ਅਪਰਾਧਖਬਰਾਂਚਲੰਤ ਮਾਮਲੇ

ਤਾਲਿਬਾਨ ਤੇ ਪਾਕਿ ਫੌਜ ਵਿਚਾਲੇ ਗੋਲੀਬਾਰੀ, 6 ਪਾਕਿ ਫੌਜੀਆਂ ਦੀ ਮੌਤ

ਇਸਲਾਮਾਬਾਦ-ਪਾਕਿਸਤਾਨੀ ਸੁਰੱਖਿਆ ਸੂਤਰਾਂ ਮੁਤਾਬਕ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਮੁੱਖ ਸਰਹੱਦ ‘ਤੇ ਗੋਲੀਬਾਰੀ ਹੋਈ, ਜਿਸ ‘ਚ 6 ਪਾਕਿਸਤਾਨੀ ਫੌਜੀ ਮਾਰੇ ਗਏ। ਤਾਲਿਬਾਨ ਲੜਾਕਿਆਂ ਵੱਲੋਂ 3 ਪਾਕਿਸਤਾਨੀ ਚੌਕੀਆਂ ‘ਤੇ ਗੋਲੀਬਾਰੀ ਕਰਨ ਅਤੇ ਉਨ੍ਹਾਂ ‘ਤੇ ਕਬਜ਼ਾ ਕਰਨ ਤੋਂ ਬਾਅਦ ਅਫਗਾਨ-ਪਾਕਿਸਤਾਨ ਸਰਹੱਦ ਤੋਰਖਮ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਜੋੜਨ ਵਾਲੇ ਤੋਰਖਮ ਸਰਹੱਦ ‘ਤੇ ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਡਰ ਗਏ ਹਨ।
ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਉਥੇ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਇਸ ਘਟਨਾ ਤੋਂ ਬਾਅਦ ਤੋਰਖਮ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ। ਇਕ ਸੁਰੱਖਿਆ ਅਧਿਕਾਰੀ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਤਾਲਿਬਾਨ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੇ ਪੂਰਬੀ ਨੰਗਾਹਰ ਸੂਬੇ ‘ਚ ਸਰਕਾਰ ਦੇ ਬੁਲਾਰੇ ਅਤੇ ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਨੇ ਅਜੇ ਤੱਕ ਇਸ ਗੋਲੀਬਾਰੀ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਰਹੱਦ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਨਾਗਰਿਕ ਤੋਰਖਮ ਸਰਹੱਦ ਰਾਹੀਂ ਹੀ ਆਉਂਦੇ-ਜਾਂਦੇ ਹਨ। ਹਾਲਾਂਕਿ ਇਸ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਕਈ ਵਿਵਾਦਾਂ ਕਾਰਨ ਇਸ ਸਰਹੱਦ ਨੂੰ ਬੰਦ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਵਿੱਚ ਵੀ ਤੋਰਖਮ ਸਰਹੱਦ ਬੰਦ ਕਰ ਦਿੱਤੀ ਗਈ ਸੀ। ਇਸ ਕਾਰਨ ਸਰਹੱਦ ਦੇ ਦੋਵੇਂ ਪਾਸੇ ਹਜ਼ਾਰਾਂ ਟਰੱਕ ਫਸ ਗਏ।

Comment here