ਕਾਬੁਲ-ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਮੱਧ ਅਫ਼ਗਾਨਿਸਤਾਨ ’ਚ ਰਹਿਣ ਵਾਲੇ ਹਜ਼ਾਰ ਫ਼ਿਰਕੇ ’ਤੇ ਕਹਿਰ ਟੁੱਟ ਰਿਹਾ ਹੈ। ਇੱਥੋਂ ਦੇ ਹਜ਼ਾਰਾ ਕਿਸਾਨਾਂ ਨੂੰ ਪਸ਼ਤੂਨ ਜ਼ਿਮੀਂਦਾਰਾਂ ਦੇ ਇਸ਼ਾਰੇ ’ਤੇ ਤਾਲਿਬਾਨ ਨਿਸ਼ਾਨਾ ਬਣਾ ਰਿਹਾ ਹੈ। 15 ਅਗਸਤ ਨੂੰ ਤਾਲਿਬਾਨ ਦੇ ਕਾਬੁਲ ’ਤੇ ਕਬਜ਼ਾ ਕਰਨ ਤੋਂ ਬਾਅਦ ਤੋਂ ਹਜ਼ਾਰਾ ਫ਼ਿਰਕੇ ’ਤੇ ਹਮਲਿਆਂ ਦੀ ਗਿਣਤੀ ’ਚ ਤੇਜ਼ੀ ਨਾਲ ਇਜ਼ਾਫ਼ਾ ਹੋਇਆ ਹੈ। ਸਰਕਾਰ ਬਣਨ ਤੋਂ ਬਾਅਦ ਹੁਣ ਹਜ਼ਾਰਾ ਫ਼ਿਰਕੇ ਨੂੰ ਮਿੱਥੀ ਸਾਜ਼ਿਸ਼ ਤਹਿਤ ਪੂਰੀ ਤਰ੍ਹਾਂ ਤਬਾਹ ਕੀਤੇ ਜਾਣ ਦਾ ਘਿਨਾਉਣਾ ਕੰਮ ਸ਼ੁਰੂ ਹੋ ਗਿਆ ਹੈ। ਜਿੱਥੇ-ਜਿੱਥੇ ਹਜ਼ਾਰਾ ਫ਼ਿਰਕੇ ਦੇ ਕਿਸਾਨ ਜ਼ਮੀਨਾਂ ’ਤੇ ਫ਼ਸਲ ਉਗਾ ਰਹੇ ਹਨ, ਉੱਥੇ ਤਾਲਿਬਾਨ ਜ਼ਬਰਦਸਤੀ ਕਬਜ਼ਾ ਕਰ ਰਹੇ ਹਨ।
ਕੁਝ ਦਿਨ ਪਹਿਲਾਂ ਇਸ ਮਾਮਲੇ ’ਚ ਹਜ਼ਾਰਾ ਫ਼ਿਰਕੇ ਦੇ ਜਲਾਵਤਨੀ ਨੇਤਾ ਮੁਹੰਮਦ ਮੋਹਕਕ ਨੇ ਵੀ ਚਿਤਾਵਨੀ ਦਿੱਤੀ ਸੀ। ਮੋਹਕਕ ਨੇ ਦੱਸਿਆ ਸੀ ਕਿ ਕਰੀਬ ਅੱਠ ਸੌ ਹਜ਼ਾਰਾ ਪਰਿਵਾਰਾਂ ਨੂੰ ਦਾਇਕੁੰਡੀ ਤੇ ਉਰੂਜਗਨ ਤੋਂ ਚਲੇ ਜਾਣ ਦੀ ਧਮਕੀ ਦਿੱਤੀ ਗਈ ਹੈ। ਮੋਹਕਕ ਨੇ ਕਿਹਾ ਹੈ ਕਿ ਇਹ ਤਾਲਿਬਾਨ ਦਾ ਇਕਪਾਸੜ ਫ਼ੈਸਲਾ ਹੈ।
ਅਫ਼ਗਾਨਿਸਤਾਨ ’ਚ ਹਜ਼ਾਰਾ ਫ਼ਿਰਕੇ ਦੀ ਮੌਜੂਦਾ ਸਮੇਂ ’ਚ ਕਰੀਬ ਨੌਂ ਫ਼ੀਸਦੀ ਆਬਾਦੀ ਹੈ। ਇਕ ਸਮੇਂ ’ਚ ਅਫ਼ਗਾਨਿਸਤਾਨ ’ਚ ਇਨ੍ਹਾਂ ਦੀ ਗਿਣਤੀ ਕੁਲ ਆਬਾਦੀ ਦਾ 67 ਫ਼ੀਸਦੀ ਸੀ। 1893 ’ਚ ਇਨ੍ਹਾਂ ਦੀ ਵੱਡੇ ਪੱਧਰ ’ਤੇ ਹੱਤਿਆ ਕੀਤੀ ਗਈ। ਇਹ ਫ਼ਿਰਕਾ ਹਾਲੇ ਵੀ ਨਿਸ਼ਾਨੇ ’ਤੇ ਬਣਿਆ ਹੋਇਆ ਹੈ। ਇਸ ਫ਼ਿਰਕੇ ਦੇ ਤਮਾਮ ਪਰਿਵਾਰ ਹਿਜਰਤ ਕਰ ਕੇ ਆਸਟ੍ਰੇਲੀਆ ਤੇ ਬ੍ਰਿਟੇਨ ਚਲੇ ਗਏ ਹਨ।
ਇਸ ਤੋਂ ਪਹਿਲਾਂ ਤਾਲਿਬਾਨ ਦੇ ਕਬਜ਼ੇ ਨੂੰ ਲੈ ਕੇ ਕੌਮਾਂਤਰੀ ਫ਼ਿਰਕੇ ਨੇ ਵੀ ਘੱਟ ਗਿਣਤੀਆਂ ਦੀ ਸੁਰੱਖਿਆ ਪ੍ਰਤੀ ਚਿੰਤਾ ਪ੍ਰਗਟਾਈ ਸੀ।
ਆਈਏਐੱਨਐੱਸ ਮੁਤਾਬਕ ਪਾਕਿਸਤਾਨ ਦੀ ਸਰਕਾਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੀਆਂ ਦੇਸ਼ ’ਚ ਅੱਤਵਾਦੀ ਸਰਗਰਮੀਆਂ ਨੂੰ ਲੈ ਕੇ ਸਹਿਮੀ ਹੋਈ ਹੈ। ਹੁਣ ਪਾਕਿ ਨੇ ਤਾਲਿਬਾਨ ਦੀ ਸ਼ਰਨ ਲਈ ਹੈ। ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ ਤਾਲਿਬਾਨੀ ਮਦਦ ਨਾਲ ਟੀਟੀਪੀ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਰੋਕੇਗਾ। ਟੀਟੀਪੀ ਨੇ ਪਾਕਿਸਤਾਨ ’ਚ ਕਈ ਵੱਡੀਆਂ ਵਾਰਦਾਤਾਂ ਕੀਤੀਆਂ ਹਨ। ਉਸ ਨੇ ਫ਼ੌਜ ’ਤੇ ਵੀ ਕਈ ਵਾਰ ਹਮਲੇ ਕੀਤੇ ਹਨ।
(Photo-Zameen)
Comment here