ਕਾਬੁਲ- ਅਫਗਾਨਿਸਤਾਨ ਚ ਵਧ ਤੋਂ ਵਧ ਖੇਤਰ ਤੇ ਕਬਜ਼ਾ ਕਰਨ ਲਈ ਤਾਲਿਬਾਨਾਂ ਨੇ ਹਮਲੇ ਵਧਾ ਦਿੱਤੇ ਹਨ, ਅਜਿਹੇ ਹਾਲਾਤਾਂ ਚ ਇਕ ਵਾਰ ਫੇਰ ਅਮਰੀਕੀ ਫੌਜ ਨੇ ਕਾਰਵਾਈ ਆਰੰਭੀ ਹੈ। ਆ ਰਹੀਆਂ ਮੀਡੀਆਈ ਰਿਪੋਰਟਾਂ ਮੁਤਾਬਕ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ’ਚ ਵੜ ਰਹੇ ਤਾਲਿਬਾਨੀ ਅੱਤਵਾਦੀਆਂ ਨੂੰ ਰੋਕਣ ਲਈ ਅਮਰੀਕਾ ਨੇ ਇੱਥੇ ਜ਼ਬਰਦਸਤ ਬੰਬਾਰੀ ਕੀਤੀ ਹੈ। ਅਮਰੀਕੀ ਫ਼ੌਜ ਨੇ ਅਜਿਹੇ ਸਾਰੇ ਤਾਲਿਬਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਉਹ ਸ਼ਹਿਰਾਂ ’ਚ ਵੜਨ ਦਾ ਯਤਨ ਕਰ ਰਹੇ ਹਨ। ਏਧਰ ਅਫ਼ਗਾਨ ਫ਼ੌਜ ਨੇ ਵੀ ਆਪਣੀ ਪਕੜ ਬਣਾਈ ਰੱਖਣ ਲੀ ਪੂਰੀ ਤਾਕਤ ਲਗਾ ਦਿੱਤੀ ਹੈ। ਸੈਂਕੜੇ ਤਾਲਿਬਾਨ ਅੱਤਵਾਦੀਆਂ ਨੂੰ ਮਾਰ ਸੁੱਟਣ ਦਾ ਸਰਕਾਰ ਨੇ ਦਾਅਵਾ ਕੀਤਾ ਹੈ। ਅਫ਼ਗਾਨ ਸਰਕਾਰ ਮੁਤਾਬਕ ਫ਼ੌਜ ਨੇ ਅੱਤਵਾਦੀਆਂ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖਦੇ ਹੋਏ ਕਈ ਥਾਵਾਂ ’ਤੇ ਬੜ੍ਹਤ ਬਣਾਈ ਹੈ। ਫ਼ੌਜ ਨੇ ਪਿਛਲੇ 24 ਘੰਟਿਆਂ ’ਚ 375 ਤਾਲਿਬਾਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਤੇ 193 ਅੱਤਵਾਦੀ ਜ਼ਖ਼ਮੀ ਹੋਏ ਹਨ। ਸੁਰੱਖਿਆ ਬਲਾਂ ਦਾ ਇਹ ਆਪ੍ਰੇਸ਼ਨ ਕੰਧਾਰ, ਹੇਰਾਤ, ਹੇਲਮੰਦ, ਜੌਜਾਨ, ਬਲਖ, ਉਰੂਗਨ, ਕਪਿਸਾ ਆਦਿ ਸੂਬਿਆਂ ’ਚ ਚੱਲਿਆ।ਲਸ਼ਕਰ ਗਾਹ ’ਚ ਤਾਲਿਬਾਨ ਅੱਤਵਾਦੀਆਂ ਵੜਨ ਤੋਂ ਪਹਿਲਾਂ ਅਮਰੀਕਾ ਨੇ ਕਈ ਹਵਾਈ ਹਮਲੇ ਕੀਤੇ। ਇੱਥੇ 40 ਅੱਤਵਾਦੀ ਹਵਾਈ ਹਮਲਿਆਂ ’ਚ ਢੇਰ ਹੋ ਗਏ। ਅਮਰੀਕਾ ਨੇ ਅਜਿਹੀਆਂ ਸਾਰੀਆਂ ਥਾਵਾਂ ’ਤੇ ਬੰਬ ਵਰ੍ਹਾਏ, ਜਿੱਥੇ ਤਾਲਿਬਾਨ ਅੱਤਵਾਦੀ ਅਫ਼ਗਾਨ ਫ਼ੌਜ ’ਤੇ ਹਾਵੀ ਹੋਣ ਦਾ ਯਤਨ ਕਰ ਰਹੇ ਸਨ। ਹਵਾਈ ਹਮਲਿਆਂ ਤੇ ਜ਼ਮੀਨ ’ਤੇ ਹੋ ਰਹੀ ਲੜਾਈ ’ਚ ਹੇਲਮੰਦ ਦੀ ਰਾਜਧਾਨੀ ਲਸ਼ਕਰ ਗਾਹ ਸਮੇਤ ਹੋਰ ਸਥਾਨਾਂ ’ਤੇ ਹੋ ਰਹੇ ਸੰਘਰਸ਼ ’ਚ 75 ਤੋਂ ਵੱਧ ਅੱਤਵਾਦੀ ਮਾਰੇ ਗਏ, 22 ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ’ਚ ਤਾਲਿਬਾਨ ਦੇ ਤਿੰਨ ਵੱਡੇ ਅੱਤਵਾਦੀ ਵੀ ਹਨ। ਕੰਧਾਰ ’ਚ ਵੀ ਜ਼ਬਰਦਸਤ ਜੰਗ ਚੱਲ ਰਹੀ ਹੈ। ਇੱਥੇ ਅੱਤਵਾਦੀਆਂ ਨੇ 15 ਫ਼ੌਜੀਆਂ ਦੀ ਹੱਤਿਆ ਕਰ ਦਿੱਤੀ, 120 ਤੋਂ ਵੱਧ ਜ਼ਖ਼ਮੀ ਹੋਏ ਹਨ। ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ ਟਵੀਟ ਕਰ ਕੇ ਨਾਗਰਿਕਾਂ ਦੀ ਹੱਤਿਆ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਕਿਹਾ ਕਿ ਹਿੰਸਾ ਕਾਰਨ ਹਜ਼ਾਰਾਂ ਨਾਗਰਿਕ ਹਿਜਰਤ ਕਰ ਰਹੇ ਹਨ। ਪਿਛਲੇ ਤਿੰਨ ਦਿਨਾਂ ’ਚ ਲਸ਼ਕਰ ਗਾਹ ’ਚ 10, ਕੰਧਾਰ ’ਚ 5 ਨਾਗਰਿਕ ਮਾਕੇ ਗਏ ਹਨ। ਹੇਰਾਤ ’ਚ ਵੀ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ ਹੈ। ਹੇਰਾਤ ਸ਼ਹਿਰ ’ਚ ਪਿਛਲੇ ਛੇ ਦਿਨਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਅਫ਼ਗਾਨਿਸਤਾਨ ’ਚ ਰਾਜਦੂਤ ਰਹੇ ਕਾਈ ਆਈਡ ਤੇ ਤਦਾਮਿਚੀ ਯਾਮਾਮੋਟੋ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਸੰਯੁਕਤ ਰਾਸ਼ਟਰ ਨੂੰ ਜੰਗ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਨੇ। ਇਹੀ ਉਹ ਸਮਾਂ ਹੈ ਜਦੋਂ ਅਫ਼ਗਾਨ ਨਾਗਰਿਕਾਂ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਤੱਤਕਾਲ ਬੈਠਕ ਬੁਲਾਉਣੀ ਚਾਹੀਦੀ ਹੈ। ਕਾਬੁਲ ਸਥਿਤ ਅਮਰੀਕਾ ਤੇ ਬਰਤਾਨੀਆ ਦੀਆਂ ਅੰਬੈਸੀਆਂ ਨੇ ਟਵੀਟ ਕਰਕੇ ਤਾਲਿਬਾਨ ’ਤੇ ਜੰਗੀ ਅਪਰਾਧ ਦੇ ਦੋਸ਼ ਲਗਾਏ ਹਨ। ਦੋਵਾਂ ਦੇਸ਼ਾਂ ਦੀਆਂ ਅੰਬੈਸੀਆਂ ਨੇ ਟਵੀਟ ਕੀਤਾ ਹੈ ਕਿ ਤਾਲਿਬਾਨ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਕਰ ਰਿਹਾ ਹੈ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀ ਨੇ ਇਸ ਦਾ ਖੰਡਨ ਕੀਤਾ ਹੈ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਆਈਐੱਸਆਈ ਮੁਖੀ ਹਾਮਿਦ ਗੁਲ ਦੇ ਪੁੱਤਰ ਅਬਦੁੱਲ੍ਹਾ ਗੁਲ ਨੇ ਦੱਖਣੀ ਵਜ਼ੀਰਿਸਤਾਨ ’ਚ ਇਕ ਰੈਲੀ ’ਚ ਕਿਹਾ ਕਿ ਅਫ਼ਗਾਨਿਸਤਾਨ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣਾ ਚਾਹੀਦਾ ਹੈ। ਇਹ ਦੇਸ਼ ਭਵਿੱਖ ’ਚ ਪਾਕਿਸਤਾਨ ਨਾਲ ਮੁਕਾਬਲੇ ਦੇ ਕਾਬਿਲ ਨਾ ਰਹੇ।
Comment here