸ ਨਵੇਂ ਨਕਸ਼ੇ ’ਚ ਅਫਗਾਨਿਸਤਾਨ ਦਾ ਆਕਾਰ ਇਸ ਦੀ ਅਸਲ ਹੱਦ ਤੋਂ ਕਿਤੇ ਵੱਡਾ ਦਿਖਾਇਆ ਗਿਆ ਹੈ। ਤਾਲਿਬਾਨ ਦੇ ਨਕਸ਼ੇ ਮੁਤਾਬਕ ਖੈਬਰ ਪਖਤੂਨਖਵਾ ਸੂਬੇ ਸਮੇਤ ਅੱਧਾ ਪਾਕਿਸਤਾਨ, ਤਜ਼ਾਕਿਸਤਾਨ, ਈਰਾਨ ਅਤੇ ਉਜ਼ਬੇਕਿਸਤਾਨ ਦਾ ਵੱਡਾ ਹਿੱਸਾ ਅਫਗਾਨਿਸਤਾਨ ਦਾ ਹਿੱਸਾ ਹੈ। ਇੰਨਾ ਹੀ ਨਹੀਂ ਤਾਲਿਬਾਨ ਨੇ ਕਸ਼ਮੀਰ ਨੂੰ ਇੱਕ ਵੱਖਰੇ ਦੇਸ਼ ਵਜੋਂ ਦਰਸਾਇਆ ਹੈ। ਭਾਰਤ ਦੇ ਪੰਜਾਬ ਅਤੇ ਰਾਜਸਥਾਨ ਦੇ ਖੇਤਰ ਨੂੰ ਪਾਕਿਸਤਾਨ ਦਾ ਦੱਸਿਆ ਗਿਆ ਹੈ।
ਨਕਸ਼ੇ ’ਚ ਪੂਰੇ ਅਫਗਾਨਿਸਤਾਨ ਨੂੰ ਤਾਲਿਬਾਨ ਦੇ ਚਿੱਟੇ ਰੰਗ ’ਚ ਦਿਖਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭੁੱਖਮਰੀ ਅਤੇ ਗਰੀਬੀ ਨਾਲ ਜੂਝ ਰਹੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਲਗਭਗ 10 ਲੱਖ ਅਫਗਾਨੀ ਕਰੰਸੀ ਖਰਚ ਕੇ ਦੁਨੀਆ ਦਾ ਇਹ ਵਿਸ਼ਾਲ ਨਕਸ਼ਾ ਤਿਆਰ ਕੀਤਾ ਹੈ। ਇੰਨਾ ਹੀ ਨਹੀਂ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਇਸ ਨਕਸ਼ੇ ਨੂੰ ਟਵੀਟ ਕੀਤਾ ਅਤੇ ਸ਼ੇਖੀ ਮਾਰੀ ਕਿ ਇਸ ਨੂੰ ਸਥਾਨਕ ਕਾਰੀਗਰ ਨੇ ਤਿਆਰ ਕੀਤਾ ਹੈ। ਇਸ ਨਕਸ਼ੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਤੋਂ ਲੈ ਕੇ ਉਜ਼ਬੇਕਿਸਤਾਨ ਤੱਕ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਗਈ ਹੈ।
ਤਾਲਿਬਾਨ ਦਾ ਨਕਸ਼ਾ ਭਾਰਤ ਲਈ ਖਤਰਾ
ਤਾਲਿਬਾਨ ਦੇ ਬੁਲਾਰੇ ਦੇ ਇਸ ਟਵੀਟ ਤੋਂ ਬਾਅਦ ਪਾਕਿਸਤਾਨੀ ਸੋਸ਼ਲ ਮੀਡੀਆ ਯੂਜ਼ਰਸ ਭੜਕ ਗਏ ਅਤੇ ਪਾਕਿਸਤਾਨੀ ਸਰਕਾਰ ਨੂੰ ਇਸ ਸਬੰਧ ’ਚ ਤਾਲਿਬਾਨ ਕੋਲ ਤੁਰੰਤ ਵਿਰੋਧ ਦਰਜ ਕਰਵਾਉਣ ਲਈ ਕਿਹਾ। ਤਾਲਿਬਾਨ ਦਾ ਹਾਲ ਹੀ ਵਿਚ ਤਿਆਰ ਕੀਤਾ ਗਿਆ ਨਕਸ਼ਾ ਚਾਰ ਦੇਸ਼ਾਂ ਕਜ਼ਾਕਿਸਤਾਨ, ਈਰਾਨ, ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਵਿਚ ਵੱਡੀ ਤਬਦੀਲੀ ਨੂੰ ਦਰਸਾਉਂਦਾ ਹੈ। ਤਾਲਿਬਾਨ ਨੇ ਈਰਾਨ ਦੇ ਇੱਕ ਵੱਡੇ ਹਿੱਸੇ ਨੂੰ ਆਪਣਾ ਹੋਣ ਦਾ ਦਾਅਵਾ ਕੀਤਾ ਹੈ। ਸਰਹੱਦ ਨੂੰ ਲੈ ਕੇ ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਲੰਬੇ ਸਮੇਂ ਤੋਂ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਅਕਸਰ ਤਾਲਿਬਾਨ ਦੀਆਂ ਤੋਪਾਂ ਡੂਰੰਡ ਲਾਈਨ ’ਤੇ ਗਰਜਣ ਲੱਗਦੀਆਂ ਹਨ। ਤਾਲਿਬਾਨ ਨੇ ਅਜੇ ਤੱਕ ਡੂਰੰਡ ਲਾਈਨ ਨੂੰ ਮਾਨਤਾ ਨਹੀਂ ਦਿੱਤੀ ਹੈ।
ਤਾਲਿਬਾਨ ਦਾ ਇਹ ਨਵਾਂ ਨਕਸ਼ਾ ਭਾਰਤ ਲਈ ਵੀ ਵੱਡਾ ਖਤਰਾ ਹੈ। ਤਾਲਿਬਾਨ ਨੇ ਭਾਰਤ ਦੇ ਜੰਮੂ-ਕਸ਼ਮੀਰ ਸੂਬੇ ਨੂੰ ਵੱਖਰੇ ਦੇਸ਼ ਵਜੋਂ ਦਰਸਾਇਆ ਹੈ। ਇੰਨਾ ਹੀ ਨਹੀਂ ਭਾਰਤ ਦੇ ਪੰਜਾਬ, ਰਾਜਸਥਾਨ ਅਤੇ ਹਰਿਆਣਾ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ। ਤਾਲਿਬਾਨ ਦੇ ਨਕਸ਼ੇ ’ਤੇ ਹੰਗਾਮਾ ਮਚਿਆ ਹੋਇਆ ਹੈ ਅਤੇ ਦੁਨੀਆ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਤਾਲਿਬਾਨੀ ਅੱਤਵਾਦੀਆਂ ਦੀ ਲਾਲਸਾ ’ਤੇ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਇਹ ਉਹੀ ਤਾਲਿਬਾਨ ਹੈ ਜੋ ਹੁਣ ਲਗਾਤਾਰ ਭਾਰਤ ਤੋਂ ਨਿਵੇਸ਼ ਦੀ ਅਪੀਲ ਕਰ ਰਿਹਾ ਹੈ।
ਤਾਲਿਬਾਨ ਭਾਰਤ ਨੂੰ ਧੋਖਾ ਦੇ ਰਿਹਾ ਹੈ?
ਤਾਲਿਬਾਨ ਭਾਰਤ ਨੂੰ ਵਿਕਾਸ ਪ੍ਰੋਜੈਕਟਾਂ ਅਤੇ ਪਹਿਲਾਂ ਹੀ ਚੱਲ ਰਹੀ ਸਹਾਇਤਾ ਨੂੰ ਮੁੜ ਜਾਰੀ ਕਰਨ ਦੀ ਅਪੀਲ ਕਰ ਰਿਹਾ ਹੈ। ਭਾਰਤ ਨੇ ਮਨੁੱਖੀ ਸਹਾਇਤਾ ਦੇ ਨਾਂ ’ਤੇ ਅਫਗਾਨਿਸਤਾਨ ਨੂੰ ਟਨ ਕਣਕ ਭੇਜੀ ਹੈ। ਇੰਨਾ ਹੀ ਨਹੀਂ ਭਾਰਤ ਨੇ ਕਾਬੁਲ ਵਿੱਚ ਆਪਣਾ ਦੂਤਘਰ ਮੁੜ ਖੋਲ੍ਹ ਦਿੱਤਾ ਹੈ। ਭਾਰਤ ਤਾਲਿਬਾਨ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ, ਪਰ ਇਸ ਨਕਸ਼ੇ ਨੇ ਦੋਵਾਂ ਵਿਚਾਲੇ ਭਵਿੱਖ ਦੇ ਸਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
Comment here