ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨੀ ਕਹਿਰ ਦਰਮਿਆਨ ਔਰਤਾਂ ਮੰਦੜੇ ਹਾਲੀਂ

ਕਾਬੁਲ – ਤਾਲਿਬਾਨੀ ਕਹਿਰ ਦੇ ਚਲਦਿਆਂ ਅਫਗਾਨਿਸਤਾਨ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਤਾਲਿਬਾਨ ਦੇ ਅੱਤਵਾਦੀ ਨਾਗਰਿਕਾਂ ਅਤੇ ਡਿਊਟੀ ‘ਤੇ ਤੈਨਾਤ ਸੁਰੱਖਿਆ ਕਰਮਚਾਰੀਆਂ ਦੀ ਹੱਤਿਆ ਦੇ ਨਾਲ-ਨਾਲ ਘਰਾਂ ‘ਤੇ ਬੰਬਾਰੀ ਕਰ ਰਹੇ ਹਨ, ਕਈ ਥਾਵਾਂ ਤੋਂ ਔਰਤਾਂ ‘ਤੇ ਹਮਲਿਆਂ ਦੀਆਂ ਖਬਰਾਂ ਵੀ ਆਈਆਂ ਹਨ। ਤਾਲਿਬਾਨ ਨਵੇਂ ਇਲਾਕਿਆਂ ‘ਤੇ ਕਬਜ਼ਾ ਕਰਨ ਦੇ ਨਾਲ-ਨਾਲ ਸ਼ਰੀਆ ਕਾਨੂੰਨ ਦੇ ਤਹਿਤ ਕਠੋਰ ਅਤੇ ਦਮਨਕਾਰੀ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਛੋਟੇ ਤੋਂ ਛੋਟੇ ਅਪਰਾਧਾਂ ਜਾਂ ਉਲੰਘਣਾਵਾਂ ਲਈ ਮੌਤ ਦੀ ਸਜ਼ਾ ਵੀ ਦਿੰਦੇ ਹਨ। ਤਾਲਿਬਾਨ ਦੁਆਰਾ ਜਾਰੀ ਕੀਤੇ ਗਏ ਇੱਕ ਫਤਵੇ ਵਿਚ ਬੀਬੀਆਂ ਨੂੰ ਮਰਦ ਸਾਥੀਆਂ ਤੋਂ ਬਿਨਾਂ ਘਰ ਤੋਂ ਬਾਹਰ ਜਾਣ ਦੀ ਮਨਾਹੀ ਹੈ, ਜਦੋਂ ਕਿ ਮਰਦਾਂ ਨੂੰ ਦਾੜ੍ਹੀ ਵਧਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਕ ਸਮਾਜਿਕ ਕਾਰਕੁਨ ਮੇਰਾਜੁਦੀਨ ਸ਼ਰੀਫੀ  ਮੁਤਾਬਕ ਔਰਤਾਂ  ਨੂੰ ਟੈਕਸੀ ਦੀ ਸਵਾਰੀ ਕਰਨ ਦੀ ਮਨਾਹੀ ਹੈ ਅਤੇ ਹਮੇਸ਼ਾ ਬੁਰਕਾ ਪਹਿਨਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਤਾਲਿਬਾਨ ਨੇ ਸੰਗੀਤ ਜਾਂ ਕਿਸੇ ਵੀ ਆਡੀਓ-ਵਿਜ਼ੁਅਲ ਮਨੋਰੰਜਨ ਦੇ ਉਤਪਾਦਨ ਅਤੇ ਵੰਡ ‘ਤੇ ਪਾਬੰਦੀ ਲਗਾ ਦਿੱਤੀ ਹੈ। ਫੇਡੇਰਿਕੋ ਜਿਉਲਿਆਨੀ ਨੇ ਇੱਕ ਇਤਾਲਵੀ ਅਖਬਾਰ ਇਨਸਾਈਡਓਵਰ ਵਿਚ ਲਿਖਿਆ ਕਿ ਤਾਲਿਬਾਨ ਦੀ ਬੇਰਹਿਮੀ ਨਾਲ ਬੀਬੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉਨ੍ਹਾਂ ਨੂੰ ਜਨਤਕ ਤੌਰ ‘ਤੇ ਕੁੱਟਿਆ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਕਤਲ ਵੀ ਕੀਤਾ ਜਾ ਰਿਹਾ ਹੈ। ਮਾਸੂਮ ਅਫਗਾਨ ਬੀਬੀਆਂ ਨੂੰ ‘ਜਿਹਾਦ ਅਲ-ਨਿਕਾਹ’ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਵਿਚ ਬੀਬੀਆਂ ਅਤੇ ਲੜਕੀਆਂ ਨੂੰ ਜ਼ਬਰਦਸਤੀ ਅੱਤਵਾਦੀਆਂ ਕੋਲ ਭੇਜਿਆ ਜਾਂਦਾ ਹੈ। ਤਾਲਿਬਾਨ ਵੱਲੋਂ ਨਾਗਰਿਕਾਂ ‘ਤੇ ਕੀਤੇ ਗਏ ਹਮਲਿਆਂ ਵਿਚ ਬੱਚਿਆਂ ਸਮੇਤ ਸੈਂਕੜੇ ਨਿਰਦੋਸ਼ ਲੋਕ ਮਾਰੇ ਗਏ ਹਨ। ਇਨਸਾਈਡਓਵਰ ਦੀ ਰਿਪੋਰਟ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਵਿਚ 9 ਲੱਖ ਤੋਂ ਵੱਧ ਲੋਕਾਂ ਦੇ ਬੇਘਰ ਹੋਣ ਦੀ ਖ਼ਬਰ ਹੈ। ਅਫਗਾਨਿਸਤਾਨ ਦੇ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਰਿਪੋਰਟ ਦਿੱਤੀ ਹੈ ਕਿ 2021 ਦੇ ਪਹਿਲੇ ਛੇ ਮਹੀਨਿਆਂ ਵਿਚ 2,957 ਨਾਗਰਿਕਾਂ ਦੀ ਮੌਤ ਹੋਈ ਹੈ। ਇਨ੍ਹਾਂ ਨਾਗਰਿਕਾਂ ਦੀ ਮੌਤ ਦੇ 48.5 ਫੀਸਦੀ ਲਈ ਤਾਲਿਬਾਨ ਜ਼ਿੰਮੇਵਾਰ ਸੀ। ਬ੍ਰਿਟੇਨ ਅਤੇ ਅਮਰੀਕਾ ਨੇ ਤਾਲਿਬਾਨ ‘ਤੇ ਦੱਖਣੀ ਅਫਗਾਨਿਸਤਾਨ ਦੇ ਸਪਿਨ ਬੋਲਦਾਕ ਵਿਚ ਨਾਗਰਿਕਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਅੰਦਰੂਨੀ ਰਿਪੋਰਟਾਂ ਹਨ ਕਿ ਤਾਲਿਬਾਨ ਨੇ 900 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਅਤੇ ਗੋਲੀ ਮਾਰ ਕੇ ਮਾਰ ਦਿੱਤਾ।ਤਾਲਿਬਾਨ ਨੇ ਬਦਲਾ ਲੈਣ ਲਈ ਦਰਜਨਾਂ ਨਾਗਰਿਕਾਂ ਨੂੰ ਮਾਰ ਦਿੱਤਾ। ਇਹ ਕਤਲ ਯੁੱਧ ਅਪਰਾਧ ਹੋ ਸਕਦੇ ਹਨ। ਅਮਰੀਕਾ ਅਤੇ ਬ੍ਰਿਟੇਨ ਦੇ ਦੂਤਾਵਾਸਾਂ ਨੇ ਕਿਹਾ ਕਿ ਤਾਲਿਬਾਨ ਲੀਡਰਸ਼ਿਪ ਨੂੰ ਉਨ੍ਹਾਂ ਦੇ ਲੜਾਕਿਆਂ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

Comment here