ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਤਾਲਿਬਾਨ ਦੇ ਕਬਜ਼ੇ ਮਗਰੋੰ 60 ਹਜ਼ਾਰ ਲੋਕ ਅਮਰੀਕਾ ਪੁੱਜੇ!

ਵਾਸ਼ਿੰਗਟਨ- ਅਫਗਾਨਿਸਤਾਨ ਵਿੱਚ ਸੱਤਾ ਤਬਦੀਲੀ ਮਗਰੋੰ ਬਹੁਤ ਸਾਰੇ ਲੋਕ ਮੁਲਕ ਛੱਡ ਕੇ ਚਲੇ ਗਏ, ਜਾਂ ਜਾਣ ਦੀ ਫਿਰਾਕ ਵਿੱਚ ਹਨ। ਅਮਰੀਕਾ ਦੇ ਅੰਦਰੂਨੀ ਸੁਰੱਖਿਆ ਵਿਭਾਗ  ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਤਹਿਤ 17 ਅਗਸਤ ਦੇ ਬਾਅਦ ਤੋਂ ਦੇਸ਼ ਵਿਚ ਕਰੀਬ 60,000 ਲੋਕ ਪਹੁੰਚ ਚੁੱਕੇ ਹਨ। ਇਸ ਮੁਹਿੰਮ ਨੂੰ ਰਸਮੀ ਤੌਰ ‘ਤੇ ‘ਆਪਰੇਸ਼ਨ ਐਲੀਜ ਵੈਲਕਮ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਭਾਗ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਵਿਚ ਦੱਸਿਆ ਕਿ ਇੱਥੇ ਆਉਣ ਵਾਲੇ 17 ਫੀਸਦੀ ਲੋਕ ਅਮਰੀਕੀ ਨਾਗਰਿਕ ਅਤੇ ਸਥਾਈ ਵਸਨੀਕ ਹਨ ਜੋ ਅਫਗਾਨਿਸਤਾਨ ਵਿਚ ਸਨ। ਇਹ ਲੋਕ ਤਾਲਿਬਾਨ ਦੇ ਅਫਗਾਨਿਸਤਾਨ ਦੀ ਸੱਤਾ ‘ਤੇ ਕਬਜ਼ਾ ਜਮਾਉਣ ਦੇ ਬਾਅਦ ਉੱਥੇ ਫਸ ਗਏ ਸਨ। ਉਸ ਨੇ ਦੱਸਿਆ ਕਿ ਬਾਕੀ 83 ਫੀਸਦੀ ਲੋਕਾਂ ਵਿਚ ਵਿਸ਼ੇਸ਼ ਪ੍ਰਵਾਸੀ ਵੀਜ਼ਾ ਵਾਲੇ ਲੋਕ ਵੀ ਸ਼ਾਮਲ ਹਨ, ਜਿਹਨਾਂ ਨੇ ਅਮਰੀਕਾ ਜਾਂ ਨਾਟੋ ਲਈ ਕਿਸੇ ਨਾ ਕਿਸੇ ਰੂਪ ਵਿਚ ਕੰਮ ਕੀਤਾ। ਨਾਲ ਹੀ ਕਈ ਤਰ੍ਹਾਂ ਦੇ ‘ਸੰਵੇਦਨਸ਼ੀਲ’ ਅਫਗਾਨ ਨਾਗਰਿਕ ਵੀ ਸ਼ਾਮਲ ਹਨ ਜਿਹਨਾਂ ਨੂੰ ਤਾਲਿਬਾਨ ਤੋਂ ਖਤਰਾ ਹੋ ਸਕਦਾ ਸੀ ਜਿਵੇਂ ਕਿ ਬੀਬੀਆਂ ਅਤੇ ਮਨੁੱਖੀ ਅਧਿਕਾਰ ਕਾਰਕੁਨ। ਡੀ.ਐੱਚ.ਐੱਸ. ਮੰਤਰੀ ਅਲੇਜੈਂਡਰੋ ਮੇਅਰਕਾਸ ਨੇ ਦੱਸਿਆ ਕਿ ਬਹੁਤ ਘੱਟ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ ਪਰ ਉਹਨਾਂ ਨੇ ਇਸ ਦੇ ਬਾਰੇ ਵਿਚ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ  ਕਿ ਅਜਿਹੇ ਲੋਕਾਂ ਦੀ ਗਿਣਤੀ ਕਿੰਨੀ ਹੈ।

Comment here