ਕਾਬੁਲ- ਅਫਗਾਨਿਸਤਾਨ ਦੀ ਸੈਨਾ ਨਾਲ ਤਾਲਿਬਾਨੀ ਦੇਸ਼ ਦੇ ਵੱਡੇ ਹਿੱਸੇ ਉੱਤੇ ਕਬਜੇ ਦੀ ਲੜਾਈ ਲੜ ਰਿਹਾ ਹੈ, ਇਸ ਲੜਾਈ ਚ ਹਰ ਵਰਗ ਪਿਸ ਰਿਹਾ ਹੈ, ਪਰ ਔਰਤਾਂ ਦੀ ਹਾਲਤ ਬੇਹਦ ਮੰਦੀ ਹੋਣ ਵਾਲੀ ਹੈ। ਤਾਲਿਬਾਨ ਨੇ ਇਕ ਬਿਆਨ ਜਾਰੀ ਕਰਕੇ ਸਥਾਨਕ ਧਾਰਮਿਕ ਨੇਤਾਵਾਂ ਨੂੰ 15 ਸਾਲ ਤੋਂ ਵਧੇਰੇ ਉਮਰ ਦੀਆਂ ਲੜਕੀਆਂ ਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾਵਾਂ ਦੀ ਸੂਚੀ ਬਣਾਉਣ ਦੇ ਹੁਕਮ ਦਿੱਤੇ ਹਨ। ਰਿਪੋਰਟਾਂ ਦੇ ਅਨੁਸਾਰ ਤਾਲਿਬਾਨ ਨੇ ਆਪਣੇ ਲੜਾਕਿਆਂ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਹੈ ਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਵਜ਼ੀਰਿਸਤਾਨ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਇਸਲਾਮ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਫਿਰ ਸੰਗਠਿਤ ਕੀਤਾ ਜਾਵੇਗਾ। ਤਾਲਿਬਾਨ ਦੇ ਸਭਿਆਚਾਰਕ ਕਮਿਸ਼ਨ ਦੇ ਨਾਂ ਜਾਰੀ ਪੱਤਰ ਵਿਚ ਕਿਹਾ ਕਿ ਕਬਜ਼ੇ ਵਾਲੇ ਇਕਾਲਿਆਂ ਦੇ ਸਾਰੇ ਇਮਾਮਾਂ ਅਤੇ ਮੁੱਲਾਂ ਨੂੰ ਤਾਲਿਬਾਨ ਨੂੰ 15 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਅਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾਵਾਂ ਦੀ ਤਾਲਿਬਾਨੀ ਲੜਾਕਿਆਂ ਨਾਲ ਵਿਆਹ ਕਰਵਾਉਣ ਦੀ ਸੂਚੀ ਮੁਹੱਈਆ ਕਰਵਾਉਣ।ਇਹ ਫ਼ਰਮਾਨ ਉਦੋਂ ਆਇਆ ਹੈ ਜਦੋਂ ਤਾਲਿਬਾਨ ਨੇ ਈਰਾਨ, ਪਾਕਿਸਤਾਨ, ਉਜ਼ਬੇਕਿਸਤਾਨ ਅਤੇ ਤਾਜਿਕਸਤਾਨ ਦੇ ਨਾਲ ਲੱਗਦੇ ਪ੍ਰਮੁੱਖ ਜ਼ਿਲ੍ਹਿਆਂ ਅਤੇ ਸਰਹੱਦੀ ਚੌਕੀਆਂ ਨੂੰ ਕਬਜ਼ੇ ਵਿਚ ਲੈ ਲਿਆ ਹੈ ਕਿਉਂਕਿ ਅਮਰੀਕੀ ਅਤੇ ਨਾਟੋ ਦੀਆਂ ਫੌਜਾਂ ਨੇ ਲਗਭਗ 20 ਸਾਲਾਂ ਬਾਅਦ ਅਫਗਾਨਿਸਤਾਨ ਤੋਂ ਵਾਪਸੀ ਪੂਰੀ ਕਰ ਲਈ ਹੈ। ਅਕਸਰ ਅਜਿਹੇ ਹਾਲਾਤਾਂ ਵਿਚ ਅਫ਼ਗਾਨ ਸੁਰੱਖਿਆ ਬਲਾਂ ਅਤੇ ਫੌਜਾਂ ਨੇ ਬਹੁਤ ਘੱਟ ਜਾਂ ਕੋਈ ਮੁਕਾਬਲਾ ਨਹੀਂ ਕੀਤਾ। ਜਦੋਂ ਸਾਲ 2001 ਵਿੱਚ ਅਮਰੀਕੀ ਸੈਨਿਕਾਂ ਨੇ ਹਮਲਾ ਕੀਤਾ ਤਾਂ ਕੱਟੜਪੰਥੀ ਇਸਲਾਮੀ ਮਿਲੀਸ਼ੀਆ ਤਾਲੀਬਾਨ ਸੱਤਾ ਤੋਂ ਹਟਣ ਲਈ ਮਜਬੂਰ ਹੋ ਗਿਆ। ਪਰ ਹੁਣ, ਜਦੋਂ ਅਮਰੀਕਾ ਨੇ ਆਖ਼ਰੀ ਸੈਨਿਕ ਟੁਕੜੀ ਵੀ ਵਾਪਸ ਬੁਲਾ ਲਈ ਹੈ ਤਾਂ ਤਾਲਿਬਾਨ ਦਾ ਕਹਿਰ ਫੇਰ ਜੋਰ ਫੜ ਗਿਆ ਹੈ, ਉਹ ਆਪਣੇ ਸ਼ਰੀਆ ਦੇ ਕੱਟੜ ਕਾਨੂੰਨਾਂ ਨੂੰ ਮੁੜ ਤੋਂ ਲਾਗੂ ਕਰ ਰਿਹਾ ਹੈ। ਡਰਾ ਦੇਣ ਵਾਲੀਆਂ ਰਿਪੋਰਟਾਂ ਤਾਂ ਇਹ ਕਹਿ ਰਹੀਆਂ ਹਨ ਕਿ ਤਾਲਿਬਾਨਾਂ ਨੇ ਦੇਸ਼ ਦੇ ਤੀਜੇ ਹਿੱਸੇ ‘ਤੇ ਕਬਜ਼ਾ ਕਰ ਲਿਆ ਹੈ। ਹਾਲਾਤਾਂ ਨੇ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣ ਲਈ ਮਜਬੂਰ ਕੀਤਾ, ਕਈਆਂ ਨੇ ਗੁਆਂਢੀ ਮੁਲਕਾਂ ਵਿੱਚ ਸ਼ਰਨ ਲਈ ਜਾਂ ਅੱਗੇ ਸ਼ਰਨ ਮੰਗੀ। ਲੱਖਾਂ ਲੋਕਾਂ ਭੁੱਖਮਰੀ ਅਤੇ ਔਕੜਾਂ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਸਾਲ ਸੰਘਰਸ਼ ਦੌਰਾਨ 4 ਲੱਖ ਲੋਕ ਬੇਘਰ ਹੋਏ। ਸਾਲ 2012 ਵੱਚ ਕਰੀਬ 5 ਲੱਖ ਲੋਕ ਘਰੋ ਬੇਘਰ ਹੋਏ ਅਤੇ ਵਾਪਸ ਨਾ ਆ ਸਕੇ। ਸੰਯੁਕਤ ਰਾਸ਼ਟਰ ਦੇ ਮਨੁਖੀ ਹੱਕਾਂ ਲਈ ਕੰਮ ਕਰਨ ਵਾਲੀ ਏਜੰਸੀ ਮੁਤਾਬਕ, ਘਰੋਂ ਉਜੜਨ ਵਾਲੇ ਲੋਕਾਂ ਨੂੰ ਲੈ ਕੇ ਅਫ਼ਗਾਨਿਸਤਾਨ ਦੁਨੀਆਂ ਵਿੱਚੋਂ ਤੀਜੇ ਨੰਬਰ ‘ਤੇ ਹੈ। ਅਮਰੀਕੀ ਫੌਜ ਦੀ ਮੌਜੂਦਗੀ ਵਿੱਚ ਤਾਲਿਬਾਨ ਸ਼ਾਸਨ ਦੇ ਪਤਨ ਕਾਰਨ ਔਰਤਾਂ ਨੂੰ ਅਧਿਕਾਰ ਮਿਲੇ ਅਤੇ ਸਿੱਖਿਆ ਦੇ ਮਾਮਲੇ ਵਿੱਚ ਕੁਝ ਮਹੱਤਵਪੂਰਨ ਬਦਲਾਅ ਹੋਏ। ਸਾਲ 1999 ਵਿੱਚ, ਸਕੈਂਡਰੀ ਸਕੂਲ ਵਿੱਚ ਇੱਕ ਵੀ ਕੁੜੀ ਦਾਖ਼ਲ ਨਹੀਂ ਸੀ ਅਤੇ ਕੇਵਲ 9 ਹਜ਼ਾਰ ਪ੍ਰਾਥਮਿਕ ਸਕੂਲਾਂ ਵਿੱਚ ਸਨ। ਸਾਲ 2003 ਤੱਕ, 24 ਲੱਖ ਕੁੜੀਆਂ ਸਕੂਲ ਜਾਂਦੀਆਂ ਸਨ। ਇਹ ਅੰਕੜਾ ਹੁਣ ਲਗਭਗ 35 ਲੱਖ ਹੈ ਅਤੇ ਪਬਲਿਕ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਇੱਕ ਤਿਹਾਈ ਵਿਦਿਆਰਥੀ ਕੁੜੀਆਂ ਹਨ। ਪਰ ਬੱਚਿਆਂ ਦੀ ਚੈਰਿਟੀ ਯੂਨੀਸੈਫ ਮੁਤਾਬਕ, ਇੱਥੇ ਅਜੇ ਵੀ 37 ਲੱਖ ਤੋਂ ਵੱਧ ਵਿਦਿਆਰਥੀ ਸਕੂਲੋਂ ਬਾਹਰ ਹਨ ਅਤੇ ਇਨ੍ਹਾਂ ਵਿੱਚੋਂ 60 ਫੀਸਦ ਕੁੜੀਆਂ ਹਨ। ਇਸ ਦਾ ਮੁੱਖ ਕਾਰਨ ਚੱਲ ਰਿਹਾ ਸੰਘਰਸ਼ ਹੈ । ਤਾਲਿਬਾਨ ਦਾ ਕਹਿਣਾ ਹੈ ਕਿ ਉਹ ਕੁੜੀਆਂ ਦੀ ਸਿੱਖਿਆ ਦਾ ਵਿਰੋਧ ਨਹੀਂ ਕਰਦੇ ਹਨ। ਪਰ ਹਿਊਮਨ ਰਾਈਟਸ ਵਾਚ ਮੁਤਾਬਕ ਜਿਨ੍ਹਾਂ ਇਲਾਕਿਆਂ ‘ਤੇ ਇਨ੍ਹਾਂ ਦਾ ਕੰਟ੍ਰੋਲ ਹੈ ਉੱਥੇ ਤਾਲਿਬਾਨ ਦੇ ਬਹੁਤ ਘੱਟ ਅਧਿਕਾਰੀ ਕੁੜੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਦਿੰਦੇ ਹਨ। ਔਰਤਾਂ ਜਨਤਕ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰ ਰਹੀਆਂ, ਸਿਆਸੀ ਦਫ਼ਤਰਾਂ ਵਿੱਚ ਜਾ ਰਹੀਆਂ ਤੇ ਕਾਰੋਬਾਰੀ ਮੌਕੇ ਭਾਲ ਰਹੀਆਂ ਹਨ। ਸਾਲ 2019 ਤੱਕ ਇੱਕ ਹਜ਼ਾਰ ਤੋਂ ਵੱਧ ਅਫ਼ਗਾਨੀ ਔਰਤਾਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਹਨ, ਇਹ ਸਾਰੀਆਂ ਗੱਲਾਂ ਤਾਲਿਬਾਨ ਦੇ ਰਾਜ ਵਿੱਚ ਪਾਬੰਦੀਸ਼ੁਦਾ ਸਨ। ਸੰਵਿਧਾਨ ਹੁਣ ਕਹਿੰਦਾ ਹੈ ਕਿ ਸੰਸਦ ਦੇ ਹੇਠਲੇ ਸਦਨ ਵਿੱਚ ਔਰਤਾਂ ਕੋਲ ਹੁਣ 27 ਫੀਸਦ ਸੀਟਾਂ ਹੋਣੀਆਂ ਚਾਹੀਦਆਂ ਹਨ ਅਤੇ ਉਹ ਵਰਤਮਾਨ ਵਿੱਚ 249 ਸੀਟਾਂ ਵਿੱਚੋਂ 69 ਬਣਦੀਆਂ ਹਨ। ਜਦ ਹਾਲਾਤ ਕੁਝ ਸੁਧਰਨ ਲੱਗੇ ਸਨ ਤਾਂ ਆਸ ਬਝ ਰਹੀ ਸੀ ਕਿ ਇਥੇ ਔਰਤਾਂ ਅਜਾਦ ਫਿਜਾ ਚ ਕੁਝ ਕੁ ਸਾਹ ਲੈ ਪਾਉਣਗੀਆਂ ਪਰ ਤਾਲਿਬਾਨ ਦੇ ਮੁੜ ਪੈਰ ਪਸਾਰਨ ਕਰਕੇ ਹਾਲਾਤ ਹੋਰ ਨਿਘਰਦੇ ਜਾ ਰਹੇ ਹਨ।
ਤਾਲਿਬਾਨ ਦਾ ਕਹਿਰ ਤੇ ਅਫਗਾਨੀ ਔਰਤਾਂ ਦੀ ਦਸ਼ਾ ਤੇ ਦਿਸ਼ਾ

Comment here