ਚੰਡੀਗੜ-ਪੰਜਾਬ ਕਾਂਗਰਸ ਚ ਪੈਦਾ ਹੋਇਆ ਕਲੇਸ਼ ਹੱਲ ਹੋਣ ਦੇ ਅਸਾਰ ਬਣ ਰਹੇ ਹਨ। ਪਾਰਟੀ ਪ੍ਰਧਾਨ ਦੇ ਅਹੁਦੇ ਦਾ ਮਾਮਲਾ ਹੱਲ ਹੋਣ ਦੇ ਨਾਲ ਨਾਲ ਕੈਬਨਿਟ ਵਿਚ ਭਾਰੀ ਫੇਰਬਦਲ ਦੇ ਆਸਾਰ ਹਨ।ਪਰ ਹਾਲੇ ਵੀ ਕੁਝ ਨੇਤਾ ਲੋਕ ਸ਼ਸ਼ੋਪੰਜ ਵਿੱਚ ਹਨ, ਤੇ ਬਚ ਬਚਾਅ ਕੇ ਚੱਲਣ ਦੀ ਨੀਤੀ ਉੱਤੇ ਅਮਲ ਕਰ ਰਹੇ ਹਨ। ਇਹ ਵੀ ਚਰਚਾ ਹੋ ਰਹੀ ਹੈ ਕਿ ਪਾਰਟੀ ਦੀ ਕੌਮੀ ਪ੍ਰਧਾਨ ਨੇ ਸੋਮਵਾਰ ਨੂੰ ਮੀਟਿੰਗ ਸੱਦੀ ਹੈ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਨੂੰ ਨਵਾਂ ਰੂਪ ਦੇਣ ਦਾ ਬਲੂ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ ਅਤੇ ਉਹ 20 ਜੁਲਾਈ ਨੂੰ ਕੈਬਨਿਟ ਵਿਚ ਫੇਰਬਦਲ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੈਬਨਿਟ ’ਚ ਫੇਰਬਦਲ ਕਰਨ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੇ ਅਧਿਕਾਰ ਦੇ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਇਕ ਪਾਸੇ ਜਿੱਥੇ ਪਹਿਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਗੱਲ ਰਹੀ ਉੱਥੇ ਹੀ ਦੂਜੇ ਪਾਸੇ ਹਰੀਸ਼ ਰਾਵਤ ਨਾਲ ਹੋਈ ਮੁਲਾਕਾਤ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੋਨੀਆ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਕੈਬਨਿਟ ’ਚ ਫੇਰਬਦਲ ਕਰਨ ਲਈ ਆਜ਼ਾਦ ਹਨ। ਕੈਪਟਨ ਆਪਣੇ ਕੈਬਨਿਟ ਨੂੰ ਨਵਾਂ ਰੂਪ ਦਿੰਦੇ ਹੋਏ ਵਿਖਾਈ ਦੇਣਗੇ। ਇਸ ਸਬੰਧ ’ਚ ਉਹ ਮੈਰਿਟ ਨੂੰ ਆਧਾਰ ਬਣਾਉਂਦੇ ਹੋਏ ਫੇਰਬਦਲ ਕਰਨਗੇ। ਜਿਨ੍ਹਾਂ ਮੰਤਰੀਆਂ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ, ਉਨ੍ਹਾਂ ਦੇ ਸਥਾਨ ’ਤੇ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਲਈ ਹੁਣ ਅਗਲਾ ਹਫ਼ਤਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਵੀ ਹੁਣ ਮਿਹਨਤ ਕਰਨ ਵਾਲੇ ਨੇਤਾਵਾਂ ਨੂੰ ਕੈਬਨਿਟ ’ਚ ਸਥਾਨ ਦੇਣਗੇ ਤਾਂ ਕਿ ਅਗਲੇ ਕੁਝ ਮਹੀਨਿਆਂ ’ਚ ਸਰਕਾਰ ਹੋਰ ਪ੍ਰਭਾਵੀ ਢੰਗ ਨਾਲ ਕੰਮ ਕਰ ਸਕੇ। ਇਸ ਦੌਰਾਨ ਦੋਵੇਂ ਪਾਸੀਂ ਬਣਾ ਕੇ ਰੱਖਣ ਵਾਲੀ ਨੀਤੀ ਤੇ ਅਮਲ ਕਰਨ ਵਾਲੇ ਵੀ ਚਰਚਾ ਚ ਹਨ। ਪੰਜਾਬ ਵਿਚ ਕਾਂਗਰਸ ਅੰਦਰ ਚੱਲ ਰਹੀ ਜੰਗ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਜਨਤਕ ਤੌਰ ’ਤੇ ਵਿਖਾਈ ਦੇ ਰਹੇ ਮੰਤਰੀਆਂ ਵਿਚੋਂ 1-2 ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਪੂਰੇ ਸੰਬੰਧ ਬਣਾ ਕੇ ਰੱਖੇ ਹੋਏ ਹਨ। ਭਾਵੇਂ ਜਨਤਕ ਤੌਰ ’ਤੇ ਇਹ ਮੰਤਰੀ ਸਿੱਧੂ ਨਾਲ ਨਜ਼ਰ ਆ ਰਹੇ ਹਨ ਪਰ ਸਥਿਤੀਆਂ ਕਦੋਂ ਬਦਲ ਜਾਣ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਲਈ 1-2 ਮੰਤਰੀ ਸੰਤੁਲਨ ਬਣਾ ਕੇ ਚੱਲ ਰਹੇ ਹਨ। ਇਹ ਮੰਤਰੀ ‘ਦੇਖੋ ਤੇ ਉਡੀਕ ਕਰੋ’ ਦੀ ਨੀਤੀ ’ਤੇ ਚੱਲ ਰਹੇ ਹਨ। ਕਾਂਗਰਸੀ ਸੂਤਰਾਂ ਅਨੁਸਾਰ ਦੋਵਾਂ ਵੱਡੇ ਨੇਤਾਵਾਂ ਦੀ ਲੜਾਈ ਵੇਖਦਿਆਂ ਵਿਚਕਾਰਲੇ ਪੱਧਰ ਦੇ ਨੇਤਾ ਖ਼ੁਦ ਨੂੰ ਸਿੱਧੂ ਨਾਲ ਸਿੱਧੇ ਤੌਰ ’ਤੇ ਜੋੜਨ ਤੋਂ ਗੁਰੇਜ਼ ਕਰ ਰਹੇ ਹਨ। ਇਹ ਸਭ ਨੇਤਾ ਕੈਪਟਨ ਵੱਲ ਵੇਖ ਰਹੇ ਹਨ। ਉਹ ਜਨਤਕ ਤੌਰ ’ਤੇ ਕੀ ਸਟੈਂਡ ਲੈਣਗੇ, ਇਸ ਤੋਂ ਬਾਅਦ ਹੀ ਹੋਰ ਨੇਤਾ ਆਪਣਾ ਰੁਖ਼ ਸਪਸ਼ਟ ਕਰਨਗੇ। ਕਾਂਗਰਸੀ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਸਟੈਂਡ ਹਮੇਸ਼ਾ ਸਪਸ਼ਟ ਹੁੰਦਾ ਹੈ। ਉਹ ਇਕ ਵਾਰ ਜੋ ਸਟੈਂਡ ਲੈਂਦੇ ਹਨ, ਉਸ ਤੋਂ ਪਿੱਛੇ ਨਹੀਂ ਹਟਦੇ। ਇਸੇ ਲਈ ਹੁਣ ਤਕ ਜ਼ਿਆਦਾਤਰ ਕਾਂਗਰਸੀ ਵਿਧਾਇਕ ਤੇ ਮੰਤਰੀ ਕੈਪਟਨ ਦੇ ਨਾਲ ਨਜ਼ਰ ਆ ਰਹੇ ਹਨ। ਪੰਜਾਬ ਵਿਚ ਕਾਂਗਰਸ ਨੂੰ ਲੈ ਕੇ ਚੱਲ ਰਹੇ ਸੰਕਟ ਦੌਰਾਨ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ 19 ਜੁਲਾਈ ਨੂੰ ਕਾਂਗਰਸ ਦੇ ਪੰਜਾਬ ਨਾਲ ਸਬੰਧਤ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨਾਲ ਵਰਚੂਅਲ ਬੈਠਕ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਬੈਠਕ ਤੋਂ ਬਾਅਦ ਹੀ ਕਾਂਗਰਸ ਪ੍ਰਧਾਨ ਵਲੋਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਕੋਈ ਫ਼ੈਸਲਾ ਸੁਣਾਇਆ ਜਾਣਾ ਹੈ।
… ਤਾਂ ਫੇਰ 20 ਨੂੰ ਪੰਜਾਬ ਕਾਂਗਰਸ ਦਾ ਕਲੇਸ਼ ਸੁਲਝ ਜਾਊ?

Comment here