ਕਾਬੁਲ (ਪੰਜਾਬੀਲੋਕ ਬਿਊਰੋ)-ਕੁਝ ਸਮੇਂ ਤੋਂ ਤਾਲਿਬਾਨ ਦਾ ਅਫ਼ਗਾਨਸਤਾਨ ਦੇ ਉੱਤਰੀ ਸੂਬਿਆਂ ਵਿਚ ਦਬਦਬਾ ਵਧਿਆ ਹੈ, ਜਿਸ ਤੋਂ ਫਿਕਰਮੰਦ ਹੁੰਦਿਆਂ ਗੁਆਂਢੀ ਮੁਲਕ ਤੁਰਕਮੇਨਿਸਤਾਨ ਨੇ ਆਪਣੀਆਂ ਸਰਹੱਦਾਂ ਦੀ ਸੁਰਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਹੈ। ਖਾਸ ਕਰਕੇ ਅਫਗਾਨਿਸਤਾਨ ਨਾਲ ਲੱਗਦੀਆਂ ਸਰਹੱਦਾਂ ਅਤੇ ਮੁੱਖ ਕਰਾਸਿੰਗ ਪੁਆਇੰਟ ‘ਤੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ। ਸਥਾਨਕ ਮੀਡੀਆ ਹਲਕੇ ਖਾਮਾ ਨੇ ਰਿਪੋਰਟ ਦਿੱਤੀ ਕਿ ਫੌਜਾਂ ਨੂੰ ਇਕ ਫੌਜੀ ਬੇਸ ਤੋਂ ਤੁਰਕਮੇਨਿਸਤਾਨ ਦੇ ਮੈਰੀ ਸ਼ਹਿਰ ਵਿਚ ਤਾਇਨਾਤ ਕਰਨ ਦੀ ਯੋਜਨਾ ਹੈ ਜੋ ਕਿ ਅਫਗਾਨਿਸਤਾਨ ਅਤੇ ਤੁਰਕਮੇਨਿਸਤਾਨ ਵਿਚਾਲੇ ਮੁੱਖ ਕਰਾਸਿੰਗ ਪੁਆਇੰਟ ਹਨ। ਰਾਜਧਾਨੀ ਅਸ਼ਗਾਬਤ ਵਿੱਚ ਸੈਨਿਕ ਬਲਾਂ ਨੂੰ ਵੀ ਸਰਹੱਦ ਦੇ ਨਾਲ ਤਾਇਨਾਤ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਤਜ਼ਾਕਿਸਤਾਨ ਤੋਂ ਬਾਅਦ ਤੁਰਕਮੇਨਿਸਤਾਨ ਅਜਿਹਾ ਦੂਜਾ ਦੇਸ਼ ਬਣ ਗਿਆ ਹੈ ਜਿਸ ਨੇ ਅਫਗਾਨਿਸਤਾਨ ਦੇ ਨਾਲ ਸਰਹੱਦ ‘ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਹੈ । ਲੰਘੇ ਦਿਨੀ ਤਾਜ਼ਿਕ ਦੇ ਰਾਸ਼ਟਰਪਤੀ ਇਮੋਮਾਲੀ ਰਹਿਮੋਨ ਨੇ ਤਾਲਿਬਾਨ ਵਲੋਂ ਉੱਤਰੀ ਅਫਗਾਨਿਸਤਾਨ ਵਿਚ ਵੱਡੇ ਇਲਾਕਿਆਂ ‘ਤੇ ਕਬਜ਼ਾ ਕਰਨ ਦੇ ਜਵਾਬ ਵਿਚ ਆਪਣੀ ਸਰਹੱਦ ਦੇ ਨਾਲ-ਨਾਲ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦਾ ਆਦੇਸ਼ ਦਿੱਤਾ ਸੀ ਕਿਉਂਕਿ ਅਮਰੀਕੀ ਫੌਜਾਂ ਨੂੰ ਬਾਹਰ ਕੱਢਣ ਦੌਰਾਨ ਅਫਗਾਨ ਸੁਰੱਖਿਆ ਫੋਰਸ ਦੇ 1000 ਤੋਂ ਵੱਧ ਮੈਂਬਰ ਦੇਸ਼ ਛੱਡ ਕੇ ਭੱਜ ਗਏ ਸਨ। ਦੂਜੇ ਪਾਸੇ ਅਫਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਗੁਆਂਢੀ ਦੇਸ਼ ਨੂੰ ਦੇਸ਼ ਦੀ ਮੌਜੂਦਾ ਸਥਿਤੀ ਤੋਂ ਨੁਕਸਾਨ ਨਹੀਂ ਹੋਵੇਗਾ।
ਤਾਲਿਬਾਨ ਦੀਆਂ ਅਫਗਾਨਿਸਤਾਨ ਚ ਵਧੀਆਂ ਸਰਗਰਮੀਆਂ ਤੋਂ ਚਿੰਤਤ ਤੁਰਕਮੇਨਿਸਤਾਨ, ਸਰਹੱਦਾਂ ਤੇ ਵਾਧੂ ਫੋਰਸ ਦੀ ਤਾਇਨਾਤੀ

Comment here