ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਤਾਈਵਾਨ ਪ੍ਰਤੀ ਚੀਨ ਦਾ ਰੁਖ ਕੁਝ ਨਰਮ ਹੋਇਆ

ਬੀਜਿੰਗ- ਅਮਰੀਕਾ ਵਲੋਂ ਤਾਈਵਾਨ ਦੇ ਹੱਕ ਵਿੱਚ ਨਿਤਰਨ ਮਗਰੋੰ ਚੀਨ ਨੇ ਤਾਈਵਾਨ ਪ੍ਰਤੀ ਆਪਣਾ ਰੁਖ਼ ਨਰਮ ਕਰਦਿਆਂ ਕਿਹਾ ਕਿ ਸਵੈਸ਼ਾਸਿਤ ਟਾਪੂ ਦਾ ਚੀਨ ਅਧੀਨ ਆਉਣਾ ਨਿਸ਼ਚਿਤ ਹੈ ਪਰ ਉਹ ਅਜਿਹਾ ਸ਼ਾਂਤੀਪੂਰਨ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰੇਗਾ।ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਾਲ ਹੀ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਜੇਕਰ ਚੀਨ ਤਾਈਵਾਨ ‘ਤੇ ਹਮਲਾ ਕਰਦਾ ਹੈ ਤਾਂ ਉਨ੍ਹਾਂ ਦਾ ਦੇਸ਼ ਸਵੈ-ਸ਼ਾਸਨ ਵਾਲੇ ਟਾਪੂ ਦੀ ਰੱਖਿਆ ਕਰੇਗਾ। ਇੱਕ ਦਿਨ ਪਹਿਲਾਂ ਅਮਰੀਕੀ ਅਤੇ ਕੈਨੇਡੀਅਨ ਡੀਐਸ ਜੰਗੀ ਬੇੜੇ ਤਾਇਵਾਨ ਜਲਡਮਰੂਮੱਧ ਤੋਂ ਲੰਘੇ ਸਨ, ਜਿਸ ਤੋਂ ਬਾਅਦ ਚੀਨ ਵੱਲੋਂ ਇਹ ਬਿਆਨ ਆਇਆ ਹੈ। ਤਾਈਵਾਨ ਦੇ ਖ਼ਿਲਾਫ਼ ਚੀਨ ਦੀ ਤਾਕਤ ਦੀ ਵਰਤੋਂ ਨੂੰ ਲੈ ਕੇ ਵਧ ਰਹੀ ਚਿੰਤਾ ਬਾਰੇ ਪੁੱਛੇ ਜਾਣ ‘ਤੇ, ਤਾਈਵਾਨ ਮਾਮਲਿਆਂ ਦੇ ਅਧਿਕਾਰਤ ਬੁਲਾਰੇ ਮਾ ਜ਼ਿਆਓਗੁਆਂਗ ਨੇ ਕਿਹਾ ਕਿ ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਅਸੀਂ ਸ਼ਾਂਤੀਪੂਰਨ ਪੁਨਰ-ਏਕੀਕਰਨ ਲਈ ਈਮਾਨਦਾਰੀ ਅਤੇ ਗੰਭੀਰਤਾ ਨਾਲ ਕੋਸ਼ਿਸ਼ ਕਰਾਂਗੇ। ਗੌਰਤਲਬ ਹੈ ਕਿ 1949 ਦੇ ਘਰੇਲੂ ਯੁੱਧ ਵਿੱਚ ਚੀਨ ਅਤੇ ਤਾਈਵਾਨ ਵੱਖ ਹੋ ਗਏ ਅਤੇ ਮੁੱਖ ਭੂਮੀ ‘ਤੇ ਕਮਿਊਨਿਸਟ ਪਾਰਟੀ ਦਾ ਕਬਜ਼ਾ ਹੋ ਗਿਆ, ਜਦੋਂ ਕਿ ਵਿਰੋਧੀ ਰਾਸ਼ਟਰਵਾਦੀਆਂ ਨੇ ਤਾਈਵਾਨ ‘ਤੇ ਆਪਣੀ ਸਰਕਾਰ ਬਣਾਈ। ਤਾਈਵਾਨ ਮੁੱਦੇ ‘ਤੇ ਪ੍ਰੈਸ ਕਾਨਫਰੰਸ ਦੌਰਾਨ ਮਾ ਨੇ ਆਪਣੇ ਜਵਾਬ ਵਿੱਚ ਤਾਕਤ ਸ਼ਬਦ ਦੀ ਵਰਤੋਂ ਨਹੀਂ ਕੀਤੀ, ਜਿਵੇਂ ਕਿ ਉਹ ਪਿਛਲੇ ਸਮੇਂ ਵਿੱਚ ਕਰਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਤਾਈਵਾਨ ਜਾਂ ਇਸ ਦੇ ਅੰਤਰਰਾਸ਼ਟਰੀ ਸਮਰਥਕਾਂ ਨੇ ਕਿਸੇ ਵੀ ਭੜਕਾਹਟ ਵਿਰੁੱਧ ਕਾਰਵਾਈ ਕੀਤੀ ਤਾਂ ਚੀਨ “ਠੋਸ ਕਦਮ” ਚੁੱਕੇਗਾ। ਮਾ ਨੇ ਕਿਹਾ ਕਿ ਚੀਨ ਤਾਈਵਾਨ ਦੀ ਮਦਦ ਲਈ ਹੋਰ ਨੀਤੀਆਂ ਲਾਗੂ ਕਰੇਗਾ, ਚੀਨ ਨਾਲ ਏਕੀਕਰਨ ਦੇ ਲਾਭਾਂ ਨੂੰ ਰੇਖਾਂਕਿਤ ਕਰੇਗਾ ਅਤੇ ਲੋਕਾਂ ਵਿਚਾਲੇ ਸੰਪਰਕ ਨੂੰ ਉਤਸ਼ਾਹਿਤ ਕਰੇਗਾ। ਉਹਨਾਂ ਨੇ ਕਿਹਾ ਕਿ ਮਾਤ ਭੂਮੀ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ (ਇਹ) ਯਕੀਨੀ ਤੌਰ ‘ਤੇ ਇਕਜੁੱਟ ਹੋਵੇਗਾ। ਇਹ ਇੱਕ ਇਤਿਹਾਸਕ ਅਭਿਆਸ ਹੈ, ਜਿਸ ਨੂੰ ਕੋਈ ਨਹੀਂ ਰੋਕ ਸਕਦਾ।

Comment here