ਪਰ ਕੁਝ ਮੀਡੀਆ ਹਲਕਿਆਂ ਨੇ ਕਿਹਾ- ਝੰਡਾ ਲਹਿਰਾਉਣ ਉਤਰਿਆ ਸੀ ਤਾਲਿਬਾਨ ਲੜਾਕਾ
ਕੰਧਾਰ – ਅਫਗਾਨਿਸਤਾਨ ਵਿੱਚੋੰ ਅਮਰੀਕੀ ਫੌਜੀਆਂ ਦੀ ਵਾਪਸੀ ਹੁੰਦਿਆਂ ਹੀ ਤਾਲਿਬਾਨ ਨੇ ਆਪਣਾ ਅਸਲ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿੱਤ ਦੇ ਡਰਾਉਣੇ ਜਸ਼ਨ ਮਨਾਏ ਜਾਣ ਲੱਗੇ ਹਨ। ਕੰਧਾਰ ਵਿਚ ਤਾਲਿਬਾਨ ਦੇ ਹੱਥ ਲੱਗੇ ਅਮਰੀਕੀ ਹੈਲੀਕਾਪਟਰ ਬਲੈਕ ਹਾਕ ਨਾਲ ਇਕ ਵਿਅਕਤੀ ਨੂੰ ਮਾਰ ਕੇ ਲਟਕਾ ਲਿਆ ਅਤੇ ਬਹੁਤ ਦੇਰ ਤੱਕ ਉਡਾਣ ਭਰਦੇ ਰਹੇ। ਕਈ ਪੱਤਰਕਾਰਾਂ ਨੇ ਤਾਲਿਬਾਨ ਦੀ ਬੇਰਹਿਮੀ ਦਾ ਇਹ ਵੀਡੀਓ ਟਵਿਟਰ ’ਤੇ ਸ਼ੇਅਰ ਕੀਤਾ ਹੈ। ਇਸ ਹੈਲੀਕਾਪਟਰ ਦੀ ਵਰਤੋਂ ਤਾਲਿਬਾਨ ਦੇ ਲੜਾਕੇ ਕੰਧਾਰ ਵਿਚ ਪੈਟਰੋਲਿੰਗ ਲਈ ਕਰ ਰਹੇ ਹਨ।ਅੱਤਵਾਦੀਆਂ ਨੇ ਹਵਾ ਵਿੱਚ ਅੰਨ੍ਹੇਵਾਹ ਫਾਇਰਿੰਗ ਕੀਤੀ ਅਤੇ ਅਸਮਾਨ ਵਿੱਚ ਕਈ ਰਾਕੇਟ ਦਾਗੇ। ਤਾਲਿਬਾਨ ਦੀ ਇਸ ਫਾਇਰਿੰਗ ਨਾਲ ਕਾਬੁਲ ਦੇ ਸਥਾਨਕ ਲੋਕ ਸਹਿਮ ਗਏ। ਤਾਲਿਬਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਕੋਈ ਹਮਲਾ ਨਹੀਂ ਹੈ, ਸਗੋਂ ਅਮਰੀਕਾ ਦੇ ਜਾਣ ਤੋਂ ਬਾਅਦ ਜਸ਼ਨ ਵਿੱਚ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਅਮਰੀਕੀ ਫੌਜੀਆਂ ਦੇ ਨਿਕਲ ਜਾਣ ਨੂੰ ਅਫਗਾਨਿਸਤਾਨ ਦੀ ਆਜ਼ਾਦੀ ਨਾਲ ਜੋੜਿਆ ਅਤੇ ਕਿਹਾ ਕਿ ਅੱਜ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ।
ਪਰ ਦੂਜੇ ਪਾਸੇ ਇਹ ਵੀ ਖਬਰ ਆ ਰਹੀ ਹੈ ਕਿ ਕੁਝ ਮੀਡੀਆ ਹਲਕਿਆਂ ਨੇ ਹੈਲੀਕਾਪਟਰ ਨਾਲ ਲਾਸ਼ ਲਟਕਾਉਣ ਦੇ ਮਾਮਲੇ ਵਿੱਚ ਫੈਕਟ ਚੈਕ ਕਰਕੇ ਜਾਣਕਾਰੀ ਨਸ਼ਰ ਕੀਤੀ ਹੈ ਕਿ ਇਹ ਕੋਈ ਲਾਸ਼ ਨਹੀਂ ਸੀ, ਬਲਕਿ ਇਕ ਤਾਲਿਬਾਨੀ ਸੀ ਜੋ ਕੰਧਾਰ ਵਿੱਚ ਇਕ ਸਰਕਾਰੀ ਇਮਾਰਤ ਤੇ ਝੰਡਾ ਲਹਿਰਾਉਣ ਲਈ ਲਟਕਿਆ ਸੀ।
Comment here