ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਤਾਲਿਬਾਨੀ ਰਾਜ ’ਚ ਔਰਤਾਂ ’ਤੇ ਵਧੇ ਅੱਤਿਆਚਾਰ-ਰਿਪੋਰਟ

ਕਾਬੁਲ-ਅਫ਼ਗਾਨਿਸਤਾਨ ’ਚ ਜਦੋਂ ਤੋਂ ਸੱਤਾ ਤਾਲਿਬਾਨ ਦੇ ਹੱਥਾਂ ’ਚ ਗਈ ਹੈ ਤਾਂ ਦੁਨੀਆ ਨੂੰ ਸਭ ਤੋਂ ਜ਼ਿਆਦਾ ਔਰਤਾਂ ਅਤੇ ਕੁੜੀਆਂ ਦੀ ਹਾਲਤ ਨੂੰ ਲੈ ਕੇ ਚਿੰਤਾ ਹੋਈ ਸੀ। ਐਮਨੈਸਟੀ ਇੰਟਰਨੈਸ਼ਨਲ ਦੇ ਇਕ ਬਿਆਨ ਨਾਲ ਉਨ੍ਹਾਂ ਬਹੁਤ ਸਾਰੀਆਂ ਚਿੰਤਾਵਾਂ ਨੂੰ ਮਜ਼ਬੂਤੀ ਮਿਲੀ ਹੈ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਤਾਲਿਬਾਨ ਦੇ ਰਾਜ ’ਚ ਅਫ਼ਗਾਨਿਸਤਾਨ ਦੀਆਂ ਔਰਤਾਂ ਅਤੇ ਕੁੜੀਆਂ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ।
ਤਾਲਿਬਾਨ ਨੇ ਇਸ ਵਰਗ ਦੀ ਸਿੱਖਿਆ, ਰੁਜ਼ਗਾਰ ਅਤੇ ਹੋਰ ਅਧਿਕਾਰਾਂ ਨੂੰ ਲਤਾੜਿਆ ਹੈ। ਇੰਨਾ ਹੀ ਨਹੀਂ, ਅਜੀਬੋ-ਗਰੀਬ ਨਿਯਮਾਂ ਦੀ ਪਾਲਣਾ ਕਰਨ ’ਚ ਥੋੜ੍ਹੀ ਜਿਹੀ ਲਾਪਰਵਾਹੀ ਲਈ ਉਸ ਨੂੰ ਹਿਰਾਸਤ ’ਚ ਲੈ ਕੇ ਤਸੀਹੇ ਦਿੱਤੇ ਗਏ। ਐਮਨੈਸਟੀ ਦੇ ਸਕੱਤਰ ਜਨਰਲ ਐਗਨੇਸ ਕੈਲਾਮਾਰਡ ਦੇ ਅਨੁਸਾਰ ਆਪਣੇ ਸ਼ਾਸਨ ਦੇ ਇਕ ਸਾਲ ਤੋਂ ਵੀ ਘੱਟ ਸਮੇਂ ਬਾਅਦ ’ਚ ਤਾਲਿਬਾਨ ਨੇ ਲੱਖਾਂ ਔਰਤਾਂ ਅਤੇ ਕੁੜੀਆਂ ਨੂੰ ਸੁਰੱਖਿਅਤ, ਆਜ਼ਾਦ ਅਤੇ ਪੂਰੀ ਜ਼ਿੰਦਗੀ ਜਿਊਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਥੋਂ ਤਕi ਕ ਛੋਟੀਆਂ-ਛੋਟੀਆਂ ਬੱਚੀਆਂ ਦਾ ਵੀ ਜ਼ਬਰਦਸਤੀ ਵਿਆਹ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜਨਮ ਦਰ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲ ਹੀ ਦੇ ਦਿਨਾਂ ’ਚ ਅਫ਼ਗਾਨਿਸਤਾਨ ’ਚ ਆਪਣੇ ਹੱਕ ਲਈ ਪ੍ਰਦਰਸ਼ਨ ਕਰ ਰਹੀਆਂ ਔਰਤਾਂ ’ਤੇ ਅੱਤਿਆਚਾਰ ਦੀਆਂ ਵੀ ਕਈ ਖ਼ਬਰਾਂ ਆਈਆਂ ਹਨ।
ਐਮਨੈਸਟੀ ਮੁਤਾਬਕ ਇਕ ਔਰਤ ਨੇ ਕਿਹਾ ਕਿ ਸਾਡੇ ਕਈ ਸੱਟਾਂ ਲੱਗੀਆਂ ਹਨ। ਇਕ ਵਿਦਿਆਰਥਣ ਨੇ ਦੱਸਿਆ ਕਿ ਮੇਰੇ ਮੋਢੇ, ਚਿਹਰੇ, ਗਰਦਨ ਅਤੇ ਹਰ ਜਗ੍ਹਾ ਬਿਜਲੀ ਦੇ ਕਰੰਟ ਲਗਾਏ ਗਏ । ਔਰਤਾਂ ਅਤੇ ਕੁੜੀਆਂ ਨੂੰ ਤਾਲਿਬਾਨ ਲੜਾਕਿਆਂ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ। ਇਕ ਮੁਜ਼ਾਹਰੇ ’ਚ ਹਿੱਸਾ ਲੈਣ ਵਾਲੀ ਇਕ ਔਰਤ ਨੇ ਐਮਨੈਸਟੀ ਨੂੰ ਦੱਸਿਆ, ‘‘ਸਾਨੂੰ ਸਾਡੀਆਂ ਛਾਤੀਆਂ ਅਤੇ ਲੱਤਾਂ ਵਿਚਕਾਰ ਮਾਰਿਆ ਗਿਆ। ਉਨ੍ਹਾਂ ਨੇ ਸਾਨੂੰ ਅਜਿਹੀ ਥਾਂ ’ਤੇ ਮਾਰਿਆ ਤਾਂ ਜੋ ਅਸੀਂ ਦੁਨੀਆ ਨੂੰ ਦਿਖਾ ਨਾ ਸਕੀਏ। ਐਮਨੈਸਟੀ ਇੰਟਰਨੈਸ਼ਨਲ ਨੇ ਦੱਸਿਆ ਕਿ ਜੇ ਉਹ ਆਪਣੀ ਰਿਹਾਈ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਇਕ ਸਮਝੌਤੇ ’ਤੇ ਦਸਤਖ਼ਤ ਕਰਨਾ ਹੋਵੇਗਾ ਕਿ ਨਾ ਤਾਂ ਉਹ ਕਿਸੇ ਪ੍ਰਦਰਸ਼ਨ ’ਚ ਹਿੱਸਾ ਲੈਣਗੀਆਂ ਤੇ ਨਾ ਹੀ ਇਹ ਦੱਸਣਗੀਆਂ ਕਿ ਹਿਰਾਸਤ ’ਚ ਉਨ੍ਹਾਂ ਨਾਲ ਕੀ ਹੋਇਆ ਹੈ। ਇਨ੍ਹਾਂ ਔਰਤਾਂ ਨੂੰ ਤਾਲਿਬਾਨ ਦੇ ਤੁਗਲਕੀ ਫ਼ਰਮਾਨਾਂ ਦੀ ਮਾਮੂਲੀ ਨਾਫਰਮਾਨੀ ਲਈ ਵੀ ਹਿਰਾਸਤ ’ਚ ਲਿਆ ਗਿਆ। ਇਥੋਂ ਤੱਕ ਕਿ ਮੁੰਡੇ-ਕੁੜੀਆਂ ਨੂੰ ਕੌਫ਼ੀ ਦੀਆਂ ਦੁਕਾਨਾਂ ਤੋਂ ਚੁੱਕ ਕੇ ਜੇਲ੍ਹਾਂ ’ਚ ਡੱਕ ਦਿੱਤਾ ਗਿਆ।

Comment here