ਟੋਕੀਓ-ਟੋਕੀਓ ਫਾਰੇਨ ਕੌਰਸਪੌਂਡੈਂਟਸ ਕਲੱਬ ਵੱਲੋਂ ਕਰਵਾਈ ਗਈ ਇੱਕ ਆਨਲਾਈਨ ਪ੍ਰੈੱਸ ਕਾਨਫਰੰਸ ਮੌਕੇ ਗੱਲ ਕਰਦਿਆਂ ਦਲਾਈਲਾਮਾ ਨੇ ਕਿਹਾ ਕਿ ਉਨ੍ਹਾਂ ਦੀ ਚੀਨੀ ਆਗੂ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਸ਼ੀ ਵੱਲੋਂ ਲਗਾਤਾਰ ਤੀਜੀ ਵਾਰ ਪੰਜ ਸਾਲਾ ਮਿਆਦ ਲਈ ਅਹੁਦੇ ’ਤੇ ਰਹਿਣ ਦੀ ਯੋਜਨਾ ’ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਦਲਾਈਲਾਮਾ ਨੇ ਕਿਹਾ ਕਿ ਉਹ ਸਥਾਨਕ ਤੇ ਰਾਜਸੀ ਮੁਸ਼ਕਲਾਂ ’ਚ ਉਲਝਣਾ ਨਹੀਂ ਚਾਹੁੰਦੇ ਪਰ ਉਹ ਤਾਇਵਾਨ ਤੇ ਚੀਨ ਵਿੱਚ ‘ਭਰਾਵਾਂ ਤੇ ਭੈਣਾਂ’ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣ ਪ੍ਰਤੀ ਸਮਰਪਿਤ ਹਨ। ਇਹ ਸਥਿਤੀ ਬਹੁਤ ਉਲਝਣ ਭਰੀ ਹੈ।
ਤਿੱਬਤ ’ਚੋਂ ਕੱਢੇ ਗਏ ਅਧਿਆਤਮਕ ਆਗੂ ਦਲਾਈਲਾਮਾ ਨੇ ਕਿਹਾ ਕਿ ਚੀਨ ਦੇ ਆਗੂ ਵੱਖੋ-ਵੱਖਰੇ ਸੱਭਿਆਚਾਰਾਂ ਦੀ ਵਿਭਿੰਨਤਾ ਦਾ ਅਰਥ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਸਮਾਜਿਕ ਕੰਟਰੋਲ ਰੱਖਣ ਦੀ ਤੀਬਰ ਇੱਛਾ ਨੁਕਸਾਨ ਪਹੁੰਚਾ ਸਕਦੀ ਹੈ। ਦਲਾਈਲਾਮਾ ਨੇ ਕਿਹਾ ਕਿ ਉਨ੍ਹਾਂ ਰੱਬ ਦੀ ਹੋਂਦ ਨਾ ਮੰਨਣ ਵਾਲੀ ਕਮਿਊਨਿਸਟ ਪਾਰਟੀ ਤੇ ਬੋਧੀ ਤਾਇਵਾਨ ਦੀ ਅਗਵਾਈ ਵਾਲੇ ਚੀਨ ਵਿੱਚ ਰਹਿ ਕੇ ਰਾਜਨੀਤੀ ’ਚ ਉਲਝਣ ਦੀ ਬਜਾਇ ਸੰਨ 1959 ਵਿੱਚ ਤਿੱਬਤ ’ਚ ਚੀਨੀ ਸ਼ਾਸਨ ਖ਼ਿਲਾਫ਼ ਅਸਫ਼ਲ ਰਹੀ ਬਗ਼ਾਵਤ ਮਗਰੋਂ ਭਾਰਤ ਵਿੱਚ ਰਹਿਣਾ ਹੀ ਸਹੀ ਸਮਝਿਆ।
ਦਲਾਈਲਾਮਾ ਨਾਲ ਤਿੱਬਤ ਬਾਰੇ ਕੋਈ ਗੱਲਬਾਤ ਨਹੀਂ : ਚੀਨ
ਚੀਨ ਨੇ ਕਿਹਾ ਕਿ ਉਹ ਤਿੱਬਤੀਅਨ ਅਧਿਆਤਮਕ ਆਗੂ ਦਲਾਈਲਾਮਾ ਨਾਲ ਉਨ੍ਹਾਂ ਦੇ ਭਵਿੱਖ ਬਾਰੇ ਗੱਲਬਾਤ ਕਰਨ ਲਈ ਤਿਆਰ ਹਨ, ਤਿੱਬਤ ਨਾਲ ਸਬੰਧਤ ਕਿਸੇ ਵੀ ਮੁੱਦੇ ’ਤੇ ਨਹੀਂ।
Comment here