ਕਾਬੁਲ – ਤਾਬਿਲਾਨਾਂ ਦੇ ਹਮਲਿਆਂ ਦੇ ਦਰਮਿਆਨ ਅਫਗਾਨਿਸਤਾਨ ਵਿਚ ਜਨਤਾ ਨੂੰ ਖਤਰਾ ਇਸ ਕਦਰ ਵਧ ਗਿਆ ਕਿ ਇਥੋਂ ਹਜ਼ਾਰਾਂ ਪਰਿਵਾਰ ਉਜਾੜੇ ਦਾ ਸ਼ਿਕਾਰ ਹੋ ਚੁੱਕੇ ਹਨ।ਇੱਕ ਰਿਪੋਰਟ ਅਨੁਸਾਰ ਇੱਥੇ ਅਸੁਰੱਖਿਆ ਅਤੇ ਹਿੰਸਾ ਕਾਰਨ ਜਨਵਰੀ ਤੋਂ ਹੁਣ ਤੱਕ ਕਰੀਬ 2,70,000 ਲੋਕ ਉਜਾੜੇ ਦਾ ਸ਼ਿਕਾਰ ਹੋਏ ਹਨ। ਤਾਲਿਬਾਨਾਂ ਵੱਲੋਂ ਦੇਸ਼ ਵਿਚ ਤੇਜ਼ੀ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ। ਅਫਗਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ‘ਤੇ ਸੁਰੱਖਿਆ ਚਿੰਤਾਵਾਂ ਵੱਧਣ ਕਾਰਨ ਅਫਗਾਨਿਸਤਾਨ ਵਿਚ ਮਨੁੱਖੀ ਸੰਕਟ ਦੀ ਸੰਭਾਵਨਾ ਵਧ ਗਈ ਹੈ। ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਅਪ੍ਰੈਲ ਵਿਚ ਕਿਹਾ ਸੀ ਕਿ ਇਸ ਸਾਲ ਦੇ ਸਤੰਬਰ ਤੱਕ ਉਹ ਆਪਣੀ ਸੈਨਾ ਨੂੰ ਵਾਪਸ ਬੁਲਾ ਲਵੇਗਾ ਪਰ ਹੁਣ ਇਕ ਮਹੀਨਾ ਪਹਿਲਾਂ ਹੀ ਅਗਸਤ ਦੇ ਅਖੀਰ ਤੱਕ ਅਮਰੀਕੀ ਸੈਨਿਕਾਂ ਦੀ ਵਾਪਸੀ ਪੂਰੀ ਹੋ ਜਾਵੇਗੀ। ਇਸ ਦਰਮਿਆਨ ਤਾਲਿਬਾਨ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਤੇ ਕਬਜ਼ਾ ਕਰ ਲਿਆ ਹੈ। ਵਿਗੜੇ ਹਾਲਾਤਾਂ ਕਾਰਨ ਜ਼ਿਆਦਾਤਰ ਵਿਸਥਾਪਿਤ ਲੋਕ ਰਿਹਾਇਸ਼ ਅਤੇ ਬੁਨਿਆਦੀ ਲੋੜਾਂ ਦੀ ਭਾਲ ਵਿਚ ਭਟਕ ਰਹੇ ਹਨ। ਅਜਿਹੇ ਵਿਚ ਕਾਬੁਲ ਦੇ ਇਕ ਮਕਾਨ ਵਿਚ ਪੰਜ ਪਰਿਵਾਰ ਦਿਨ ਕੱਟਣ ਲਈ ਮਜਬੂਰ ਹਨ। ਇਹ ਸਾਰੇ ਉੱਤਰੀ ਸੂਬੇ ਦੇ ਕੁੰਦੁਜ਼ ਵਿਚ ਜਾਰੀ ਤਣਾਅ ਕਾਰਨ ਵਿਸਥਾਪਿਤ ਹੋਏ ਹਨ। ਇਹਨਾਂ ਲੋਕਾਂ ਨੇ ਮਦਦ ਦੀ ਗੁਹਾਰ ਲਾਈ ਹੈ। ਕੁੰਦੁਜ਼ ਵਸਨੀਕ ਜ਼ਿਬਾ ਨੇ ਕਿਹਾ ਕਿ ਹਾਲ ਹੀ ਦੇ ਸੰਘਰਸ਼ ਵਿਚ ਉਸ ਨੇ ਆਪਣੇ ਕਈ ਬੱਚੇ ਗਵਾ ਦਿੱਤੇ ਅਤੇ ਇਹ ਚੌਥੀ ਵਾਰ ਹੈ ਜਦੋਂ ਉਹ ਮੁੜ ਉਜੜੀ ਹੈ। ਜ਼ਿਬਾ ਨੇ ਦੱਸਿਆ ਕਿ ਅਸੀਂ ਖੁਸ਼ੀਆਂ ਵਾਲੇ ਦਿਨ ਨਹੀਂ ਦੇਖੇ। ਸਾਡਾ ਹਮੇਸ਼ਾ ਤਣਾਅ ਭਰੇ ਦਿਨਾਂ ਨਾਲ ਹੀ ਸਾਹਮਣਾ ਹੋਇਆ ਹੈ। ਸਾਰੀਆਂ ਸਥਿਤੀਆਂ ਬਾਰੇ ਰਿਪੋਰਟਾਂ ਨਸ਼ਰ ਕਰਦਿਆਂ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਸੰਬੰਧੀ ਮਾਮਲਿਆਂ ਦੀ ਏਜੰਸੀ ਨੇ ਇੱਥੋਂ ਅਮਰੀਕੀ ਸੈਨਿਕਾਂ ਦੀ ਵਾਪਸੀ ‘ਤੇ ਸੁਰੱਖਿਆ ਚਿੰਤਾਵਾਂ ਵੱਧਣ ‘ਤੇ ਅਫਗਾਨਿਸਤਾਨ ਵਿਚ ਇਕ ਮਾਨਵਤਾਵਾਦੀ ਸੰਕਟ ਨੂੰ ਲੈਕੇ ਸਾਵਧਾਨ ਕੀਤਾ।
Comment here