ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਦੀ ਜਿੱਤ ਦੇ ਪਾਕਿਸਤਾਨ ਚ ਜਸ਼ਨ!!

ਇਸਲਾਮਾਬਾਦ-ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਤੋਂ ਪਾਕਿਸਤਾਨ ਵਿਚ ਖੁਸ਼ੀ ਦੀ ਲਹਿਰ ਹੈ, ਮੁਲਕ ਦੇ ਪੀ ਐਮ ਇਮਰਾਨ ਖਾਨ ਖੁਦ ਵੀ ਤਾਲਿਬਾਨੀ ਸ਼ਾਸਨ ਸਥਾਪਤੀ ਦੀ ਤਾਰੀਫ ਕਰ ਚੁੱਕੇ ਹਨ, ਇਸ ਤੋਂ ਇਲਾਵਾ ਆ ਰਹੀਆਂ ਖਬਰਾਂ ਮੁਤਾਬਕ ਇਥੇ ਸਥਿਤ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਮੌਲਾਨਾ ਵੀ ਤਾਲਿਬਾਨੀ ਰਾਜ ਪਰਤ ਆਉਣ ਤੇ ਬੇਹੱਦ ਖੁਸ਼ ਹਨ। ਪਾਕਿਸਤਾਨ ਦੇ ਕਈ ਇਲਾਕਿਆਂ ’ਚ ਜਸ਼ਨ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਤਾਲਿਬਾਨ ਦੇ ਸਮਰਥਨ ’ਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਹਨਾਂ ’ਚ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਜੈਸ਼-ਏ-ਮੁਹੰਮਦ ਅਤੇ ਲਕਸ਼ਰ-ਏ-ਤੋਇਬਾ ਦੇ ਕਾਡਰਾਂ ਨੂੰ ਰੈਲੀ ’ਚ ਭਾਗ ਲੈਂਦੇ ਅਤੇ ਹਵਾ ’ਚ ਗੋਲੀਆਂ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਰੈਲੀ ਤੋਂ ਬਾਅਦ ਦੋਵਾਂ ਸੰਗਠਨਾਂ ਦੇ ਨੇਤਾਵਾਂ ਨੇ ਰੈਲੀਆਂ ਨੂੰ ਸੰਬੋਧਨ ਵੀ ਕੀਤਾ। ਇਸ ਦੇ ਨਾਲ ਹੀ ਇਮਰਾਨ ਖਾਨ ਸਰਕਾਰ ਲਈ ਹੋਰ ਸ਼ਰਮਿੰਦਗੀ ਦੀ ਗੱਲ ਇਹ ਵੀ ਹੈ ਕਿ ਕਿ ਕਈ ਪਾਕਿਸਤਾਨੀ ਪੱਤਰਕਾਰਾਂ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇਤਾ ਮੁੱਲਾ ਬਰਾਦਰ ਅਤੇ ਆਈ.ਐੱਸ.ਆਈ. ਮੁਖੀ ਫੈਜ਼ ਹਮੀਦ ਨੇ ਇਕੱਠੇ ਨਮਾਜ਼ ਪੜ੍ਹੀ। ਤਾਲਿਬਾਨ ਦੇ ਹੱਕ ’ਚ ਪਾਕਿ ਮੁੱਲਾਵਾਂ ਦੀ ਬਿਆਨਬਾਜ਼ੀ ਵਧ ਰਹੀ ਹੈ ਜੋ ਪਾਕਿਸਤਾਨ ਅਤੇ ਪੂਰੇ ਖੇਤਰ ਦੇ ਹਿੱਤਾਂ ਲਈ ਹਾਨੀਕਾਰਕ ਹੋ ਸਕਦੇ ਹਨ। ਜਮੀਅਤ-ਏ-ਉਲੇਮਾ-ਏ-ਇਸਲਾਮ ਅਤੇ ਦੀਫਾ-ਏ-ਪਾਕਿਸਤਾਨ ਕਾਊਂਸਲ ਦੇ ਮੁਖੀ ਮੌਲਾਨਾ ਹਮੀਦ-ਉਲ-ਹਕ ਹੱਕਾਨੀ ਨੇ ਤਾਲਿਬਾਨ ਦੀ ਜਿੱਤ ਨੂੰ ਮੌਲਾਨਾ ਸਾਮੀ-ਉਲ-ਹਕ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਜਿੱਤ ਕਰਾਰ ਦਿੱਤਾ ਅਤੇ  ਕਿਹਾ ਕਿ ਦੁਨੀਆ ਨੂੰ ਆਪਣੀ ਲੋਕਤਾਂਤਰਿਕ ਵਿਵਸਥਾ ਨੂੰ ਅਫਗਾਨਿਸਤਾਨ ’ਤੇ ਨਹੀਂ ਥੋਪਨਾ ਚਾਹੀਦਾ ਕਿਉਂਕਿ ਤਾਲਿਬਾਨ ਨੇ ਪਿਛਲੇ 20 ਸਾਲਾਂ ’ਚ ਬਹੁਤ ਕੁਝ ਸਿਖਿਆ ਹੈ। ਮੌਲਾਨਾ ਹਾਮਿਦ ਨੇ ਐਲਾਨ ਕੀਤਾ ਕਿ  ਸ਼ੁੱਕਰਵਾਰ 27 ਅਗਸਤ ਨੂੰ ਉਹ ‘ਯੂਮ-ਏ-ਤਸ਼ੱਕੁਰ’ ਮਨਾਉਣਗੇ ਜੋ ਤਾਲਿਬਾਨ ਦੀ ਜਿੱਤ ਲਈ ਅੱਲ੍ਹਾ ਦਾ ਧੰਨਵਾਦ ਹੋਵੇਗਾ।

Comment here