ਖਬਰਾਂਦੁਨੀਆ

ਤਾਇਵਾਨ ਦੀ ਮਦਦ ਕੀਤੀ ਤਾਂ ਜਪਾਨ ਤੇ ਪ੍ਰਮਾਣੂ ਬੰਬ ਚਲਾਵਾਂਗੇ-ਚੀਨ

ਬੀਜਿੰਗ-ਚੀਨ ਜਪਾਨ ਤੇ ਅਮਰੀਕਾ ਨਾਲ ਤਾਇਵਾਨ ਦੀ ਦੋਸਤੀ ਤੋਂ ਇਸ ਕਦਰ ਫੜਫੜਾ ਰਿਹਾ ਹੈ ਕਿ ਪ੍ਰਮਾਣੂ ਬੰਬ ਦੀ ਧਮਕੀ ਤੱਕ ਦੇ ਦਿੱਤੀ ਹੈ। ਕਈ ਮੌਕਿਆਂ ਤੇ ਕੌਮਾਂਤਰੀ ਮੰਚਾਂ ਤੋਂ ਪ੍ਰਮਾਣੂ ਬੰਬ ਇਸਤੇਮਾਲ ਨਾ ਕਰਨ ਦੀ ਗੱਲ ਕਰਨ ਵਾਲਾ ਚੀਨ ਆਪਣਾ ਅਸਲੀ ਚਿਹਰਾ ਦਿਖਾ ਰਿਹਾ ਹੈ। ਚੀਨ ਨੇ ਜਪਾਨ ਨੂੰ ਸ਼ਰੇਆਮ ਧਮਕੀ ਦਿੱਤੀ ਹੈ ਕਿ ਜੇ ਉਸ ਨੇ ਤਾਇਵਾਨ ਦੀ ਮਦਦ ਕੀਤੀ ਤਾਂ ਉਹ ਪ੍ਰਮਾਣੂ ਬੰਬ ਨਾਲ ਜੁਆਬ ਦੇਵੇਗਾ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਸੀ ਸੀ ਪੀ ਨੇ ਇਹ ਧਮਕੀ ਇੱਕ ਵੀਡੀਓ ਜਾਰੀ ਕਰਕੇ ਦਿੱਤੀ ਹੈ। ਜਿਸ ਚ ਕਿਹਾ ਗਿਆ ਹੈ ਕਿ ਅਸੀਂ ਉਦੋਂ ਤੱਕ ਪ੍ਰਮਾਣੂ ਬੰਬ ਦਾ ਇਸਤੇਮਾਲ ਕਰਦੇ ਰਹਾਂਗੇ, ਜਦ ਤੱਕ ਜਪਾਨ ਬਿਨਾ ਸ਼ਰਤ ਆਤਮਸਮਰਪਣ ਨਾ ਕਰ ਦੇਵੇ। ਚੀਨ ਦੇ ਪਲੇਟਫਾਰਮ ਸ਼ੀਜੂਆ ਉਤੇ ਦੋ ਮਿਲੀਅਨ ਵਿਊਜ਼ ਮਿਲਣ ਤੋਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ। ਪਰ ਕਿਸੇ ਯੂਜ਼ਰ ਨੇ ਇਸ ਦੀ ਕਾਪੀ ਯੂ ਟਿਊਬ ਤੇ ਟਵਿਟਰ ਉੱਤੇ ਅਪਲੋਡ ਕਰ ਦਿੱਤੀ। ਚੀਨ ਦੀ ਇਹ ਧਮਕੀ ਓਸ ਵੇਲੇ ਆਈ ਹੈ, ਜਦ ਕੁਛ ਦਿਨ ਪਹਿਲਾਂ ਜਪਾਨ ਨੇ ਤਾਇਵਾਨ ਦੀ ਪ੍ਰਭੂਸੱਤਾ ਦੀ ਰਾਖੀ ਕਰਨ ਦੀ ਗੱਲ ਕੀਤੀ ਸੀ।

ਜਪਾਨ ਹਰ ਦਿਨ ਚੀਨ ਨਾਲ ਸੰਘਰਸ਼ ਕਰਦਾ ਹੈ-ਸ਼ਿੰਗੋ

ਇਸ ਦੌਰਾਨ ਆਸਟ੍ਰੇਲੀਆ ਵਿੱਚ ਜਾਪਾਨੀ ਰਾਜਦੂਤ ਸ਼ਿੰਗੋ ਯਾਮਾਗਾਮੀ ਨੇ ਕਿਹਾ ਕਿ ਚੀਨ ਦੇ ਨਾਲ ਜਾਪਾਨ ਦੇ ਸੰਬੰਧ ਤਣਾਅਪੂਰਨ ਹਨ, ਉਥੇ ਚੀਨ-ਆਸਟ੍ਰੇਲੀਆ ਦੇ ਸਬੰਧ ਬਿਹਤਰ ਨਹੀਂ ਰਹੇ। ਰਾਸ਼ਟਰੀ ਮਤਭੇਦਾਂ ਦੇ ਬਾਵਜੂਦ ਚੀਨ ਦੇ ਨਾਲ ਲਾਭਕਾਰੀ ਸਬੰਧ ਕਿਵੇਂ ਬਣਾਏ ਜਾ ਸਕਦੇ ਹਨ, ਇਸਨੂੰ ਲੈ ਕੇ ਆਸਟ੍ਰੇਲੀਆ ਵਿੱਚ ਹਮੇਸ਼ਾ ਜਾਪਾਨ ਦੀ ਉਦਾਹਰਣ ਦਿੱਤੀ ਜਾਂਦੀ ਹੈ। ਪਰ ਯਾਮਾਗਮੀ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਵਿੱਚ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਚੀਨ ਨਾਲ ਜਾਪਾਨ ਦੇ ਸੰਬੰਧਾਂ ਦੀ ਸਥਿਤੀ ਨੂੰ ਲੈ ਕੇ ਆਸਟ੍ਰੇਲੀਆ ਵਿੱਚ ਇਕ ਆਮ ਗਲਤ ਧਾਰਨਾ ਵੇਖੀ ਹੈ। ਯਾਮਾਗਾਮੀ ਨੇ ਆਸਟ੍ਰੇਲੀਆ ਦੇ ਨੈਸ਼ਨਲ ਪ੍ਰੈਸ ਕਲੱਬ ਨੂੰ ਦੱਸਿਆ, “ਇਸ ਦਲੀਲ ਦਾ ਸਿੱਟਾ ਇਹ ਹੈ ਕਿ ਜਾਪਾਨ ਆਪਣੇ ਗੁਆਂਢੀ ਦੇਸ਼ ਚੀਨ ਨਾਲ ਪੇਸ਼ ਆਉਣ ਲਈ ਆਸਟ੍ਰੇਲੀਆ ਨਾਲੋਂ ਵਧੀਆ ਕੰਮ ਕਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ‘ ਮੇਰਾ ਸੌਖਾ ਜਵਾਬ ਹੈ, ਅਜਿਹਾ ਨਹੀਂ ਹੈ। ਮੈਂ ਇਸ ਦਲੀਲ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਜਾਪਾਨ ਹਰੇਕ ਦਿਨ ਚੀਨ ਨਾਲ ਸੰਘਰਸ਼ ਕਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਜਾਪਾਨ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਨੂੰ ਚੀਨ ਦੇ ਕਾਰਨ ਪੈਦਾ ਹੋ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਯਾਮਾਗਮੀ ਨੇ ਕਿਹਾ, “ਚਿੰਤਾ ਨਾ ਕਰੋ, ਤੁਸੀਂ ਵਧੀਆ ਕੰਮ ਕਰ ਰਹੇ ਹੋ। ਅਸੀਂ ਇਕੋ ਕਿਸ਼ਤੀ ‘ਤੇ ਸਵਾਰ ਹਾਂ ਅਤੇ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।” 

Comment here