ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਤਾਇਵਾਨ ਤੋਂ ਬਾਅਦ ਹੁਣ ਭਾਰਤ ਹੋਵੇਗਾ ਚੀਨ ਦਾ ਨਿਸ਼ਾਨਾ

ਚੀਨ ’ਵਿਚ ਆਖ਼ਰ ਉਹੋ ਹੀ ਹੋਇਆ, ਜਿਸ ਦੇ ਅਨੁਮਾਨ ਲਾਏ ਜਾ ਰਹੇ ਸਨ। ਪਿਛਲੇ ਵੀਰਵਾਰ ਨੂੰ ਚੀਨੀ ਕਮਿਊਨਿਸਟ ਪਾਰਟੀ ਯਾਨੀ ਸੀਸੀਪੀ ਦੇ 20ਵੇਂ ਕਾਂਗਰਸ ਇਜਲਾਸ ’ਚ ਸਥਾਪਿਤ ਰਵਾਇਤ ਨੂੰ ਤੋੜਦਿਆਂ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲਗਾਤਾਰ ਤੀਜੀ ਵਾਰ ਪੰਜ ਸਾਲ ਲਈ ਚੀਨੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਐਲਾਨਿਆ ਗਿਆ। ਇਹ ਚੀਨੀ ਸ਼ਾਸਨ ਪ੍ਰਬੰਧ ’ਵਿਚ ਸਭ ਤੋਂ ਵੱਡੇ ਸ਼ਾਸਕ ਦਾ ਅਹੁਦਾ ਹੈ। ਉਸੇ ਦਿਨ ਉਨ੍ਹਾਂ ਨੂੰ ਸੈਂਟਰਲ ਮਿਲਟਰੀ ਕਮਿਸ਼ਨ ਦਾ ਪ੍ਰਧਾਨ ਵੀ ਐਲਾਨ ਦਿੱਤਾ ਗਿਆ। ਚੀਨ ’ਚ ਇਹ ਮੁੱਖ ਸੈਨਾਪਤੀ ਦਾ ਅਹੁਦਾ ਹੈ, ਜਿਸ ਦੇ ਹੁਕਮ ਅਤੇ ਇਸ਼ਾਰਿਆਂ ’ਤੇ ਚੀਨ ਦਾ ਪੂਰਾ ਫ਼ੌਜੀ ਤੇ ਸੁਰੱਖਿਆ ਤੰਤਰ ਚੱਲਦਾ ਹੈ। ਇਨ੍ਹਾਂ ਦੋ ਅਹੁਦਿਆਂ ਤੋਂ ਇਲਾਵਾ ਉਹ ਪਹਿਲਾਂ ਤੋਂ ਹੀ ਰਾਸ਼ਟਰਪਤੀ ਦੇ ਅਹੁਦੇ ’ਤੇ ਕਾਇਮ ਹਨ। ਉਨ੍ਹਾਂ ਦਾ ਕਾਰਜਕਾਲ ਹਾਲੇ ਇਕ ਸਾਲ ਹੋਰ ਬਾਕੀ ਹੈ। ਇਸ ਦੇ ਨਾਲ ਹੀ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਦਾ ਆਪਣੀ ਪਾਰਟੀ ਦੀ ‘ਸਾਂਝੀ ਲੀਡਰਸ਼ਿਪ’ ਵਾਲੀ ਰਵਾਇਤ ਨੂੰ ਫਿਰ ਤੋਂ ਸਥਾਪਿਤ ਕਰਨ ਦਾ ਕੋਈ ਇਰਾਦਾ ਨਹੀਂ। ਉਹ ਆਪਣੀ ਤਾਨਾਸ਼ਾਹੀ ਨੂੰ ਹੋਰ ਧਾਰ ਦਿੰਦਿਆਂ ਚੀਨ ਨੂੰ ਲਗਾਤਾਰ ਹਮਲਾਵਰ ਰਸਤੇ ’ਤੇ ਲੈ ਜਾਣਗੇ। ਇਜਲਾਸ ਦੇ ਪਹਿਲੇ ਦਿਨ ਹੀ ਕਰੀਬ ਦੋ ਘੰਟੇ ਦੇ ਭਾਸ਼ਣ ’ਚ ਹਮਲਾਵਰ ਭਾਸ਼ਾ ਤੇ ਇਰਾਦਿਆਂ ਨਾਲ ਉਨ੍ਹਾਂ ਨੇ ਇਸ ਦੇ ਸਪੱਸ਼ਟ ਸੰਕੇਤ ਦੇ ਦਿੱਤੇ ਸਨ। ਇਸ ਤੋਂ ਬਾਅਦ ਵੀ ਕਿਸੇ ਨੂੰ ਕੋਈ ਗ਼ਲਤਫਹਿਮੀ ਰਹਿ ਗਈ ਸੀ ਤਾਂ ਉਸ ਨੂੰ ਵੀ ਉਨ੍ਹਾਂ ਨੇ ਇਜਲਾਸ ਦੀ ਸਮਾਪਤੀ ਤੋਂ ਬਾਅਦ ਅਗਲੇ ਦਿਨ 23 ਅਕਤੂਬਰ ਨੂੰ ਸਰਕਾਰ ਦੀ ਸਰਵਸ਼ਕਤੀਮਾਨ ਟੀਮ ਯਾਨੀ ਪਾਰਟੀ ਦੀ ਪੋਲਿਤ ਬਿਊਰੋ ਸਥਾਈ ਕਮੇਟੀ ਦੇ ਨਵੇਂ ਮੈਂਬਰਾਂ ਦੇ ਨਾਵਾਂ ਦੇ ਐਲਾਨ ’ਚ ਸਪੱਸ਼ਟ ਕਰ ਦਿੱਤਾ।
ਪਾਰਟੀ ਮੁਖੀ ਤੇ ਫ਼ੌਜ ਮੁਖੀ ਸਬੰਧੀ ਅਹੁਦਿਆਂ ਦੇ ਐਲਾਨ ਤੋਂ ਬਾਅਦ ਬੀਤੇ ਐਤਵਾਰ ਦੁਪਹਿਰ ਨੂੰ ਸ਼ੀ ਜਿਨਪਿੰਗ ਬੀਜਿੰਗ ’ਵਿਚ ਗ੍ਰੇਟ ਹਾਲ ਦੇ ਮੰਚ ’ਤੇ ਆਏ ਤਾਂ ਉੱਥੇ ਮੌਜੂਦ ਪਾਰਟੀ ਪ੍ਰਤੀਨਿਧੀਆਂ ਤੇ ਆਲਮੀ ਮੀਡੀਆ ਨੇ ਦੇਖਿਆ ਕਿ ਪੂਰੀ ਦੀ ਪੂਰੀ ਮੰਡਲੀ ਉਨ੍ਹਾਂ ਦੇ ਚਹੇਤਿਆਂ ਨਾਲ ਭਰੀ ਹੋਈ ਹੈ। ਉਨ੍ਹਾਂ ਨਾਲ ਅਸਹਿਮਤੀ ਰੱਖਣ ਵਾਲਾ ਇਕ ਵੀ ਨੇਤਾ ਇਸ ’ਚ ਨਹੀਂ ਸੀ। ਇੱਥੋਂ ਤਕ ਕਿ ਇਕ ਦਿਨ ਪਹਿਲਾਂ ਤਕ ਉਨ੍ਹਾਂ ਦੀ ਸਰਕਾਰ ’ਚ ਪ੍ਰਧਾਨ ਮੰਤਰੀ ਰਹੇ ਲੀ ਕੇਚਿਆਂਗ ਵੀ ਇਸ ਮੰਡਲੀ ’ਚੋਂ ਗ਼ਾਇਬ ਸਨ। ਇਜਲਾਸ ਦੇ ਆਖ਼ਰੀ ਦਿਨ ਆਲਮੀ ਮੀਡੀਆ ਤੇ ਸੰਸਦ ਮੈੈਂਬਰਾਂ ਦੀ ਮੌਜੂਦਗੀ ’ਚ ਉਨ੍ਹਾਂ ਦੀ ਬਗਲ ’ਚ ਬੈਠੇ ਸਾਬਕਾ ਰਾਸ਼ਟਰਪਤੀ ਹੂ ਜਿਨਤਾਓ ਨੂੰ ਜਿਸ ਅਪਮਾਨਜਨਕ ਤਰੀਕੇ ਨਾਲ ਬਾਹਰ ਕੀਤਾ ਗਿਆ, ਉਸ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਹੁਣ ਚੀਨ ਦੀ ਰਾਜਸੱਤਾ ’ਚ ਉਨ੍ਹਾਂ ਨੂੰ ਨਾਪਸੰਦ ਕਿਸੇ ਵੀ ਨੇਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੀਨ ’ਤੇ ਨਜ਼ਰ ਰੱਖਣ ਵਾਲੇ ਮਾਹਰਾਂ ਨੇ ਇਹ ਨੋਟ ਕੀਤਾ ਕਿ ਹੂ ਜਿਨਤਾਓ ਨੂੰ ਅਪਮਾਨਜਨਕ ਤਰੀਕੇ ਨਾਲ ਬਾਹਰ ਕੱਢੇ ਜਾਣ ਤੋਂ ਠੀਕ ਪਹਿਲਾਂ ਵਿਦੇਸ਼ੀ ਮੀਡੀਆ ਨੂੰ ਮੀਟਿੰਗ ਹਾਲ ’ਚ ਬੁਲਾ ਲਿਆ ਗਿਆ ਸੀ ਤਾਂ ਕਿ ਹੂ ਜਿਨਤਾਓ ਦੇ ਅਪਮਾਨ ਨੂੰ ਕੈਮਰਿਆਂ ’ਚ ਰਿਕਾਰਡ ਕਰ ਕੇ ਦੁਨੀਆ ਨੂੰ ਸੰਦੇਸ਼ ਦਿੱਤਾ ਜਾਵੇ ਕਿ ਚੀਨ ’ਤੇ ਸ਼ੀ ਜਿਨਪਿੰਗ ਦਾ ਇਕਛਤਰ ਰਾਜ ਕਾਇਮ ਹੋ ਚੁੱਕਿਆ ਹੈ। ਇਜਲਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਕਿ ਸਥਾਈ ਕਮੇਟੀ ਦੇ ਨਾਵਾਂ ਦੇ ਐਲਾਨ ਨਾਲ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਸ਼ੀ ਜਿਨਪਿੰਗ ਦਾ ਤੀਜਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਅਗਲਾ ਨੇਤਾ ਕੌਣ ਹੋਵੇਗਾ? ਇਹ ਕਦਮ ਇਸ ਲਈ ਚੁੱਕਿਆ ਗਿਆ ਤਾਂ ਕਿ ਸਮਾਂ ਆਉਣ ’ਤੇ ਉਨ੍ਹਾਂ ਨੂੰ ਜੀਵਨ ਭਰ ਚੀਨ ਦਾ ਸਰਵਉੱਚ ਨੇਤਾ ਐਲਾਨਿਆ ਜਾ ਸਕੇ।
ਚੀਨੀ ਸੱਤਾ ’ਤੇ ਸ਼ੀ ਜਿਨਪਿੰਗ ਦੇ ਇਸ ਨਿਰੰਕੁਸ਼ ਕਬਜ਼ੇ ਨੇ ਉਨ੍ਹਾਂ ਦੇਸ਼ਾਂ, ਸੰਗਠਨਾਂ ਤੇ ਸਮਾਜਾਂ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ ਜੋ ਪਹਿਲਾਂ ਤੋਂ ਹੀ ਚੀਨ ਤੋਂ ਦੁਖੀ ਹਨ ਤੇ ਜਿਨਪਿੰਗ ਦੀ ਤਾਨਾਸ਼ਾਹੀ ਤੇ ਹਮਲਾਵਰ ਮਾਨਸਿਕਤਾ ਕਾਰਨ ਦਹਿਸ਼ਤਜ਼ਦਾ ਹਨ। ਇਨ੍ਹਾਂ ’ਚ ਇਕ ਪਾਸੇ ਚੀਨ ਦੇ ਉਪਨਿਵੇਸ਼ਵਾਦੀ ਕਬਜ਼ੇ ਤੋਂ ਤੰਗ ਤਿੱਬਤ, ਪੂਰਬੀ ਤੁਰਕਿਸਤਾਨ (ਸ਼ਿਨਜਿਆਂਗ), ਦੱਖਣੀ ਮੰਗੋਲੀਆ ਤੇ ਹਾਂਗਕਾਂਗ ਪ੍ਰਮੁੱਖ ਹਨ, ਜੋ ਚੀਨ ਦੇ ਗ਼ੈਰ ਮਨੁੱਖੀ ਅੱਤਿਆਚਾਰਾਂ ਕਾਰਨ ਅਰਸੇ ਤੋਂ ‘ਸੱਭਿਆਚਾਰਕ ਕਤਲੇਆਮ’ ਦਾ ਸੰਤਾਪ ਹੰਢਾ ਰਹੇ ਹਨ। ਦੂਜਾ ਵਰਗ ਭਾਰਤ, ਤਾਇਵਾਨ, ਜਾਪਾਨ, ਦੱਖਣੀ ਕੋਰੀਆ, ਫਿਲਪੀਨਜ਼, ਵੀਅਤਨਾਮ, ਬਰੂਨੇਈ ਤੇ ਆਸਟ੍ਰੇਲੀਆ ਜਿਹੇ ਦੇਸ਼ਾਂ ਦਾ ਹੈ, ਜੋ ਚੀਨ ਵੱਲੋਂ ਉਨ੍ਹਾਂ ਦੀ ਜ਼ਮੀਨ ਹੜੱਪਣ ਦੀਆਂ ਧਮਕੀਆਂ ਤੋਂ ਪਰੇਸ਼ਾਨ ਹਨ।
ਆਪਣੇ ਸ਼ੁਰੂਆਤੀ ਭਾਸ਼ਣ ’ਚ ਹੀ ਸ਼ੀ ਜਿਨਪਿੰਗ ਨੇ ਪ੍ਰਗਟ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਏਜੰਡਾ ਚੀਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਅਤੇ ਫ਼ੌਜੀ ਸ਼ਕਤੀ ਬਣਾਉਣਾ ਹੈ, ਜੋ ਆਲਮੀ ਢਾਂਚੇ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨ ’ਚ ਬੜੀ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਨੇ ਤਾਇਵਾਨ ਦੀ ਆਜ਼ਾਦ ਹੋਂਦ ਨੂੰ ਖ਼ਤਮ ਕਰਨ ਅਤੇ ਉਸ ਨੂੰ ਚੀਨ ’ਚ ਮਿਲਾਉਣ ਦੇ ਆਪਣੇ ਇਰਾਦੇ ਨੂੰ ਨਾ ਕੇਵਲ ਮਜ਼ਬੂਤੀ ਨਾਲ ਦੁਹਰਾਇਆ ਸਗੋਂ ਜ਼ਰੂਰਤ ਪੈਣ ’ਤੇ ਇਸ ਲਈ ਫ਼ੌਜੀ ਕਦਮ ਚੁੱਕਣ ਦੇ ਸੰਕੇਤ ਵੀ ਦਿੱਤੇ। ਜਿਨਪਿੰਗ ਨੇ ਚੀਨੀ ਫ਼ੌਜ ਦੇ ਵਿਕਾਸ ਨੂੰ ਚੀਨ ਦੇ ‘ਕੇਂਦਰੀ ਹਿੱਤਾਂ’ ਅਤੇ ਕੌਮੀ ਸੁਰੱਖਿਆ ਦੀ ਚਰਚਾ ਕਰ ਕੇ ਸਿੱਧੇ ਰੂਪ ’ਚ ਭਾਰਤ ਨੂੰ ਚੇਤਾਵਨੀ ਦਿੱੱਤੀ ਕਿ ਉਸ ਨਾਲ ਸਰਹੱਦੀ ਵਿਵਾਦ ਦੇ ਮਾਮਲੇ ’ਚ ਉਨ੍ਹਾਂ ਦਾ ਰੁਖ਼ ਹਮਲਾਵਰ ਰਹਿਣ ਵਾਲਾ ਹੈ। ਭਾਰਤੀ ਰੱਖਿਆ ਸਮੀਖਿਅਕ ਇਸ ਗੱਲ ਤੋਂ ਚਿੰੰਤਤ ਹਨ ਕਿ ਚੀਨੀ ਕਾਂਗਰਸ ਦੀ ਸ਼ੁਰੂਆਤ ’ਵਿਚ ਗਲਵਨ ਘਾਟੀ ਦੀ ਝੜਪ ਦੀ ਫਿਲਮ ਦਿਖਾ ਕੇ, ਇਸ ’ਚ ਜ਼ਖ਼ਮੀ ਇਕ ਚੀਨੀ ਫ਼ੌਜੀ ਕਮਾਂਡਰ ਨੂੰ ਪ੍ਰਮੁੱਖਤਾ ਦੇ ਕੇ ਅਤੇ ਚੀਨ ਸਰਕਾਰ ਦੇ ਸੈਂਟਰਲ ਮਿਲਟਰੀ ਕਮਿਸ਼ਨ ’ਚ ਭਾਰਤੀ ਸਰਹੱਦ ਨਾਲ ਸਬੰਧਿਤ ਤਿੰਨ ਜਨਰਲਾਂ ਨੂੰ ਤਰੱਕੀ ਦੇ ਕੇ ਜਿਨਪਿੰਗ ਨੇ ਸੰਦੇਸ਼ ਦਿੱਤਾ ਹੈ ਕਿ ਭਾਰਤ ਨਾਲ ਫ਼ੌਜੀ ਤਣਾਅ ਉਨ੍ਹਾਂ ਦੀ ਤਰਜੀਹ ’ਚ ਹੈ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੇ ਹਮਲਾਵਰ ਇਰਾਦਿਆਂ ਦੇ ਦੋ ਸਭ ਤੋਂ ਪ੍ਰਮੁੱਖ ਨਿਸ਼ਾਨੇ ਤਾਇਵਾਨ ਅਤੇ ਭਾਰਤ ਹਨ। ਤਾਇਵਾਨ ’ਤੇ ਜਬਰੀ ਕਬਜ਼ਾ ਜਮਾਉਣ ’ਤੇ ਚੀਨ ਨੂੰ ਸਮੁੱਚੇ ਦੱਖਣੀ ਚੀਨ ਸਾਗਰ ’ਚ ਨਿਰੰਕੁਸ਼ ਦਾਦਾਗਿਰੀ ਦਾ ਮੌਕਾ ਮਿਲ ਜਾਵੇਗਾ ਜਦਕਿ ਭਾਰਤ ਪ੍ਰਤੀ ਹਮਲਾਵਰ ਰੁਖ਼ ਅਪਣਾ ਕੇ ਉਹ ਪੂਰੇ ਏਸ਼ੀਆ ਦਾ ਬੇਤਾਜ ਬਾਦਸ਼ਾਹ ਬਣਨ ਦਾ ਸੁਪਨਾ ਦੇਖ ਰਿਹਾ ਹੈ।
ਪਿਛਲੇ ਦਸ ਸਾਲ ਦੇ ਸ਼ਾਸਨ ’ਵਿਚ ਸ਼ੀ ਜਿਨਪਿੰਗ ਦੇ ਹਮਲਾਵਰ ਵਿਵਹਾਰ ਨੂੰ ਦੇਖਦਿਆਂ ਭਾਰਤ ਲਈ ਇਹੋ ਰਸਤਾ ਬਚਿਆ ਹੈ ਕਿ ਉਹ ਆਪਣੀ ਫ਼ੌਜੀ ਤੇ ਆਰਥਿਕ ਸ਼ਕਤੀ ਬਚਾਵੇ। ਇਸ ਰਾਹ ’ਚ ਉਹ ਆਲਮੀ ਪੱਧਰ ’ਤੇ ਉਨ੍ਹਾਂ ਦੇਸ਼ਾਂ ਨਾਲ ਗਠਜੋੜ ਨੂੰ ਤਰਜੀਹ ਦੇਵੇ, ਜੋ ਭਾਰਤ ਦੀ ਤਰ੍ਹਾਂ ਚੀਨ ਦੇ ਹਮਲਾਵਰ ਰੁਖ਼ ਤੋਂ ਪਰੇਸ਼ਾਨ ਹਨ। ਇਸ ਲਈ ਭਾਰਤ ਨੂੰ ਨਾ ਕੇਵਲ ਕਵਾਡ ਜਿਹੀਆਂ ਜਥੇਬੰਦੀਆਂ ’ਚ ਸਰਗਰਮੀ ਵਧਾਉਣੀ ਪਵੇਗੀ ਸਗੋਂ ਤਿੱਬਤ, ਸ਼ਿਨਜਿਆਂਗ ਤੇ ਹਾਂਗਕਾਂਗ ਦੇ ਮਾਮਲਿਆਂ ’ਚ ਆਪਣੀ ਰਵਾਇਤੀ ਦੱਬੂ ਨੀਤੀ ਤਿਆਗ ਕੇ ਉਹੋ ਜਿਹੀ ਹੀ ਹਮਲਾਵਰ ਨੀਤੀ ਅਪਣਾਉਣੀ ਹੋਵੇਗੀ, ਜਿਹੋ ਜਿਹੀ ਚੀਨ ਨੇ ਕਸ਼ਮੀਰ, ਅਰੁਣਾਚਲ ਦੇ ਮਾਮਲਿਆਂ ’ਚ ਅਪਣਾਈ ਹੋਈ ਹੈ। ਹੁਣ ਵਕਤ ਆ ਗਿਆ ਹੈ ਜਦੋਂ ‘ਵਨ-ਚਾਈਨਾ’ ਨੀਤੀ ਦੇ ਛਲਾਵੇ ’ਚੋਂ ਬਾਹਰ ਆ ਕੇ ਭਾਰਤ ਸਰਕਾਰ ਨੂੰ ਅੱਗੇ ਵਧ ਕੇ ਤਾਇਵਾਨ ਨਾਲ ਉਸੇ ਤਰ੍ਹਾਂ ਦੇ ਕੂਟਨੀਤਕ, ਆਰਥਿਕ ਅਤੇ ਫ਼ੌਜੀ ਸਬੰਧ ਬਣਾਉਣ ਦੀ ਜ਼ਰੂਰਤ ਹੈ, ਜਿਵੇਂ ਉਸ ਨੇ ਇਜ਼ਰਾਇਲ ਨਾਲ ਬਣਾਏ ਹਨ। ਭਾਰਤ ਸਰਕਾਰ ਨੂੰ ਸਮਝਣਾ ਹੋਵੇਗਾ ਕਿ ਚੀਨ ਦੇ ਹਮਲਾਵਰ ਰੁਖ਼ ਕਾਰਨ ਭਾਰਤ ਦਾ ਭਵਿੱਖ ਤਾਇਵਾਨ ਦੀ ਸੁਰੱਖਿਆ ਨਾਲ ਬਹੁਤ ਡੂੰਘਾਈ ਨਾਲ ਜੁੜ ਗਿਆ ਹੈ। ਤਾਇਵਾਨ ’ਤੇ ਕਬਜ਼ੇ ਤੋਂ ਬਾਅਦ ਚੀਨ ਦਾ ਅਗਲਾ ਨਿਸ਼ਾਨਾ ਭਾਰਤ ਹੋਵੇਗਾ ਅਤੇ ਤਾਇਵਾਨ ’ਤੇ ਕਬਜ਼ਾ ਕਰ ਚੁੱਕੇ ਚੀਨ ਦੇ ਪਖੰਡ ਅਤੇ ਹਮਲਾਵਰ ਰੁਖ਼ ਨੂੰ ਝੱਲਣਾ ਭਾਰਤ ਲਈ ਆਸਾਨ ਨਹੀਂ ਹੋਵੇਗਾ।
ਵਿਜੈ ਕ੍ਰਾਂਤੀ

Comment here