ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਦੇ ਕਬਜ਼ੇ ਮਗਰੋੰ ਕਈ ਵੱਡੇ ਨੇਤਾ ਦੇਸ਼ ਛੱਡਣ ਲੱਗੇ

ਕਾਬੁਲ-ਅਫ਼ਗਾਨਿਸਤਾਨ ‘ਤੇ ਕਰੀਬ ਦੋ ਦਹਾਕੇ ਬਾਅਦ ਤਾਲਿਬਾਨ ਨੇ ਮੁੜ ਕਬਜ਼ਾ ਜਮਾਇਆ ਹੈ। ਸਤੰਬਰ 2001 ‘ਚ ਵਰਲਡ ਟਰੇਡ ਸੈਂਟਰ ਤੇ ਹੋਰ ਥਾਵਾਂ ‘ਤੇ ਅਲਕਾਇਦਾ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਅਫ਼ਗਾਨਿਸਤਾਨ ‘ਤੇ ਅਮਰੀਕੀ ਹਮਲੇ ਤੋਂ ਬਾਅਦ ਤਾਲਿਬਾਨ ਨੂੰ ਸੱਤਾ ਛੱਡ ਕੇ ਭੱਜਣਾ ਪਿਆ ਸੀ। 20 ਸਾਲ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਵਾਪਸ ਬੁਲਾਇਆ ਤਾਂ ਤਾਲਿਬਾਨ ਨੇ ਮੁੜ ਕਬਜ਼ਾ ਕਰ ਲਿਆ। ਤਾਲਿਬਾਨ ਦੇ ਅੱਤਵਾਦੀਆਂ ਨੇ ਐਤਵਾਰ ਸਵੇਰ ਤੋਂ ਹੀ ਘੇਰਾਬੰਦੀ ਕਰ ਲਈ ਸੀ। ਬਾਅਦ ਵਿਚ ਜਦੋਂ ਉਹ ਕਾਬੁਲ ‘ਚ ਵੜੇ ਤਾਂ ਅਫ਼ਗਾਨਿਸਤਾਨ ਦੀ ਫੌਜ ਨੇ ਸਰੰਡਰ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਅਤੇ ਤਾਲਿਬਾਨ ਦੇ ਨੁਮਾਇੰਦਗੀ ਵਿਚਕਾਰ ਗੱਲਬਾਤ ਹੋਈ ਤੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਚਲੇ ਗਏ। ਗਨੀ ਦੇ ਤਜ਼ਾਕਿਸਤਾਨ ਜਾਣ ਦੀ ਖਬਰ ਹੈ ਹਾਲਾਂਕਿ ਅਧਿਕਾਰਤ ਤੌਰ ‘ਤੇ ਹਾਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਗਨੀ ਦੇ ਨਾਲ ਹੀ ਉਪ-ਰਾਸ਼ਟਰਪਤੀ ਸਮੇਤ ਹੋਰ ਕਈ ਚੋਟੀ ਦੇ ਆਗੂਆਂ ਦੇ ਦੇਸ਼ ਛੱਡ ਕੇ ਜਾਣ ਦੀ ਖ਼ਬਰ ਹੈ। ਤਾਲਿਬਾਨ ਦੇ ਕਰੂਰ ਸ਼ਾਸਨ ਤੇ ਅਨਿਸ਼ਚਤਤਾ ਤੋਂ ਘਬਰਾਏ ਆਮ ਲੋਕ ਵੀ ਵੱਡੀ ਗਿਣਤੀ ‘ਚ ਦੇਸ਼ ਛੱਡ ਰਹੇ ਹਨ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਦੀਨ ਨੇ ਕਿਹਾ ਹੈ ਕਿ ਉਸ ਦੇ ਲੜਾਕਿਆਂ ਨੂੰ ਕਾਬੁਲ ‘ਚ ਲੁੱਟ-ਖੋਹ ਰੋਕਣ ਨੂੰ ਕਿਹਾ ਗਿਆ ਹੈ ਕਿਉਂਕਿ ਪੁਲਿਸ ਪੋਸਟ ਛੱਡ ਕੇ ਚਲੀ ਗਈ ਹੈ। ਤਾਲਿਬਾਨ ਸੱਤਾ ਟਰਾਂਸਫਰ ਨੂੰ ਸ਼ਾਂਤੀਪੂਰਨ ਕਰਾਰ ਦਿੱਤਾ ਹੈ। ਪਰ ਕਾਬੁਲ ਦੇ ਇਕ ਹਸਪਤਾਲ ਨੇ ਟਵਿੱਟਰ ‘ਤੇ ਕਿਹਾ ਕਿ ਰਾਜਧਾਨੀ ਦੇ ਬਾਹਰੀ ਕਰਾਬਾਗ ਇਲਾਕੇ ‘ਚ ਹੋਏ ਸੰਘਰਸ਼ ‘ਚ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਗਨੀ ਕਿੱਥੇ ਗਏ ਹਨ ਪਰ ਅਫ਼ਗਾਨਿਸਤਾਨ ਦੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਗਨੀ ਦੇ ਤਜ਼ਾਕਿਸਤਾਨ ਜਾਣ ਦੀ ਪੁਸ਼ਟੀ ਕੀਤੀ ਹੈ। ਅਫ਼ਗਾਨਿਸਤਾਨ ਦੀ ਰਾਸ਼ਟਰੀ ਸੁਲ੍ਹਾ ਪ੍ਰੀਸ਼ਦ ਦੇ ਮੁਖੀ ਅਬਦੁੱਲਾ ਅਬਦੁੱਲਾ ਨੇ ਇਕ ਆਨਲਾਈਨ ਵੀਡੀਓ ਸੰਦੇਸ਼ ਵਿਚ ਗਨੀ ਦੇ ਦੇਸ਼ ਛੱਡ ਕੇ ਜਾਣ ਦੀ ਪੁਸ਼ਟੀ ਕੀਤੀ ਹੈ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੇ ਮੁਸ਼ਕਲ ਸਮੇਂ ‘ਚ ਅਫ਼ਗਾਨਿਸਤਾਨ ਛੱਡਿਆ ਹੈ। ਖ਼ੁਦਾ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣਗੇ।ਅਫ਼ਗਾਨਿਸਤਾਨ ਦੇ ਸਾਬਕਾ ਆਂਤਰਿਕ ਮੰਤਰੀ ਅਲੀ ਅਹਿਮਦ ਜਲਾਲੀ ਅੰਤਰਿਮ ਸਰਕਾਰ ਦੀ ਅਗਵਾਈ ਕਰ ਸਕਦੇ ਹਨ। ਅਹਿਮਦ ਜਲਾਲੀ ਦਾ ਜਨਮ ਕਾਬੁਲ ‘ਚ ਹੋਇਆ ਸੀ, ਪਰ ਉਨ੍ਹਾਂ ਦੀ ਪੜ੍ਹਾਈ-ਲਿਖਾਈ ਅਮਰੀਕਾ ‘ਚ ਹੋਈ ਹੈ। ਉਹ 1987 ਤੋਂ ਹੀ ਅਮਰੀਕੀ ਨਾਗਰਿਕ ਸਨ ਤੇ ਮੈਰੀਲੈਂਡ ‘ਚ ਰਹਿੰਦੇ ਸਨ। 2003 ਤੋਂ 2005 ਤਕ ਅਫ਼ਗਾਨਿਸਤਾਨ ਦੇ ਮੰਤਰੀ ਰਹਿ ਚੁੱਕੇ ਹਨ। ਉਹ ਅਮਰੀਕਾ ‘ਚ ਉਹ ਯੂਨੀਵਰਸਿਟੀ ‘ਚ ਪ੍ਰੋਫੈਸਰ ਵੀ ਹਨ। ਇਸ ਦੇ ਨਾਲ ਹੀ ਜਲਾਲੀ ਜਰਮਨੀ ‘ਚ ਸਾਬਕਾ ਅਫ਼ਗਾਨ ਰਾਜਦੂਤ ਦੇ ਰੂਪ ‘ਚ ਵੀ ਕੰਮ ਕਰ ਚੁੱਕੇ ਹਨ। ਏਨਾ ਹੀ ਨਹੀਂ ਜਲਾਲੀ ਫ਼ੌਜ ਵਿਚ ਇਕ ਸਾਬਕਾ ਕਰਨਲ ਵੀ ਰਹਿ ਚੁੱਕੇ ਹਨ ਤੇ ਸੋਵੀਅਤ ਦੇ ਹਮਲੇ ਦੌਰਾਨ ਪਿਸ਼ਾਵਰ ‘ਚ ਅਫ਼ਗਾਨ ਰੈਜੀਡੈਂਟਸ ਹੈੱਡਕੁਆਰਟਰ ‘ਚ ਇਕ ਚੋਟੀ ਦੇ ਸਲਾਹਕਾਰ ਸਨ।

Comment here