ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨੀ ਹੋਰ ਹਿੰਸਕ ਤੇ ਜ਼ਾਲਮ ਹੋ ਗਏ-ਅਫਗਾਨ ਰਾਸ਼ਟਰਪਤੀ ਗਨੀ ਨੇ ਕਿਹਾ

ਕਾਬੁਲ – ਅਫਗਾਨਿਸਤਾਨ ਵਿੱਚ ਤਾਲਿਬਾਨਾਂ ਦੇ ਵਧ ਰਹੇ ਹਿੰਸਕ ਹਮਲਿਆਂ ਦਾ ਜਿੱਥੇ ਅਫਗਾਨ ਦੀ ਫੌਜ ਡਟ ਕੇ ਮੁਕਾਬਲਾ ਕਰ ਰਹੀ ਹੈ, ਉਥੇ ਸਰਕਾਰ ਵੀ ਸ਼ਾਂਤੀ ਲਈ ਆਪਣੇ ਤੌਰ ਤੇ ਲਗਾਤਾਰ ਯਤਨਸ਼ੀਲ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਹਾਲਾਤਾਂ ਦੀ ਗੰਭੀਰਤਾ ਬਾਰੇ ਕਿਹਾ ਕਿ ਲਗਦਾ ਹੈ ਤਾਲਿਬਾਨਾਂ ਦੀ ਸ਼ਾਂਤੀ ਦੀ ਕੋਈ ਇੱਛਾ ਨਹੀਂ ਹੈ। ਤਾਲਿਬਾਨ ਹਿੰਸਾ ਨੂੰ ਲੈ ਕੇ ਉਹਨਾਂ ਕਿਹਾ ਕਿ ਪਿਛਲੇ ਦੋ ਦਹਾਕਿਆਂ ’ਚ ਤਾਲਿਬਾਨ ਜ਼ਾਲਮ ਤੇ ਜ਼ਿਆਦਾ ਦਮਨਕਾਰੀ ਹੋ ਗਏ ਹਨ। ਗਨੀ ਨੇ ਕਿਹਾ ਕਿ ਜਦੋਂ ਤਕ ਯੁੱਧ ਦੇ ਮੈਦਾਨ ’ਚ ਹਾਲਾਤ ਨਹੀਂ ਬਦਲਣਗੇ, ਤਾਲਿਬਾਨ ਸਾਰਥਕ ਗੱਲਬਾਤ ’ਚ ਸ਼ਾਮਲ ਨਹੀਂ ਹੋਣਗੇ। ਇਸ ਲਈ ਦੇਸ਼ ਭਰ ’ਚ ਲੋਕਾਂ ਨੂੰ ਇਕਜੁੱਟ ਕਰਨ ਦੀ ਲੋੜ ਹੈ।  ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਤਾਲਿਬਾਨ ਨੂੰ ਮਦਦ ਪਹੁੰਚਾਉਣ ਲਈ ਪਾਕਿਸਤਾਨ ਨੂੰ ਫਿਟਕਾਰ ਲਾਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਇਰਾਦਾ ਸਾਰਥਿਕ ਗੱਲਬਾਤ ’ਚ ਸ਼ਾਮਲ ਹੋਣ ਦਾ ਨਹੀਂ ਹੈ। ਵਰਚੁਅਲ ਕੈਬਨਿਟ ਮੀਟਿੰਗ ’ਚ ਅਸ਼ਰਫ ਗਨੀ ਨੇ ਕਿਹਾ ਕਿ ਤਾਲਿਬਾਨ ਬਦਲ ਗਏ ਹਨ ਪਰ ਨਾਕਾਰਾਤਮਕ ਤੌਰ ’ਤੇ। ਉਨ੍ਹਾਂ ਦੀ ਸ਼ਾਂਤੀ ਜਾਂ ਤਰੱਕੀ ਦੀ ਕੋਈ ਇੱਛਾ ਨਹੀਂ ਹੈ, ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਉਹ ਸਮਰਪਣ ਯਾਨੀ ਦੱਬੇ ਹੋਏ ਲੋਕ ਤੇ ਸਰਕਾਰ ਚਾਹੁੰਦੇ ਹਨ। ਅਫਗਾਨਿਸਤਾਨੀ ਰਾਸ਼ਟਰਪਤੀ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਅਮਰੀਕੀ ਤੇ ਨਾਟੋ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਤੇ ਕਈ ਇਲਾਕਿਆਂ ਨੂੰ ਕਬਜ਼ੇ ’ਚ ਲਿਆ ਹੈ। ਹਾਲਾਤ ਕਿੰਨੇ ਭਿਆਨਕ ਹਨ, ਇਸ ਦਾ ਅੰਦਾਜ਼ਾ ਇਸ ਤੋਂ ਲੱਗਦਾ ਹੈ ਕਿ  ਆਜ਼ਾਦ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਮੁਤਾਬਕ ਤਾਲਿਬਾਨੀ ਹਿੰਸਾ ਵਿੱਚ ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਮਰਨ ਵਾਲਿਆਂ ਦੀ ਗਿਣਤੀ 80 ਫੀਸਦੀ ਵਧੀ ਹੈ ਤੇ ਤਾਲਿਬਾਨ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ’ਚ 1677 ਲੋਕ ਮਾਰੇ ਗਏ ਹਨ ਤੇ 3644 ਜ਼ਖਮੀ ਹੋਏ ਹਨ।

Comment here