ਕਾਬੁਲ-ਤਾਲਿਬਾਨ ਨੇ ਬੰਦੂਕ ਦੇ ਦਮ ’ਤੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ ਪਰ ਹੁਣ ਸਰਕਾਰ ਚਲਾਉਣ ’ਚ ਉਸ ਦੇ ਪਸੀਨੇ ਛੁੱਟ ਰਹੇ ਹਨ। ਤਾਲਿਬਾਨ ਦੇਸ਼ ਦੀ ਵਿਗੜ ਰਹੀ ਆਰਥਿਕਤਾ ਨਾਲ ਜੂਝ ਰਿਹਾ ਹੈ। ਅਮਰੀਕਾ ਨੇ ਅਫਗਾਨਿਸਤਾਨ ਦੇ ਫੰਡਾਂ ਨੂੰ ਰੋਕ ਦਿੱਤਾ ਹੈ, ਜਿਸ ਕਾਰਨ ਸਰਕਾਰ ਚਲਾਉਣਾ ਵੀ ਮੁਸ਼ਕਲ ਹੋ ਰਿਹਾ ਹੈ। ਅਜਿਹੇ ’ਚ ਤਾਲਿਬਾਨ ਸਰਕਾਰ ਦੇ ਸੁਰ ਬਦਲਣੇ ਸ਼ੁਰੂ ਹੋ ਗਏ ਹਨ। ਤਾਲਿਬਾਨ ਨੇ ਅਮਰੀਕਾ ਵੱਲ ਦੋਸਤੀ ਦਾ ਹੱਥ ਵਧਾਇਆ ਹੈ।
ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾੱਕੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਪੁਰਾਣੇ ਦੁਸ਼ਮਣ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨਾਲ ਦੋਸਤਾਨਾ ਸਬੰਧਾਂ ਦੇ ਵਿਰੋਧੀ ਨਹੀਂ ਹਨ। ਬਸ਼ਰਤੇ ਕਿ ਅਮਰੀਕਾ ਅਫਗਾਨਿਸਤਾਨ ਲਈ 75 ਹਜ਼ਾਰ ਕਰੋੜ ਰੁਪਏ ਦਾ ਫੰਡ ਜਲਦ ਤੋਂ ਜਲਦ ਜਾਰੀ ਕਰੇ। ਅਫਗਾਨਿਸਤਾਨ ’ਤੇ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਅਗਸਤ ’ਚ ਅਮਰੀਕਾ ਨੇ ਇਹ ਫੰਡ ਰੋਕ ਦਿੱਤੇ ਸਨ। ਮੁਤਾਕੀ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਵਿਸ਼ਵ ਭਾਈਚਾਰੇ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਅਫਗਾਨਿਸਤਾਨ ਵਿੱਚ ਔਰਤਾਂ ਦੀ ਸਿੱਖਿਆ ਪ੍ਰਤੀ ਵਚਨਬੱਧ ਹੈ।
ਮੁਤਾਕੀ ਨੇ ਕਿਹਾ ਕਿ ਇਸ ਵਾਰ ਤਾਲਿਬਾਨ ਦਾ ਰਾਜ ਪਹਿਲਾਂ ਵਰਗਾ ਨਹੀਂ ਹੈ। ਅਸੀਂ ਆਪਣੇ ਆਪ ਵਿੱਚ ਬਹੁਤ ਬਦਲਾਅ ਕੀਤੇ ਹਨ। ਅੱਜ 12ਵੀਂ ਜਮਾਤ ਵਿੱਚ ਪੜ੍ਹਦੀਆਂ ਕੁੜੀਆਂ ਦੇਸ਼ ਦੇ 10 ਸੂਬਿਆਂ ਵਿੱਚ ਸਕੂਲ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਹੀਂ ਕੀਤੀ ਹੈ।
Comment here