ਅਫਗਾਨ ਤੋਂ ਭੱਜੀ ਮਹਿਲਾ ਪੱਤਰਕਾਰ ਦਾ ਦਾਅਵਾ
ਮਾਪਿਆਂ ਸਾਹਮਣੇ ਬੱਚਿਆਂ ਦੇ ਕਤਲ-ਸਾਬਕਾ ਗ੍ਰਹਿ ਮੰਤਰੀ ਦਾ ਦਾਅਵਾ
ਕਾਬੁਲ – ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸਾਸ਼ਨ ਸਥਾਪਤ ਕਰਨ ਮਗਰੋਂ ਪੈਦਾ ਹੋਏ ਹਾਲਾਤਾਂ ਤੋਂ ਦੁਨੀਆ ਭਰ ਵਿੱਚ ਵਸਤੇ ਅਫਗਾਨੀ ਲੋਕ ਭੈਅ ਭੀਤ ਹਨ। ਆਪਣੀ ਜਾਨ ਬਚਾਉਣ ਲਈ ਲੋਕ ਮੁਲਕ ਛੱਡ ਕੇ ਭੱਜ ਰਹੇ ਹਨ। ਅਫਗਾਨਿਸਤਾਨ ਤੋਂ ਭੱਜ ਕੇ ਆਈ ਇੱਕ ਮਹਿਲਾ ਪੱਤਰਕਾਰ ਨੇ ਆਪਣੀ ਰਿਪੋਰਟ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੇ ਔਰਤਾਂ ਦੀ ਸਥਿਤੀ ਬਾਰੇ ਭਿਆਨਕ ਖੁਲਾਸਾ ਕੀਤਾ ਹੈ। ‘ਦਿ ਡੱਲਾਸ ਮਾਰਨਿੰਗ ਨਿਊਜ਼’ ਵਿਚ ਲਿਖੇ ਆਪਣੇ ਲੇਖ ’ਚ ਪੱਤਰਕਾਰ ਹੋਲੀ ਮੈਕੇ ਨੇ ਦੱਸਿਆ ਕਿ ਤਾਲਿਬਾਨ ਵੱਲੋ ਸੱਤਾ ਹਥਿਆ ਲੈਣ ਤੋਂ ਬਾਅਦ ਅਫਗਾਨ ਔਰਤਾਂ ਦੀ ਜ਼ਿੰਦਗੀ ਬਦਤਰ ਹੋ ਗਈ ਹੈ। ਤਾਲਿਬਾਨ ਦੇਸ਼ ’ਚ ਘਰ-ਘਰ ਜਾ ਕੇ ਔਰਤਾਂ ਅਤੇ ਲੜਕੀਆਂ ਨਾਲ ਜਬਰੀ ਵਿਆਹ ਕਰ ਰਹੇ ਹਨ। ਮੈਕੇ ਨੇ ਕਿਹਾ ਕਿ ਹਾਲਾਂਕਿ ਉਹ ਮਜ਼ਾਰ-ਏ-ਸ਼ਰੀਫ ਨੂੰ ਛੱਡ ਸਕਦੀ ਸੀ ਪਰ ਆਪਣੇ ਪਿੱਛੇ ਰਹਿਣ ਵਾਲੇ ਉਸ ਦੇ ਅਫਗਾਨ ਦੋਸਤਾਂ ਨੂੰ ਲੈ ਕੇ ਡਰੀ ਹੋਈ ਹੈ, ਜੋ ਉਸ ਦੀ ਉਡੀਕ ਕਰ ਰਹੇ ਹਨ। ਮੈਕੇ ਨੇ ਕਿਹਾ ਕਿ ਇਸ ਦੇਸ਼ ਦੀਆਂ ਔਰਤਾਂ ਨੇ ਆਪਣੀ ਆਜ਼ਾਦੀ ਲਈ ਕਿੰਨੀ ਸਖਤ ਲੜਾਈ ਲੜੀ ਪਰ ਤਾਲਿਬਾਨ ਦੇ ਸੱਤਾ ਵਿੱਚ ਆਉਣ ਨਾਲ ਇੱਕ ਝਟਕੇ ਵਿੱਚ ਉਨ੍ਹਾਂ ਦੇ ਦਹਾਕਿਆਂ ਦੇ ਸੰਘਰਸ਼ ਨੂੰ ਬਰਬਾਦ ਕਰ ਦਿੱਤਾ ਗਿਆ। ਮੈਕੇ ਨੇ ਇੱਕ 14 ਸਾਲਾ ਲੜਕੀ ਬਾਰੇ ਲਿਖਿਆ, ਜੋ ਉਸ ਹਫਤੇ ਦੇ ਸ਼ੁਰੂ ’ਚ ਕਾਬੁਲ ਦੇ ਘੇਰੇ ’ਚ ਇੱਕ ਵਿਸਥਾਪਨ ਕੇਂਦਰ ’ਚ ਮਿਲੀ ਸੀ। ਲੜਕੀ ਕੁੰਦੁਜ ’ਚ ਲੜਾਈ ਤੋਂ ਬਚਣ ਲਈ ਭੱਜ ਗਈ ਸੀ ਅਤੇ ਇੱਕ ਦਿਨ ਪੜ੍ਹ-ਲਿਖ ਕੇ ਡਾਕਟਰ ਬਣਨਾ ਚਾਹੁੰਦੀ ਸੀ। ਉਸ ਨੇ ਇੱਕ ਹੋਰ ਅਫਗਾਨ ਔਰਤ ਫਰੀਹਾ ਈਸਰ ਬਾਰੇ ਵੀ ਲਿਖਿਆ, ਜਿਸ ਨੂੰ ਉਹ ਕਈ ਸਾਲ ਪਹਿਲਾਂ ਮਿਲੀ ਸੀ। ਫਰੀਹਾ, ਜੋ ਦੱਬੀਆਂ-ਕੁਚਲੀਆਂ ਅਫਗਾਨ ਔਰਤਾਂ ਦੀ ਆਵਾਜ਼ ਸੀ ਅਤੇ ਅਫਗਾਨ ਔਰਤਾਂ ਦੀਆਂ ਕਹਾਣੀਆਂ ਨੂੰ ਰੌਸ਼ਨੀ ’ਚ ਲਿਆਉਣ ਅਤੇ ਪਰਿਵਰਤਨ ਲਈ ਇੱਕ ਸ਼ਕਤੀਸ਼ਾਲੀ ਮਹਿਲਾ ਬਣਨ ਲਈ ਅਸਥਿਰ ਦੇਸ਼ ’ਚ ਘੁੰਮਦੀ ਸੀ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹ ਵੀ ਜ਼ਿਹਨੀ ਤੌਰ ਤੇ ਟੁੱਟ ਗਈ। ਫਰੀਹਾ ਨੇ ਕਿਹਾ, ਬਾਹਰ ਦੇ ਮੇਰੇ ਦੋਸਤ ਮੈਨੂੰ ਆਪਣਾ ਦੇਸ਼ ਛੱਡਣ ਲਈ ਭੀਖ ਮੰਗ ਰਹੇ ਹਨ।” ‘‘ਪਰ ਮੈਂ ਕਿਵੇਂ ਕਰ ਸਕਦੀ ਹਾਂ, ਜਦੋਂ ਮੇਰੀਆਂ ਭੈਣਾਂ ਦੁਖੀ ਹਨ?’’ ਉਸ ਨੇ ਮੈਨੂੰ ਦੱਸਿਆ ਕਿ ਤਾਲਿਬਾਨ ਘਰ-ਘਰ ਜਾ ਰਿਹਾ ਹੈ, ਵਿਆਹ ਲਈ 15 ਸਾਲ ਤੋਂ ਵੱਧ ਦੀਆਂ ਲੜਕੀਆਂ ਦੀ ਭਾਲ ਕਰ ਰਿਹਾ ਹੈ। ਇੱਕ ਮਹੀਨਾ ਪਹਿਲਾਂ ਬਾਗੀ ਮੈਂਬਰ ਉਸ ਦੇ ਦਰਵਾਜ਼ੇ ’ਤੇ ਪਹੁੰਚੇ। ਤਾਲਿਬਾਨ ਬਦਖਸ਼ਾਂ ’ਚ ਉਸ ਦੇ ਦੋਸਤ ਦੇ ਘਰ ਵੀ, ਜਿੱਥੇ ਉਹ ਨੌਜਵਾਨ ਲਾੜੀਆਂ ਦੀ ਭਾਲ ’ਚ ਗਏ ਤੇ ਕਿਹਾ ਕਿ ਉਹ ਮੁਕਤੀਦਾਤਾ ਹਨ, ਇਸਲਾਮ ਦੀ ਰੱਖਿਆ ਕਰਨ ਵਾਲੇ, ਪੱਛਮ ਦੇ ਮੁਕਤੀਦਾਤਾ ਹਨ। ਫਰੀਹਾ ਨੇ ਦ੍ਰਿੜ੍ਹ ਆਵਾਜ਼ ’ਚ ਕਿਹਾ ਕਿ ਉਨ੍ਹਾਂ ਨੇ ਇੱਕ ਪਿਤਾ ਨੂੰ ਆਪਣੀਆਂ ਧੀਆਂ ਨੂੰ ਪਤਨੀਆਂ ਦੇ ਰੂਪ ’ਚ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਤਾਲਿਬਾਨ ’ਚੋਂ ਇਕ ਮੁੱਲਾ ਹੈ ਤੇ ਉਨ੍ਹਾਂ ਨੂੰ ਉਸ ਦੇ ਲਈ ਪਤਨੀ ਚਾਹੀਦੀ। ਫਰੀਹਾ ਨੇ ਕਿਹਾ ਕਿ ਪਿਤਾ ਕੋਲ ਕੋਈ ਚਾਰਾ ਨਹੀਂ ਸੀ ਅਤੇ ਤਾਲਿਬਾਨੀ ਅੱਤਵਾਦੀਆਂ ਨੇ 21 ਸਾਲਾ ਅਣਵਿਆਹੁਤਾ ਨੂੰ ਰਾਤ ਦੇ ਹਨੇਰੇ ’ਚ ਚੁੱਕ ਲਿਆ। ਫਰੀਹਾ ਨੇ ਕਿਹਾ ਕਿ ਪਿਤਾ ਨੂੰ ਤਿੰਨ ਦਿਨਾਂ ਬਾਅਦ ਪਤਾ ਲੱਗਾ ਕਿ ਉਹ ਇਕੱਲਾ ਤਾਲਿਬਾਨੀ ਨਹੀਂ ਸੀ, ਜਿਸ ਨੇ ਉਸ ਨਾਲ ਵਿਆਹ ਕੀਤਾ ਅਤੇ ਉਸ ਨਾਲ ਸੈਕਸ ਕੀਤਾ, ਬਲਕਿ ਚਾਰ ਹੋਰ ਲੋਕ ਹਰ ਰਾਤ, ਉਸ ਨਾਲ ਜਬਰ-ਜ਼ਿਨਾਹ ਕਰ ਰਹੇ ਸਨ ਪਰ ਉਹ ਏਨਾ ਮਜਬੂਰ ਸੀ ਕਿ ਕੁਝ ਨਹੀਂ ਕਰ ਸਕਦਾ, ਇਸ ਮਹਿਲਾ ਪੱਤਰਕਾਰ ਮੁਤਾਬਕ ਅਜਿਹੀ ਕੋਈ ਇੱਕਾ ਦੁੱਕਾ ਕਹਾਣੀ ਨਹੀਂ, ਬਲਕਿ ਅਣਗਿਣਤ ਮਾਮਲੇ ਹਨ, ਤੇ ਜਦ ਸਾਰੀ ਹਕੀਕਤ ਨਸ਼ਰ ਹੋਈ ਤਾਂ ਪੂਰੀ ਦੁਨੀਆ ਸੁੰਨ ਹੋ ਕੇ ਰਹਿ ਜਾਏਗੀ।
ਮਾਪਿਆਂ ਸਾਹਮਣੇ ਬੱਚਿਆਂ ਦੇ ਕਤਲ
ਅਫ਼ਗਾਨਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਮਸੂਦ ਅੰਦਰਾਬੀ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤਾਲਿਬਾਨੀ ਪਰਿਵਾਰ ਸਾਹਮਣੇ ਬੱਚਿਆਂ ਦਾ ਕਤਲ ਕਰ ਰਹੇ ਹਨ ਅਤੇ ਘਰਾਂ ਵਿਚ ਸੁੱਤੇ ਪਏ ਬਜ਼ੁਰਗਾਂ ਨੂੰ ਗੋਲੀਆਂ ਨਾਲ ਭੁੰਨ ਰਹੇ ਹਨ। ਮਸੂਦ ਅਨੁਸਾਰ ਇਹ ਸਭ ਲੋਕਾਂ ਵਿਚ ਖ਼ੌਫ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ। ਤਾਲਿਬਾਨ ਆਪਣੀ ਬੇਰਹਿਮੀ ਨਾਲ ਸੱਤਾ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਵਰਣਨਯੋਗ ਹੈ ਕਿ ਮਸੂਦ ਅੰਦਰਾਬੀ ਨੂੰ ਇਸੇ ਸਾਲ ਮਾਰਚ ਵਿਚ ਰਾਸ਼ਟਰਪਤੀ ਅਸ਼ਰਫ ਗਨੀ ਨੇ ਬਰਖ਼ਾਸਤ ਕੀਤਾ ਸੀ।
Comment here