ਅਪਰਾਧਖਬਰਾਂ

… ਤਾਂ ਕੀ ਪੰਜਾਬ ਅਪਰਾਧੀਆਂ ਦੇ ਕਬਜੇ ਹੇਠ ਹੈ?

ਪੰਜਾਬ ਚ ਆਏ ਦਿਨ ਹੁੰਦੇ ਕਤਲ ਕਨੂੰਨ ਵਿਵਸਥਾ ਨੂੰ ਸਵਾਲਾਂ ਚ ਘੇਰ ਰਹੇ ਨੇ

ਚੰਡੀਗੜ–ਹਾਲੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਸ਼ਰੇਆਮ ਹਮਲਾ ਕਰਕੇ ਗੈਂਗਸਟਰ ਰਾਣਾ ਕੰਧੋਵਾਲੀਆ ਦਾ ਕਤਲ ਕੀਤੇ ਜਾਣ ਦਾ ਮਾਮਲਾ ਮੱਠਾ ਨਹੀਂ ਸੀ ਪਿਆ ਸੀ ਮੋਹਾਲੀ ਵਿੱਚ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਤੇ ਹਾਲੇ ਵਿੱਕੀ ਦਾ ਸਿਵਾ ਠੰਡਾ ਨਹੀਂ ਸੀ ਹੋਇਆ ਕਿ ਗੁਰਦਾਸਪੁਰ ਤੇ ਨੂਰਮਹਿਲ ਚ ਨੌਜਵਾਨਾਂ ਦੇ ਕਤਲ ਹੋ ਗਏ । ਗੁਰਦਾਸਪੁਰ ਦੇ ਪਿੰਡ ਹਰਚੋਵਾਲ ਅਧੀਨ ਪੈਂਦੇ ਪਿੰਡ ਭਾਮ ਦੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ।ਮ੍ਰਿਤਕ ਦੀ ਪਛਾਣ ਗੁਰਪਿੰਦਰ ਸਿੰਘ ਪੁੱਤਰ ਬਾਬਾ ਸੁਖਜਿੰਦਰ ਸਿੰਘ ਵਾਸੀ ਭਾਮ ਜੋ ਕਿ ਚੱਢਾ ਸ਼ੂਗਰ ਮਿੱਲ ਕੀਡ਼ੀ ਅਫਗਾਨਾ ਵਿਖੇ ਨੌਕਰੀ ਕਰਦਾ ਸੀ।ਉਸ ਦੀ ਹਰਚੋਵਾਲ ਤੋਂ ਬਟਾਲਾ ਰੋਡ ਤੇ ਇਕ ਟਿਊਬਵੈੱਲ ਉਤੇ ਗੋਲੀਆਂ ਨਾਲ ਵਿੰਨ੍ਹੀ ਲਾਸ਼ ਮਿਲੀ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਗਲੇਰੀ ਜਾਂਚ ਵਿੱਚ ਲੱਗੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਦੀ ਪੁਰਾਣੀ ਰੰਜਿਸ਼ ਹੈ ਅਤੇ ਹੁਣ ਇਨ੍ਹਾਂ ਦਾ ਰਾਜੀਨਾਮਾ ਵੀ ਹੋਇਆ ਸੀ।ਪਰ ਹੁਣ ਫਿਰ ਝਗੜਾ ਹੋਇਆ ਹੈ, ਜਿਸ ਵਿਚ ਇਕ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਬਾਬਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਨੂੰ ਕੱਲ ਦੁਪਹਿਰ ਦੇ ਸਮੇਂ ਦੋ ਨੌਜਵਾਨ ਘਰੋਂ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਆਏ ਸਨ।ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਗੁਰਵਿੰਦਰ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ।  ਇਸ ਉਪਰੰਤ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ  ਗੁਰਪਿੰਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਹਰਚੋਵਾਲ ਦੇ ਕੁਝ ਮੁੰਡਿਆਂ ਨਾਲ ਉਸ ਦਾ ਝਗੜਾ ਚੱਲ ਰਿਹਾ ਸੀ।ਜਿਸ ਦਾ ਰਾਜ਼ੀਨਾਮਾ ਹੋ ਗਿਆ ਸੀ ਅਤੇ ਹੁਣ ਕੋਈ ਖਤਰੇ ਦੀ ਗੱਲ ਨਹੀਂ ਹੈ। ਪਰ ਅੱਜ ਉਸ ਦਾ ਕਤਲ ਹੋ ਗਿਆ ਹੈ।ਜਵਾਨ ਪੁੱਤਰ ਦੀ ਮੌਤ ਕਾਰਨ ਉਸ ਦਾ ਪੂਰਾ ਪਰਿਵਾਰ ਹੀ ਸਦਮੇ ਵਿੱਚ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਇਨ੍ਹਾਂ ਗੈਂਗਵਾਰਾਂ ਦੇ ਉਤੇ ਨਕੇਲ ਕਸੀ ਜਾਣੀ ਚਾਹੀਦੀ ਹੈ।ਆਏ ਦਿਨ ਹੀ ਪੰਜਾਬ ‘ਚ ਗੈਂਗਵਾਰ ਹੋ ਰਹੇ ਹਨ, ਇਨ੍ਹਾਂ ਗੈਂਗਵਾਰਾਂ ‘ਚ ਆਮ ਲੋਕਾਂ ਦਾ ਵੀ ਨੁਕਸਾਨ ਹੋ ਸਕਦਾ ਹੈ।

ਨੂਰਮਹਿਲ ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦਿਨ ਚੜ੍ਹਦੇ ਸਾਰ ਹੀ ਲੋਕਾਂ ਨੂੰ ਇਕ ਨੌਜਵਾਨ ਦੀ ਹੱਤਿਆ ਹੋਣ ਦੀ ਖ਼ਬਰ ਦਾ ਪਤਾ ਲੱਗਾ। ਜਾਣਕਾਰੀ ਮੁਤਾਬਕ ਤਕਰੀਬਨ 7 ਕੁ ਵਜੇ ਇਕ ਵਿਅਕਤੀ ਸਕੂਟਰੀ ‘ਤੇ ਸਵਾਰ ਹੋ ਕੇ ਆਇਆ ਤੇ ਉਸ ਨੇ ਨੂਰਮਹਿਲ ਮੁਹੱਲਾ ਖਟੀਕਾਂ ‘ਚ ਰਹਿ ਰਹੇ ਇਕ ਨੌਜਵਾਨ ਦੀ ਘਰ ‘ਚ ਵੜ ਕੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਰੋਹਿਤ ਪੁੱਤਰ ਲੁਭਾਇਆ ਰਾਮ ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ।

ਲਗਾਤਾਰ ਵਾਪਰ ਰਹੀਆਂ ਖੂਨੀ ਵਾਰਦਾਤਾਂ ਪੰਜਾਬ ਦੇ ਸਮੁੱਚੇ ਸੁਰੱਖਿਆ ਤੰਤਰ ਨੂੰ ਸਵਾਲਾਂ ਚ ਖੜੇ ਕਰ ਰਹੀਆਂ ਹਨ, ਪੁਲਸ ਪ੍ਰਸ਼ਾਸਨ ਤੇ ਸਰਕਾਰ ਵਲੋਂ ਇਸ ਬਾਰੇ ਕੁਝ ਵੀ ਖੁੱਲ ਕੇ ਨਹੀਂ ਕਿਹਾ ਜਾ ਰਿਹਾ।

Comment here