ਸਿਆਸਤਖਬਰਾਂਦੁਨੀਆ

ਤਾਲਿਬਾਨੀ ਵਫਦ ਦੀ ਚੀਨ ਦੇ ਵਿਦੇਸ਼ ਮੰਤਰੀ ਨਾਲ ਬੈਠਕ

ਤਿਆਨਜਿਨ– ਅਮਰੀਕੀ ਫੌਜੀਆਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਤਾਲਿਬਾਨ ਨੇਤਾ ਚੀਨ ਪਹੁੰਚੇ। ਤਾਲਿਬਾਨ ਦੇ ਵਫਦ ਨੇ ਇੱਥੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਬੈਠਕ ਕੀਤੀ। ਭਾਰਤ ਨਾਲ ਸੰਬੰਧਾਂ ਬਾਰੇ ਵੀ ਇਸ ਬੈਠਕ ਦੌਰਾਨ ਚਰਚਾ ਹੋਈ। ਇਸ ਬੈਠਕ ਵਿਚ ਵਾਂਗ ਨੇ ਕਿਹਾ,”ਚੀਨ ਅਫਗਾਨਿਸਤਾਨ ਦੇ ਮਾਮਲੇ ਵਿਚ ਦਖਲ ਨਹੀਂ ਦੇਵੇਗਾ ਪਰ ਉੱਥੇ ਸ਼ਾਂਤੀ ਕਾਇਮ ਕਰਨ ਵਿਚ ਮਦਦ ਕਰੇਗਾ।” ਇਸ ਮਗਰੋਂ ਵਾਂਗ ਨੇ ਚੀਨ ਵਲੋਂ ਨਵੀਂ ਚਾਲ ਖੇਡੀ। ਉਹਨਾਂ ਨੇ ਕਿਹਾ,”ਆਸ ਹੈ ਕਿ ਤਾਲਿਬਾਨ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ ‘ਤੇ ਕਾਰਵਾਈ ਕਰੇਗਾ ਅਤੇ ਇਸ ਨੂੰ ਕੁਚਲ ਦੇਵੇਗਾ। ਉਹ ਚੀਨ ਵਿਰੋਧੀ ਇਸ ਅੱਤਵਾਦੀ ਸੰਗਠਨ ਨਾਲ ਸੰਬੰਧ ਤੋੜ ਲਵੇਗਾ। ਇਹ ਸੰਗਠਨ ਚੀਨ ਦੀ ਰਾਸ਼ਟਰੀ ਸੁਰੱਖਿਆ ਲਈ ਸਿੱਧਾ ਖਤਰਾ ਹੈ। ਇਹ ਸੰਗਠਨ ਚੀਨ ਦੇ ਝਿਂਜਿਯਾਂਗ ਸੂਬੇ ਵਿਚ ਸਰਗਰਮ ਹੈ।” ਤਾਲਿਬਾਨ ਦੇ 9 ਮੈਂਬਰੀ ਵਫਦ ਦੀ ਅਗਵਾਈ ਇਸ ਦੇ ਮੁੱਖ ਵਾਰਤਾਕਾਰ ਅਬਦੁੱਲ ਗਨੀ ਬਰਾਦਰ ਨੇ ਕੀਤੀ। ਬਰਾਦਰ ਨੇ ਕਿਹਾ,”ਤਾਲਿਬਾਨ ਨੇ ਚੀਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਦੇਸ਼ ਦੀ ਸੁਰੱਖਿਆ ਖ਼ਿਲਾਫ਼ ਨਹੀਂ ਹੋਣ ਦੇਵੇਗਾ।” ਇਸ ਤੋਂ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਚੀਨ ਦੌਰੇ ਤੋਂ ਪਰਤੇ ਹਨ। ਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਨੇ ਪਾਕਿਸਤਾਨ ਵਾਂਗ ਤਾਲਿਬਾਨ ਲਈ ਨਰਮ ਰਵੱਈਆ ਅਪਨਾ ਲਿਆ ਹੈ। ਚੀਨ ਨੂੰ ਸ਼ੱਕ ਹੈ ਕਿ ਤਾਲਿਬਾਨ ਚੀਨੀ ਝਿਂਜਿਯਾਂਗ ਸੂਬੇ ਵਿਚ ਉਇਗਰ ਮੁਸਲਮਾਨਾਂ ਨੂੰ ਉਸ ਖ਼ਿਲਾਫ਼ ਭੜਕਾ ਸਕਦਾ ਹੈ। ਇੱਥੋਂ ਤੱਕ ਕਿ ਉਹਨਾਂ ਨੂੰ ਹਥਿਆਰ-ਬਾਰੂਦ ਮੁਹੱਈਆ ਕਰਾ ਸਕਦਾ ਹੈ। ਇਸ ਦਾ ਅਸਰ ਸਿੱਧੇ  ਤੌਰ ‘ਤੇ ਤੁਰਕਮੇਨਿਸਤਾਨ, ਉਜਬੇਕਿਸਤਾਨ ਅਤੇ ਤਜਾਕਿਸਤਾਨ ਤੋਂ ਹੋ ਰਹੇ ਚੀਨ ਦੇ ਆਰਥਿਕ ਸੰਬੰਧਾਂ ‘ਤੇ ਵੀ ਪਵੇਗਾ। ਇਸ ਦੇ ਇਲਾਵਾ ਚੀਨ ਆਪਣੇ ਪੁਰਾਣੇ ਦੋਸਤ ਪਾਕਿਸਤਾਨ ਤੋਂ ਖੁਸ਼ ਨਹੀਂ ਹੈ। ਲਿਹਾਜਾ ਉਹ ਅਫਗਾਨਿਸਤਾਨ ਨੂੰ ਪਾਕਿਸਤਾਨ ਦੇ ਬਦਲ ਦੇ ਤੌਰ ‘ਤੇ ਦੇਖ ਸਕਦਾ ਹੈ। ਅਫਗਾਨਿਸਤਾਨ ਦੀ ਚੁਣੀ ਹੋਈ ਸਰਕਾਰ ਅਤੇ ਤਾਲਿਬਾਨ ਦੋਵੇਂ ਹੀ ਦੇਸ਼ ਵਿਚ ਚੀਨੀ ਨਿਵੇਸ਼ ਦਾ ਸਵਾਗਤ ਕਰਨ ਲਈ ਉਤਸੁਕ ਹਨ।

Comment here