ਕਾਬੁਲ – ਤਾਲਿਬਾਨ ਦੀ ਕਰੂਰਤਾ ਦੀ ਹਰ ਦਿਨ ਨਵੀਂ ਮਿਸਾਲ ਮਿਲਦੀ ਹੈ। ਤਾਲਿਬਾਨ ਦੇ ਰਾਜ ਵਿੱਚ ਅਫ਼ਗਾਨਿਸਤਾਨ ਦੀ ਆਰਥਿਕ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਆਲਮ ਇਹ ਹੈ ਕਿ ਭੁੱਖਮਰੀ ਦਾ ਸਾਹਮਣਾ ਕਰ ਰਹੇ ਲੋਕ ਪੈਸੇ ਲਈ ਆਪਣੀ 20 ਦਿਨਾਂ ਦੀ ਮਾਸੂਮ ਬੱਚੀ ਦਾ ਵੀ ਵਿਆਹ ਕਰਨ ਲੱਗੇ ਹਨ। ਯੂਨੀਸੈੱਫ ਦੀ ਕਾਰਜਕਾਰੀ ਨਿਰਦੇਸ਼ਕ ਹੇਨਰਿਟਾ ਫੋਰੇ ਨੇ ਦੇਸ਼ ’ਚ ਬਾਲ ਵਿਆਹ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਫੋਰੇ ਨੇ ਇਕ ਬਿਆਨ ’ਚ ਕਿਹਾ, ‘ਸਾਨੂੰ ਭਰੋਸੇਯੋਗ ਰਿਪੋਰਟ ਮਿਲੀ ਹੈ ਕਿ ਕਈ ਪਰਿਵਾਰ ਬਤੌਰ ਦਾਜ ਜਾਂ ਪੈਸੇ ਦੇ ਲਾਲਚ ’ਚ ਆਪਣੀ 20 ਦਿਨ ਦੀ ਮਾਸੂਮ ਬੱਚੀ ਦਾ ਵੀ ਸੌਦਾ ਕਰ ਰਹੇ ਹਨ।’ ਸ਼ਿਨਹੁਆ ਨਿਊਜ਼ ਏਜੰਸੀ ਮੁਤਾਬਕ ਹਾਲੀਆ ਰਾਜਨੀਤਿਕ ਅਸਥਿਰਤਾ ਦੌਰਾਨ ਯੂਨੀਸੈੱਫ ਦੇ ਸਾਂਝੇਦਾਰਾਂ ਨੇ ਹੇਰਾਤ ਤੇ ਬਾਦਘਿਸ ਸੂਬਿਆਂ ’ਚ 2018 ਤੇ 2019 ’ਚ ਵੀ ਬਾਲ ਵਿਆਹ ਦੇ 183 ਅਤੇ ਬੱਚਿਆਂ ਦੀ ਵਿਕਰੀ ਦੇ 10 ਮਾਮਲੇ ਰਜਿਸਟਰਡ ਕੀਤੇ ਸਨ। ਬੱਚਿਆਂ ਦੀ ਉਮਰ ਛੇ ਮਹੀਨੇ ਤੋਂ 10 ਸਾਲ ਵਿਚਾਲੇ ਸੀ। ਸੰਯੁਕਤ ਰਾਸ਼ਟਰ ਦੀ ਏਜੰਸੀ ਦਾ ਮੁਲਾਂਕਣ ਹੈ ਕਿ ਅਫ਼ਗਾਨਿਸਤਾਨ ਦੀਆਂ 28 ਫ਼ੀਸਦੀ ਔਰਤਾਂ ਦਾ ਵਿਆਹ 18 ਸਾਲ ਤੋਂ ਘੱਟ ਉਮਰ ’ਚ ਹੋਇਆ ਹੈ। ਯੂਨੀਸੈੱਫ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ, ਖਾਣ-ਪੀਣ ਦੇ ਸਾਮਾਨ ਦੀ ਕਿੱਲਤ ਤੇ ਠੰਢ ਦੌਰਾਨ ਪੈਦਾ ਹੋਣ ਵਾਲੀਆਂ ਹੋਰ ਸਮੱਸਿਆਵਾਂ ਨੇ ਪਰਿਵਾਰਾਂ ਨੂੰ ਇਹ ਔਖੇ ਬਦਲ ਚੁਣ ਲਈ ਮਜਬੂਰ ਕਰ ਦਿੱਤਾ ਹੈ। ਇਨ੍ਹਾਂ ’ਚ ਬੱਚਿਆਂ ਕੋਲੋਂ ਕੰਮ ਕਰਵਾਉਣਾ ਤੇ ਘੱਟ ਉਮਰ ’ਚ ਕੁੜੀਆਂ ਦਾ ਵਿਆਹ ਕਰਨਾ ਸ਼ਾਮਲ ਹੈ।
ਤਾਲਿਬਾਨ ਦਾ ਦਾਅਵਾ, 75 ਫ਼ੀਸਦੀ ਕੁੜੀਆਂ ਸਕੂਲ ਪਰਤੀਆਂ
ਦੂਜੇ ਪਾਸੇ ਪਾਕਿਸਤਾਨ ਦੇ ਦੌਰੇ ’ਤੇ ਇਸਲਾਮਾਬਾਦ ਪੁੱਜੇ ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤਾਕੀ ਨੇ ਸੱਚ ਤੋਂ ਉਲਟ ਦਾਅਵਾ ਕੀਤਾ ਕਿ ਦੇਸ਼ ਦੀਆਂ 75 ਫ਼ੀਸਦੀ ਕੁੜੀਆਂ ਸਕੂਲ ਪਰਤ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਤਾਲਿਬਾਨ ਦੇ ਪਿਛਲੇ ਕਾਰਜਕਾਲ ’ਚ ਕੁੜੀਆਂ ਦੀ ਸਿੱਖਿਆ ਤੇ ਕੰਮ ਕਰਨ ’ਤੇ ਪਾਬੰਦੀ ਸੀ। ਇਸ ਵਾਰ ਵੀ ਫ਼ਿਲਹਾਲ ਇਕ-ਦੋ ਨੂੰ ਛੱਡ ਕੇ ਬਾਕੀ ਸੂਬਿਆਂ ’ਚ ਕੁੜੀਆਂ ਦੇ ਸਕੂਲ ਜਾਣ ’ਤੇ ਪਾਬੰਦੀ ਹੈ।
ਆਰਥਿਕ ਤੰਗੀ ਕਾਰਨ ਸਟਰੀਟ ਵੈਂਡਰ ਬਣੀ ਮਹਿਲਾ ਪੱਤਰਕਾਰ
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ’ਚ ਕਈ ਮੀਡੀਆ ਦਫਤਰਾਂ ’ਚ ਤਾਲੇ ਲੱਗ ਚੁੱਕੇ ਹਨ। ਇਸ ਕਾਰਨ ਵੱਡੀ ਗਿਣਤੀ ’ਚ ਪੱਤਰਕਾਰ ਬੇਰੁਜ਼ਗਾਰ ਹੋ ਗਏ ਹਨ। ਕੀ ਮੀਡੀਆ ਘਰਾਣਿਆਂ ’ਚ ਕੰਮ ਕਰ ਚੁੱਕੀ ਫਰਜਾਨਾ ਅਯੂਬੀ ਨੂੰ ਸਟਰੀਟ ਵੈਂਡਰ ਦਾ ਕੰਮ ਕਰਨਾ ਪੈ ਰਿਹਾ ਹੈ ਕਿਉਂਕਿ ਤਾਲਿਬਾਨ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ। ਇਸ ਦੌਰਾਨ ਕੌਮਾਂਤਰੀ ਮੀਡੀਆ ਸੰਗਠਨਾਂ ਨੇ ਅਫ਼ਗਾਨਿਸਤਾਨ ਦੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ ਹੈ।
Comment here